Amritsar Deaddiction Raid: ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਖਿਲਾਫ ਕਾਰਵਾਈ; ਪੁਲੀਸ ਵੱਲੋਂ ਛੇ ਗ੍ਰਿਫ਼ਤਾਰ
43 ਜਣਿਆਂ ਨੂੰ ਸਰਕਾਰੀ ਡੀ-ਐਡਿਕਸ਼ਨ ਸੈਂਟਰ ਭੇਜਿਆ
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਅੰਨਗੜ੍ਹ ਖੇਤਰ ਵਿੱਚ ਗੈਰ ਕਾਨੂੰਨੀ ਢੰਗ ਨਾਲ ਖੋਲ੍ਹੇ ਗਏ ਇੱਕ ਨਸ਼ਾ ਛੁਡਾਊ ਕੇਂਦਰ ਖਿਲਾਫ ਕਾਰਵਾਈ ਕਰਦਿਆਂ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਅਣਅਧਿਕਾਰਤ ਕੇਂਦਰ ਵਿੱਚੋਂ 43 ਮਰੀਜ਼ਾਂ ਨੂੰ ਸੁਰੱਖਿਤ ਬਾਹਰ ਕਰਦਿਆਂ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਭੇਜਿਆ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਥਾਣਾ ਗੇਟ ਹਕੀਮਾਂ ਦੀ ਪੁਲੀਸ ਵੱਲੋਂ ਮਿਲੀ ਪੁਖਤਾ ਇਤਲਾਹ ਤੇ
ਕਾਰਵਾਈ ਕਰਦਿਆਂ ਇਸ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਨਸ਼ਾ ਛਡਾਊ ਕੇਂਦਰ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਕੁਲਦੀਪ ਸਿੰਘ ਉਰਫ਼ ਚੌਹਾਨ ਵਾਸੀ ਅੰਨਗੜ੍ਹ, ਸਿਮਰਨਜੀਤ ਸਿੰਘ ਵਾਸੀ ਪਿੰਡ ਪੋਰੇਸ਼ਾਹ, ਜ਼ਿਲ੍ਹਾ ਗੁਰਦਾਸਪੁਰ,
ਜਸਪਾਲ ਸਿੰਘ ਵਾਸੀ ਨੰਗਲੀ ਭੱਠਾ, ਫਤਿਹਗੜ੍ਹ ਚੂੜੀਆਂ ਰੋਡ, ਅੰਮ੍ਰਿਤਸਰ, ਅਮਨਦੀਪ ਸਿੰਘ ਵਾਸੀ ਗੁਰੂ ਰਾਮਦਾਸ ਨਗਰ, ਗਿਲਵਾਲੀ ਗੇਟ, ਅੰਮ੍ਰਿਤਸਰ, ਸ਼ਮਸ਼ੇਰ ਸਿੰਘ ਵਾਸੀ ਛਿੱਡਣ ਪਿੰਡ ਅਤੇ ਕਰਮਜੀਤ ਸਿੰਘ ਉਰਫ਼ ਬੌਬੀ ਵਾਸੀ ਅੰਨਗੜ੍ਹ ਵਜੋਂ ਹੋਈ ਹੈ।
ਉਹਨਾਂ ਦੱਸਿਆ ਕਿ ਇਸ ਸਬੰਧ ਵਿੱਚ ਪੁਲੀਸ ਅਤੇ ਸਿਹਤ ਵਿਭਾਗ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕੀਤੀ ਗਈ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਕੁਲਦੀਪ ਸਿੰਘ ਉਰਫ਼ ਚੌਹਾਨ ਅਤੇ ਉਸ ਦਾ ਲੜਕਾ ਲਵ ਵਾਸੀ ਅੰਨਗੜ੍ਹ ਨੇ ਆਪਣੇ ਘਰ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਨਸ਼ਾ ਛੁਡਾਊ ਕੇਂਦਰ ਚਲਾ ਰੱਖਿਆ ਹੈ। ਇਸ ਉਪਰੰਤ ਏ.ਐਸ.ਆਈ. ਗੁਰਪ੍ਰੀਤ ਸਿੰਘ ਨੇ ਪੁਲੀਸ ਪਾਰਟੀ ਅਤੇ ਸਿਹਤ ਵਿਭਾਗ ਦੀ ਟੀਮ ਨਾਲ ਤੁਰੰਤ ਰੇਡ ਕਰਕੇ ਮੌਕੇ ਤੋਂ 6 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੇ ਨਾਲ ਹੀ ਉੱਥੇ ਮੌਜੂਦ 43 ਵਿਅਕਤੀਆਂ ਨੂੰ ਸੁਰੱਖਿਅਤ ਰੈਸਕਿਊ ਕਰਕੇ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਸਵਾਮੀ ਵਿਵੇਕਾਨੰਦ ਡੀ-ਐਡਿਕਸ਼ਨ ਸੈਂਟਰ, ਅੰਮ੍ਰਿਤਸਰ ਵਿੱਚ ਦਾਖਲ ਕਰਵਾਇਆ ਗਿਆ।
ਉਹਨਾਂ ਦੱਸਿਆ ਕਿ ਇਸ ਗੈਰਕਾਨੂੰਨੀ ਨਸ਼ਾ ਛਡਾਊ ਕੇਂਦਰ ਵਿੱਚ ਕਰੀਬ 43 ਵਿਅਕਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਬੰਦ ਕਰਕੇ ਰੱਖਿਆ ਗਿਆ ਸੀ, ਜਿੱਥੇ ਉਹਨਾਂ ਦੀ ਮਾਰ ਕੁੱਟ ਵੀ ਕੀਤੀ ਜਾਂਦੀ ਸੀ। ਉਹਨਾਂ ਦੱਸਿਆ ਕਿ ਉੱਥੇ ਕਿਸੇ ਵੀ ਤਰ੍ਹਾਂ ਦੀ ਲੋੜੀਂਦੀ ਮੈਡੀਕਲ ਸਹੂਲਤ ਉਪਲਬਧ ਨਹੀਂ ਸੀ।
ਇਸ ਗੈਰ-ਕਾਨੂੰਨੀ ਗਤੀਵਿਧੀ ਵਿੱਚ ਸਿਮਰਨਜੀਤ ਸਿੰਘ, ਜਸਪਾਲ ਸਿੰਘ, ਅਮਨਦੀਪ ਸਿੰਘ, ਸ਼ਮਸ਼ੇਰ ਸਿੰਘ ਅਤੇ ਕਰਮਜੀਤ ਸਿੰਘ ਉਰਫ਼ ਬੌਬੀ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਤਨਖ਼ਾਹ 'ਤੇ ਰੱਖ ਕੇ ਕੇਂਦਰ ਚਲਾਇਆ ਜਾ ਰਿਹਾ ਸੀ।
ਇਸ ਸਬੰਧ ਵਿੱਚ ਚੌਕੀ ਅੰਨਗੜ੍ਹ ਵੱਲੋਂ ਅਧੀਨ ਧਾਰਾਵਾਂ 140(3), 318(4), 115(2), 127(2), 351(2), 191 ਅਤੇ 190 ਬੀ.ਐੱਨ.ਐੱਸ. ਤਹਿਤ ਥਾਣਾ ਗੇਟ ਹਕੀਮਾਂ ਵਿਖੇ ਮਾਮਲਾ ਦਰਜ ਕੀਤਾ ਗਿਆ।
ਪੁਲੀਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਇਸ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਨਾਲ ਸਬੰਧਤ ਹੋਰ ਤੱਥਾਂ ਦੀ ਜਾਂਚ ਜਾਰੀ ਹੈ।
ਪੁਲੀਸ ਅਧਿਕਾਰੀ ਨੇ ਆਖਿਆ ਕਿ ਅੰਮ੍ਰਿਤਸਰ ਪੁਲੀਸ ਵੱਲੋਂ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

