Amritsar airport: ਅੰਮ੍ਰਿਤਸਰ ਤੋਂ Dubai ਲਈ ਉਡਾਣਾਂ ਮੁੜ ਸ਼ੁਰੂ
Amritsar-Dubai Flight: ਇੰਡੀਗੋ ਵੀ ਸ਼ਾਰਜਾਹ ਲਈ 20 ਮਈ ਤੋਂ ਸ਼ੁਰੂ ਕਰੇਗੀ ਉਡਾਣ
Amritsar – Sharjah Flight: ਏਅਰ ਇੰਡੀਆ ਐਕਸਪ੍ਰੈਸ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਅਤੇ ਸੰਯੁਕਤ ਅਰਬ ਅਮੀਰਾਤ (UAE) ਵਿਚਕਾਰ ਆਪਣੀਆਂ ਸਿੱਧੀਆਂ ਉਡਾਣਾਂ ਮੁੜ ਬਹਾਲ ਕਰ ਦਿੱਤੀਆਂ ਹਨ। ਐਵੀਏਸ਼ਨ ਕੰਪਨੀ ਨੇ 16 ਮਈ ਤੋਂ ਅੰਮ੍ਰਿਤਸਰ-ਦੁਬਈ ਦੀ ਰੋਜ਼ਾਨਾ ਉਡਾਣ ਅਧਿਕਾਰਤ ਤੌਰ 'ਤੇ ਦੁਬਾਰਾ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਕੰਪਨੀ ਦੀ ਵੈੱਬਸਾਈਟ 'ਤੇ ਬੁਕਿੰਗ ਦੀ ਉਪਲਬਧਤਾ ਅਨੁਸਾਰ ਇੰਡੀਗੋ ਏਅਰਲਾਈਨਜ਼ ਵੀ 20 ਮਈ ਤੋਂ ਅੰਮ੍ਰਿਤਸਰ ਤੋਂ ਸ਼ਾਰਜਾਹ ਲਈ ਆਪਣੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ।
ਏਅਰ ਇੰਡੀਆ ਐਕਸਪ੍ਰੈਸ ਦੀ ਰੋਜ਼ਾਨਾ ਉਡਾਣ ਅੰਮ੍ਰਿਤਸਰ ਤੋਂ ਸਵੇਰੇ 2:20 ਵਜੇ ਰਵਾਨਾ ਹੁੰਦੀ ਹੈ ਅਤੇ ਸਵੇਰੇ 4:55 ਵਜੇ ਦੁਬਈ ਪਹੁੰਚਦੀ ਹੈ, ਜਦੋਂ ਕਿ ਵਾਪਸੀ ਦੀ ਉਡਾਣ ਦੁਬਈ ਤੋਂ ਸਵੇਰੇ 5:55 ਵਜੇ ਚੱਲ ਕੇ ਸਵੇਰੇ 11:40 ਵਜੇ ਅੰਮ੍ਰਿਤਸਰ ਉਤਰਦੀ ਹੈ। ਸ਼ਾਰਜਾਹ ਲਈ ਇੰਡੀਗੋ ਦੀ ਉਡਾਣ ਦੁਪਹਿਰ 12:15 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਦੁਪਹਿਰ 2:40 ਵਜੇ ਪਹੁੰਚੇਗੀ, ਜਦੋਂ ਕਿ ਏਅਰ ਇੰਡੀਆ ਐਕਸਪ੍ਰੈਸ ਦੁਪਹਿਰ 1:15 ਵਜੇ ਚੱਲ ਕੇ ਸ਼ਾਮ 4:05 ਵਜੇ ਸ਼ਾਰਜਾਹ ਪਹੁੰਚਦੀ ਹੈ। ਸ਼ਾਰਜਾਹ ਤੋਂ ਵਾਪਸੀ ਦੀਆਂ ਦੋਵੇਂ ਉਡਾਣਾਂ ਸ਼ਾਮ 5:05 ਵਜੇ ਰਵਾਨਾ ਹੁੰਦੀਆਂ ਹਨ ਅਤੇ ਕ੍ਰਮਵਾਰ ਰਾਤ 10:45 ਅਤੇ 10:30 ਵਜੇ ਅੰਮ੍ਰਿਤਸਰ ਪਹੁੰਚਦੀਆਂ ਹਨ।
ਮੱਧ ਪੂਰਬ ਦੇ ਤਣਾਅ ਤੋਂ ਬਾਅਦ ਉਡਾਣਾਂ ਬਹਾਲ: ਹਵਾਈ ਯਾਤਰੀਆਂ ਵਿੱਚ ਖੁਸ਼ੀ ਦੀ ਲਹਿਰ
ਇਲਾਕਾ ਨਿਵਾਸੀਆਂ ਅਤੇ ਹਵਾਈ ਸੇਵਾਵਾਂ ਲਈ ਕੰਮ ਕਰਨ ਵਾਲੇ ਕਾਰਕੁਨਾਂ ਨੇ ਅੰਮ੍ਰਿਤਸਰ ਅਤੇ ਯੂ.ਏ.ਈ. ਵਿਚਕਾਰ ਸਿੱਧੀਆਂ ਉਡਾਣਾਂ ਦੀ ਹੌਲੀ-ਹੌਲੀ ਬਹਾਲੀ ਦਾ ਸਵਾਗਤ ਕੀਤਾ ਹੈ। ਪਿਛਲੇ ਦਿਨੀਂ ਇਰਾਨ ਅਤੇ ਇਜ਼ਰਾਈਲ ਵਿਚਕਾਰ ਵਧੇ ਤਣਾਅ ਅਤੇ ਮੱਧ ਪੂਰਬ ਵਿੱਚ ਅਸਮਾਨੀ ਰਸਤੇ (ਏਅਰਸਪੇਸ) ਦੇ ਅਸਥਾਈ ਤੌਰ 'ਤੇ ਬੰਦ ਹੋਣ ਕਾਰਨ ਇਨ੍ਹਾਂ ਉਡਾਣਾਂ ਵਿੱਚ ਵਿਘਨ ਪਿਆ ਸੀ। 'ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ' ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਖੇਤਰੀ ਹਵਾਈ ਖੇਤਰ ਦੇ ਸਥਿਰ ਹੋਣ ਨਾਲ ਅੰਤਰਰਾਸ਼ਟਰੀ ਏਅਰਲਾਈਨਾਂ ਆਪਣੇ ਆਮ ਸ਼ਡਿਊਲ ਨੂੰ ਮੁੜ ਲਾਗੂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਯਾਤਰੀਆਂ, ਪ੍ਰਵਾਸੀ ਭਾਰਤੀਆਂ, ਮਜ਼ਦੂਰਾਂ ਅਤੇ ਸੈਲਾਨੀਆਂ ਲਈ ਇੱਕ ਬਹੁਤ ਹੀ ਅਹਿਮ ਰੂਟ ਹੈ ਅਤੇ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੀ ਸਥਿਰਤਾ ਦੀ ਉਮੀਦ ਕਰਦੇ ਹਨ।
ਸਪਾਈਸਜੈੱਟ ਦੀਆਂ ਸੇਵਾਵਾਂ ਹਾਲੇ ਵੀ ਠੱਪ: ਇੰਡੀਗੋ ਨੂੰ ਨਵੀਆਂ ਉਡਾਣਾਂ ਸ਼ੁਰੂ ਕਰਨ ਦੀ ਅਪੀਲ
ਸਮੀਪ ਸਿੰਘ ਗੁਮਟਾਲਾ ਨੇ ਇਹ ਵੀ ਦੱਸਿਆ ਕਿ ਸਪਾਈਸਜੈੱਟ ਵੱਲੋਂ ਪਹਿਲਾਂ ਚਲਾਈਆਂ ਜਾਣ ਵਾਲੀਆਂ ਦੁਬਈ ਲਈ ਉਡਾਣਾਂ ਅਜੇ ਵੀ ਅਗਸਤ ਮਹੀਨੇ ਤੱਕ ਏਅਰਲਾਈਨ ਦੀ ਵੈੱਬਸਾਈਟ 'ਤੇ ਬੁਕਿੰਗ ਲਈ ਉਪਲਬਧ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਰੀ ਮੰਗ ਕਾਰਨ ਰਵਾਇਤੀ ਤੌਰ 'ਤੇ ਅੰਮ੍ਰਿਤਸਰ ਤੋਂ ਦੁਬਈ ਅਤੇ ਸ਼ਾਰਜਾਹ ਲਈ ਰੋਜ਼ਾਨਾ ਦੋ-ਦੋ ਉਡਾਣਾਂ ਚੱਲਦੀਆਂ ਸਨ। ਉਨ੍ਹਾਂ ਮੰਗ ਕੀਤੀ ਕਿ ਜੇਕਰ ਸਪਾਈਸਜੈੱਟ ਜਲਦੀ ਹੀ ਇਸ ਰੂਟ ਨੂੰ ਮੁੜ ਸ਼ੁਰੂ ਕਰਨ ਦੇ ਸਮਰੱਥ ਨਹੀਂ ਹੈ, ਤਾਂ ਉਹ ਇੰਡੀਗੋ ਜਾਂ ਹੋਰ ਭਾਰਤੀ ਏਅਰਲਾਈਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਇਸ ਘਾਟ ਨੂੰ ਪੂਰਾ ਕਰਨ ਲਈ ਅੰਮ੍ਰਿਤਸਰ ਤੋਂ ਦੁਬਈ ਦੀਆਂ ਨਵੀਆਂ ਉਡਾਣਾਂ ਸ਼ੁਰੂ ਕਰਨ ਤਾਂ ਕਿ ਮੁਸਾਫ਼ਰਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

