Amritsar: ਵਾਇਰਲ ਵੀਡੀਓ ਕਾਰਨ 30 ਸਾਲਾਂ ਬਾਅਦ ਪਰਿਵਾਰ ਨੂੰ ਮਿਲਿਆ ਵਿਛੜਿਆ ਪੁੱਤ
ਪਿੰਗਲਵਾੜਾ ਸੰਸਥਾ ਨੇ ਕਰਾਇਆ ਪਰਿਵਾਰ ਨਾਲ ਮੇਲ
ਪਿੰਗਲਵਾੜਾ ਸੰਸਥਾ ਨੇ ਇੱਕ 30 ਸਾਲਾਂ ਤੋਂ ਵਿਛੜੇ ਪੁੱਤ ਨੂੰ ਪਰਿਵਾਰ ਨਾਲ ਮਿਲਾਇਆ ਹੈ, ਜਿਸ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਸੰਤੋਸ਼ ਕੁਮਾਰ ਜਿਸ ਦੀ ਉਮਰ ਲਗਪਗ 60 ਸਾਲ ਹੈ, ਲਾਵਾਰਸ ਹਾਲਤ ਵਿੱਚ ਮਿਤੀ 2.10.2025 ਨੂੰ ਪਿੰਗਲਵਾੜਾ ਵਿੱਚ ਦਾਖਲ ਕੀਤਾ ਗਿਆ ਸੀ। ਉਸ ਵੇਲੇ ਮਰੀਜ਼ ਸਰੀਰਕ ਤੌਰ ’ਤੇ ਕਮਜ਼ੋਰ ਸੀ ਅਤੇ ਤੁਰਨ-ਫਿਰਨ ਵਿੱਚ ਅਸਮਰੱਥ ਸੀ। ਇਲਾਜ ਹੋਣ ਤੋਂ ਬਾਅਦ ਜਦੋਂ ਉਹ ਕੁਝ ਸਿਹਤਯਾਬ ਹੋਇਆ ਤਾਂ ਉਸ ਨੇ ਮੈਡੀਕਲ ਸੋਸ਼ਲ ਵਰਕਰ ਗੁਲਸ਼ਨ ਰੰਜਨ ਨੂੰ ਆਪਣੇ ਘਰ ਦਾ ਪਤਾ ਹਰੀਹਰਪੁਰ, ਜ਼ਿਲ੍ਹਾ ਦਰਭੰਗਾ (ਬਿਹਾਰ) ਦੱਸਿਆ।
ਇਸ ਸਬੰਧ ਵਿੱਚ ਸੁਭਾਸ਼ ਚੰਦਰ ਸੋਸ਼ਲ ਵਰਕਰ ਚੰਡੀਗੜ੍ਹ ਵੱਲੋਂ ਮਰੀਜ਼ ਦੇ ਪਿੰਡ ਵਿੱਚ ਸੰਪਰਕ ਕੀਤਾ ਗਿਆ। ਜਿਸ ਤੋਂ ਬਾਅਦ ਮਰੀਜ਼ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਸੰਤੋਸ਼ ਕੁਮਾਰ 1996 ਵਿੱਚ ਗੁਜਰਾਤ ਕੰਮ ਦੀ ਭਾਲ ਵਿੱਚ ਗਿਆ ਸੀ ਅਤੇ ਉਸ ਤੋਂ ਬਾਅਦ ਉਸ ਦਾ ਆਪਣੇ ਘਰ-ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋਇਆ। ਪਰਿਵਾਰ ਨੇ ਉਸ ਨੂੰ ਲੱਭਣ ਲਈ ਪੂਰੀ ਕੋਸ਼ਿਸ਼ ਕੀਤੀ ਪਰ ਕੋਈ ਪਤਾ ਨਾ ਲੱਗਣ ਕਾਰਨ ਆਖਿਰਕਾਰ ਉਮੀਦ ਛੱਡ ਦਿੱਤੀ ਸੀ।
ਅਚਾਨਕ ਕੁਝ ਦਿਨ ਪਹਿਲਾਂ ਜਦੋਂ ਸੰਸਥਾ ਵੱਲੋਂ ਭੇਜੀ ਗਈ ਵੀਡੀਓ ਘਰ ਦੇ ਇਕ ਮੈਂਬਰ ਦੇ ਮੋਬਾਇਲ ’ਤੇ ਸ਼ੇਅਰ ਹੋਈ ਤਾਂ ਨਾ ਸਿਰਫ਼ ਉਨਾਂ ਦੇ ਪਰਿਵਾਰ ਸਗੋਂ ਸਾਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸੰਤੋਸ਼ ਦੇ ਪਿਤਾ ਦੇ 6 ਭਰਾ ਸਨ, ਇਸ ਕਰਕੇ ਪਿੰਡ ਵਿੱਚ ਇਹ ਪਰਿਵਾਰ ਕਾਫ਼ੀ ਸਨਮਾਨਿਤ ਹੈ।
ਅੱਜ ਇਸ ਦੇ ਭਰਾ ਸੁਰਜੀਤ ਕੁਮਾਰ ਝਾਅ ਅਤੇ ਰਣਜੀਤ ਕੁਮਾਰ ਝਾਅ ਪਿੰਗਲਵਾੜਾ ਸੰਸਥਾ ਵਿੱਚ ਉਸ ਨੂੰ ਲੈਣ ਲਈ ਪਹੁੰਚੇ। ਲਗਪਗ 30 ਸਾਲ ਬਾਅਦ ਆਪਣੇ ਘਰ ਵਾਪਸ ਜਾਂਦੇ ਸਮੇਂ ਸੰਤੋਸ਼ ਕੁਮਾਰ ਅਤੇ ਉਸ ਦੇ ਪਰਿਵਾਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਇਹ ਪਲ ਬਹੁਤ ਹੀ ਭਾਵੁਕ ਅਤੇ ਯਾਦਗਾਰ ਬਣ ਗਿਆ।
ਇਸ ਮੌਕੇ ਸੰਸਥਾ ਵੱਲੋਂ ਮਰੀਜ਼ ਨੂੰ ਸਨਮਾਨ ਸਹਿਤ ਉਸ ਦੇ ਪਰਿਵਾਰ ਦੇ ਹਵਾਲੇ ਕੀਤਾ ਗਿਆ ਅਤੇ ਉਸ ਨੂੰ ਨਵੀਂ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਇਹ ਉਹਨਾਂ ਲਈ ਬਹੁਤ ਅਹਿਮ ਪਲ ਹੈ ਅਤੇ ਉਹ ਪਿੰਗਲਵਾੜਾ ਸੰਸਥਾ ਦੇ ਸਦਾ ਕਰਜ਼ਦਾਰ ਰਹਿਣਗੇ।
ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਮੀਤ ਪ੍ਰਧਾਨ ਡਾ. ਜਗਦੀਪ ਸਿੰਘ , ਮੁਖਤਾਰ ਸਿੰਘ ਗੁਰਾਇਆ ਆਨਰੇਰੀ ਸਕੱਤਰ, ਯੋਗੇਸ਼ ਸ਼ੁਰੀ ਮੁੱਖ ਪ੍ਰਸ਼ਾਸਕ, ਗੁਲਸ਼ਨ ਰੰਜਨ ਮੈਡੀਕਲ ਸੋਸ਼ਲ ਵਰਕਰ ਆਦਿ ਹਾਜ਼ਰ ਸਨ।
ਦੱਸਣਯੋਗ ਹੈ ਕਿ ਹੁਣ ਤੱਕ ਪਿੰਗਲਵਾੜਾ ਸੰਸਥਾ ਵੱਲੋਂ ਅਜੇ ਸੈਂਕੜੇ ਮਰੀਜ਼ਾਂ ਨੂੰ ਉਹਨਾਂ ਦੇ ਪਰਿਵਾਰਾਂ ਨਾਲ ਮਿਲਾਇਆ ਜਾ ਚੁੱਕਾ ਹੈ। ਭਗਤ ਪੂਰਨ ਸਿੰਘ ਵੱਲੋਂ ਸ਼ੁਰੂ ਕੀਤੀ ਇਹ ਸੰਸਥਾ ਹਮੇਸ਼ਾਂ ਦੀ ਤਰ੍ਹਾਂ ਲਾਵਾਰਸ, ਬੇਸਹਾਰਾ ਅਤੇ ਬਿਮਾਰ ਵਿਅਕਤੀਆਂ ਦੀ ਸੇਵਾ ਵਿੱਚ ਲੱਗੀ ਹੋਈ ਹੈ ਅਤੇ ਮਨੁੱਖਤਾ ਦੀ ਭਲਾਈ ਲਈ ਆਪਣੀ ਨਿਸ਼ਕਾਮ ਸੇਵਾ ਕਰ ਰਹੀ ਹੈ।

