Amritsar encounter Aman Got gang: ਅੰਮ੍ਰਿਤਸਰ ਦੇ ਖਲਚੀਆ ’ਚ ਪੁਲੀਸ ਮੁਕਾਬਲਾ: ਵਿਦੇਸ਼ ਬੈਠੇ ਗੈਂਗਸਟਰ ਅਮਨ ਗੋਤ ਦੇ 2 ਗੁਰਗੇ ਗ੍ਰਿਫ਼ਤਾਰ
ਤਿਮੋਵਾਲ ਨਹਿਰ ਕੋਲ ਪੁਲੀਸ ਪਾਰਟੀ ਤੇ ਚਲਾਈਆਂ ਗੋਲੀਆਂ, ਜਵਾਬੀ ਕਾਰਵਾਈ ’ਚ 1 ਤਸਕਰ ਜ਼ਖ਼ਮੀ
ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਖਲਚੀਆ ਇਲਾਕੇ ਵਿੱਚ ਤਿਮੋਵਾਲ ਨਹਿਰ ਦੇ ਸੂਏ ਕੋਲ ਮੰਗਲਵਾਰ ਦੁਪਹਿਰ ਪੁਲੀਸ ਅਤੇ ਅਪਰਾਧੀਆਂ ਵਿਚਕਾਰ ਇੱਕ ਸੰਖੇਪ ਮੁਕਾਬਲਾ ਹੋਇਆ। ਇਸ ਮੁਕਾਬਲੇ ਤੋਂ ਬਾਅਦ ਪੁਲੀਸ ਨੇ ਯੂਰਪ ਵਿੱਚ ਬੈਠੇ ਗੁਰਦਾਸਪੁਰ ਦੇ ਬਦਨਾਮ ਗੈਂਗਸਟਰ ਅਮਨ ਗੋਤ ਦੇ ਦੋ ਕਥਿਤ ਸਰਗਰਮ ਗੁਰਗਿਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਮੁਕਾਬਲੇ ਦੌਰਾਨ ਹੋਈ ਗੋਲੀਬਾਰੀ ਵਿੱਚ ਇੱਕ ਮੁਲਜ਼ਮ, ਜਿਸ ਦੀ ਪਛਾਣ ਹੀਰਾ ਵਜੋਂ ਹੋਈ ਹੈ, ਦੀ ਲੱਤ ਵਿੱਚ ਪੁਲੀਸ ਦੀ ਗੋਲੀ ਲੱਗੀ ਹੈ। ਉਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਦੋਂਕਿ ਉਸ ਦੇ ਦੂਜੇ ਸਾਥੀ ਲਵਜੀਤ ਨੂੰ ਪੁਲੀਸ ਨੇ ਮੌਕੇ 'ਤੇ ਹੀ ਹਿਰਾਸਤ ਵਿੱਚ ਲੈ ਲਿਆ।
ਪੁਲੀਸ ਪਾਰਟੀ ਤੇ ਚਲਾਈਆਂ 4 ਗੋਲੀਆਂ
ਪੁਲੀਸ ਮੁਤਾਬਕ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਮੁਲਜ਼ਮ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਇਲਾਕੇ ਵਿੱਚ ਘੁੰਮ ਰਹੇ ਹਨ। ਸੂਚਨਾ ਦੇ ਆਧਾਰ ’ਤੇ ਮੁਸਤੈਦੀ ਦਿਖਾਉਂਦੇ ਹੋਏ ਪੁਲੀਸ ਟੀਮਾਂ ਨੇ ਦੁਪਹਿਰ ਦੇ ਕਰੀਬ ਨਾਕਾਬੰਦੀ ਕਰਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੂੰ ਦੇਖ ਕੇ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲੀਸ ਪਾਰਟੀ 'ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ। ਮੁਲਜ਼ਮਾਂ ਵੱਲੋਂ ਲਗਭਗ ਚਾਰ ਰਾਊਂਡ ਫਾਇਰ ਕੀਤੇ ਗਏ। ਪੁਲੀਸ ਵੱਲੋਂ ਬਚਾਅ ਵਿੱਚ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਹੀਰਾ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਪੁਲੀਸ ਨੇ ਘੇਰਾਬੰਦੀ ਕਰਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਗਲੋਕ ਅਤੇ ਜ਼ਿਗਾਨਾ ਵਰਗੇ ਹਾਈਟੈਕ ਹਥਿਆਰ ਬਰਾਮਦ
ਤਲਾਸ਼ੀ ਦੌਰਾਨ ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ ਆਧੁਨਿਕ ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ ਇੱਕ 9mm ਗਲੋਕ (Glock) ਪਿਸਤੌਲ ਅਤੇ ਇੱਕ ਜ਼ਿਗਾਨਾ (Zigana) ਪਿਸਤੌਲ ਸ਼ਾਮਲ ਹੈ। ਇਸ ਦੇ ਨਾਲ ਹੀ ਭਾਰੀ ਮਾਤਰਾ ਵਿੱਚ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਖੇਤਰ ਵਿੱਚ ਗੈਂਗਸਟਰਾਂ ਅਤੇ ਉਨ੍ਹਾਂ ਦੇ ਨੈੱਟਵਰਕ ਨੂੰ ਤੋੜਨ ਲਈ ਪੁਲੀਸ ਇਸ ਬਰਾਮਦਗੀ ਨੂੰ ਇੱਕ ਵੱਡੀ ਕਾਮਯਾਬੀ ਵਜੋਂ ਦੇਖ ਰਹੀ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੀਨੀਅਰ ਪੁਲੀਸ ਕਪਤਾਨ (SSP) ਕੰਵਲਪ੍ਰੀਤ ਸਿੰਘ ਅਤੇ ਡੀ.ਐੱਸ.ਪੀ. (DSP) ਗੁਰਿੰਦਰਪਾਲ ਸਿੰਘ ਨਾਗਰਾ ਸਹਿਤ ਕਈ ਸੀਨੀਅਰ ਅਧਿਕਾਰੀਆਂ ਨੇ ਮੁਕਾਬਲੇ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਪੁਲੀਸ ਨੇ ਦੱਸਿਆ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰ ਅਮਨ ਗੋਤ ਖ਼ਿਲਾਫ਼ ਪਹਿਲਾਂ ਹੀ ਵੱਖ-ਵੱਖ ਸੰਗੀਨ ਜੁਰਮਾਂ ਦੇ 8 ਦੇ ਕਰੀਬ ਮਾਮਲੇ ਦਰਜ ਹਨ. ਉਹ ਬਾਹਰ ਬੈਠ ਕੇ ਖ਼ਾਸ ਕਰਕੇ ਮਜੀਠਾ ਖੇਤਰ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਜਬਰਨ ਵਸੂਲੀ (Extortion) ਦਾ ਰੈਕੇਟ ਚਲਾ ਰਿਹਾ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਦੀਆਂ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਇਸ ਖੇਤਰ ਵਿੱਚ ਕਿਹੜੇ-ਕਿਹੜੇ ਲੋਕਾਂ ਤੋਂ ਫ਼ਿਰੌਤੀ ਮੰਗਣ ਜਾਂ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ।
