Amritpal Singh Party: ਅਕਾਲੀ ਦਲ ’ਵਾਰਿਸ ਪੰਜਾਬ ਦੇ’ ਵੱਲੋਂ 5-ਮੈਂਬਰੀ ਪਾਰਲੀਮੈਂਟਰੀ ਬੋਰਡ ਦਾ ਗਠਨ
ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਚੋਣਾਂ ਲਈ ਉਮੀਦਵਾਰਾਂ ਦੀ ਪਾਰਦਰਸ਼ੀ ਚੋਣ ਲਈ ਲਿਆ ਫ਼ੈਸਲਾ; ਕਬਲ ਸਿੰਘ ਬਣੇ ਕੋਆਰਡੀਨੇਟਰ
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੇ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਪਾਰਦਰਸ਼ੀ ਢੰਗ ਨਾਲ ਚੋਣ ਯਕੀਨੀ ਬਣਾਉਣ ਦੇ ਮਕਸਦ ਨਾਲ ਇੱਕ ਪੰਜ-ਮੈਂਬਰੀ ਪਾਰਲੀਮੈਂਟਰੀ ਬੋਰਡ ਦਾ ਗਠਨ ਕੀਤਾ ਹੈ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਨੇ ਦੱਸਿਆ ਕਿ ਕਬਲ ਸਿੰਘ ਨੂੰ ਪਾਰਲੀਮੈਂਟਰੀ ਬੋਰਡ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਅਗਵਾਨ, ਬਾਬੂ ਸਿੰਘ ਬਰਾਰ, ਸੁਖਪ੍ਰੀਤ ਸਿੰਘ ਉਡੋਕੇ ਅਤੇ ਪਰਗਟ ਸਿੰਘ ਨੂੰ ਬੋਰਡ ਦੇ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।
ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਨੁਸਾਰ ਇਹ ਬੋਰਡ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਪ੍ਰਾਪਤ ਸਿਫ਼ਾਰਸ਼ਾਂ ਦੀ ਜਾਂਚ ਕਰੇਗਾ। ਦਾਅਵੇਦਾਰਾਂ ਦਾ ਮੁਲਾਂਕਣ ਪੰਥ ਅਤੇ ਪੰਜਾਬ ਲਈ ਕੀਤੀਆਂ ਸੇਵਾਵਾਂ, ਜਥੇਬੰਦਕ ਅਨੁਸ਼ਾਸਨ, ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਲੋਕਾਂ ਵਿੱਚ ਉਨ੍ਹਾਂ ਦੀ ਸਵੀਕਾਰਤਾ ਦੇ ਆਧਾਰ ’ਤੇ ਕੀਤਾ ਜਾਵੇਗਾ, ਜਿਸ ਤੋਂ ਬਾਅਦ ਹੀ ਢੁਕਵੇਂ ਉਮੀਦਵਾਰਾਂ ਦੀਆਂ ਸਿਫ਼ਾਰਸ਼ਾਂ ਪਾਰਟੀ ਦੀ ਹਾਈਕਮਾਂਡ ਨੂੰ ਅੰਤਿਮ ਮਨਜ਼ੂਰੀ ਲਈ ਭੇਜੀਆਂ ਜਾਣਗੀਆਂ।
ਪਾਰਟੀ ਲੀਡਰਸ਼ਿਪ ਨੇ ਆਖਿਆ ਕਿ ਇਸ ਕਦਮ ਦਾ ਮੁੱਖ ਉਦੇਸ਼ ਉਮੀਦਵਾਰਾਂ ਦੀ ਚੋਣ ਵਿੱਚ ਪਾਰਦਰਸ਼ਤਾ, ਯੋਗਤਾ ਅਤੇ ਨਿਰਪੱਖਤਾ ਬਣਾਈ ਰੱਖਣਾ ਹੈ। ਇਸ ਦੇ ਨਾਲ ਹੀ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤੀ ਪ੍ਰਦਾਨ ਕਰਦਿਆਂ ਸਮਰਪਿਤ ਵਰਕਰਾਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਵਫ਼ਾਦਾਰੀ ਦੇ ਆਧਾਰ ’ਤੇ ਅੱਗੇ ਲਿਆਂਦਾ ਜਾਵੇਗਾ। ਪਾਰਟੀ ਨੇ ਉਮੀਦ ਪ੍ਰਗਟਾਈ ਕਿ ਇਹ ਨਵਾਂ ਬੋਰਡ ਪਾਰਟੀ ਸਿਧਾਂਤਾਂ ਅਨੁਸਾਰ ਆਪਣੀਆਂ ਜ਼ਿੰਮੇਵਾਰੀਆਂ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਨਿਭਾਏਗਾ।

