ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ 7 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਭਿੱਟੇਵੱਡ ਦਾ ਦੌਰਾ ਕੀਤਾ। ਸਾਰੇ ਸਕੂਲ ਦਾ ਜਾਇਜ਼ਾ ਲੈਣ ਅਤੇ ਬੱਚਿਆਂ ਨੂੰ ਮਿਲਣ ਉਪਰੰਤ ਉਨ੍ਹਾਂ ਪ੍ਰਿੰਸੀਪਲ, ਅਧਿਆਪਕਾਂ ਅਤੇ ਹੋਰ ਅਮਲੇ ਕੋਲੋਂ ਸਕੂਲ ਦੀ ਸਹੀ ਸਾਂਭ-ਸੰਭਾਲ, ਸਫਾਈ ਅਤੇ ਵਿੱਦਿਅਕ ਮਿਆਰ ਨੂੰ ਉਚਾ ਚੁੱਕਣ ਬਾਰੇ ਗਲਬਾਤ ਕੀਤੀ। ਮੁੱਖ ਮੰਤਰੀ ਜਮਾਤਾਂ ਵਿੱਚ ਵੀ ਗਏ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਕਈ ਵਿਸ਼ਿਆਂ ਸਬੰਧੀ ਬੱਚਿਆਂ ਤੋਂ ਸਵਾਲ ਪੁੱਛੇ, ਜਿਨ੍ਹਾਂ ਦੇ ਵਿਦਿਆਰਥੀਆਂ ਨੇ ਤਸੱਲੀਬਖਸ਼ ਜਵਾਬ ਦਿੱਤੇ। ਮੁੱਖ ਮੰਤਰੀ ਨੇ ਮਿਡ ਡੇਅ ਮੀਲ ਦੀ ਤਿਆਰੀ, ਰਸੋਈ ਅਤੇ ਭਾਂਡਿਆਂ ਦੀ ਸਾਫ ਸਫਾਈ ਵੀ ਵੇਖੀ। ਉਨ੍ਹਾਂ ਭੋਜਨ ਤਿਆਰ ਕਰਨ ਸਮੇਂ ਅਪਣਾਏ ਜਾ ਰਹੇ ਮਾਪਦੰਡਾਂ ‘ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਸਟਾਫ਼ ਦੀ ਹਾਜ਼ਰੀ ਵੀ ਚੈਕ ਕੀਤੀ ਅਤੇ ਸਮੂਹ ਸਟਾਫ਼ ਹਾਜ਼ਰ ਪਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਨੇ ਵਿਦਿਆਰਥੀਆਂ ਨਾਲ ਰਾਸ਼ਟਰੀ ਗੀਤ ਦੇ ਗਾਇਨ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕੀਤਾ।