Amarjeet Chawla case: ਸ਼ਿਕਾਇਤਕਰਤਾ ਬਹਿਰੀਨ ਵਾਲੀ ਬੀਬੀ ਸਮੇਤ ਸਿੱਟ ਅਧਿਕਾਰੀ ਜਾਂਚ ਲਈ ਆਨੰਦਪੁਰ ਸਾਹਿਬ ਪੁੱਜੇ
Amarjeet Chawla case: ਤਖ਼ਤ ਸਾਹਿਬ ਦੀਆਂ ਤਿੰਨ ਸਰਾਵਾਂ ਦਾ ਲਿਆ ਜਾਇਜ਼ਾ
Advertisement
ਅਮਰਜੀਤ ਸਿੰਘ ਚਾਵਲਾ ਨਾਲ ਸਬੰਧਤ ਚਰਚਿਤ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਅੱਜ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਐੱਸ ਐੱਸ ਪੀ ਫਰੀਦਕੋਟ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਪੁੱਜੀ ਟੀਮ ਨੇ ਤਖ਼ਤ ਸਾਹਿਬ ਦੀਆਂ ਉਨ੍ਹਾਂ ਤਿੰਨ ਸਰਾਵਾਂ ਦਾ ਨਿਰੀਖਣ ਕੀਤਾ, ਜਿਨ੍ਹਾਂ ਦਾ ਜ਼ਿਕਰ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਕੀਤਾ ਹੈ। ਇਸ ਮੌਕੇ ਬਹਿਰੀਨ ਵਾਸੀ ਸ਼ਿਕਾਇਤਕਰਤਾ ਵੀ ਟੀਮ ਦੇ ਨਾਲ ਮੌਜੂਦ ਰਹੀ।
ਤਿੰਨ ਮੈਂਬਰੀ ਸਿੱਟ ਵਿੱਚ ਐੱਸ ਐੱਸ ਪੀ ਫਰੀਦਕੋਟ ਗੁਰਬੰਸ ਸਿੰਘ ਬੈਂਸ ਤੋਂ ਇਲਾਵਾ ਵਿਜੀਲੈਂਸ ਬਿਊਰੋ, ਮੁਹਾਲੀ ਨਾਲ ਸਬੰਧਤ ਸਿਮਰਨਜੀਤ ਸਿੰਘ ਲੰਗ ਅਤੇ ਡੀ ਐੱਸ ਪੀ ਕਰਨ ਸੰਧੂ ਸ਼ਾਮਲ ਹਨ। ਇਹ ਜਾਂਚ ਥਾਣਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਦਰਜ ਮੁਕੱਦਮਾ ਨੰਬਰ 149 ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਟ ਮੁਖੀ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਸਥਾਨਕ ਪੁਲੀਸ ਤੋਂ ਕੇਸ ਦਾ ਰਿਕਾਰਡ ਹਾਸਲ ਕਰਨ ਮਗਰੋਂ ਨਿਯਮਾਂ ਅਨੁਸਾਰ ਜਾਂਚ ਸ਼ੁਰੂ ਕੀਤੀ ਗਈ ਹੈ। ਟੀਮ ਵੱਲੋਂ ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰਨ ਉਪਰੰਤ ਘਟਨਾ ਨਾਲ ਸਬੰਧਤ ਥਾਵਾਂ ਦਾ ਜਾਇਜ਼ਾ ਵੀ ਲਿਆ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਰਿਕਾਰਡ ਲੈਣ ਸਬੰਧੀ ਉਨ੍ਹਾਂ ਕਿਹਾ ਕਿ ਸਥਾਨਕ ਪ੍ਰਬੰਧਕਾਂ ਅਨੁਸਾਰ ਸਬੰਧਤ ਰਿਕਾਰਡ ਮੁੱਖ ਦਫ਼ਤਰ ਵਿੱਚ ਜਮ੍ਹਾਂ ਹੈ, ਜਿਸ ਨੂੰ ਹਾਸਲ ਕਰਨ ਲਈ ਤਾਲਮੇਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਾਂਚ ਨਿਰਪੱਖ ਢੰਗ ਨਾਲ ਸਬੂਤਾਂ ਦੇ ਆਧਾਰ ’ਤੇ ਕੀਤੀ ਜਾਵੇਗੀ ਅਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਟ ਦਾ ਮੁੱਖ ਮਕਸਦ ਸਹੀ ਜਾਂਚ ਕਰਨਾਂ ਹੈ ਤਾਂ ਜੋ ਕਿਸੇ ਨਾਲ ਵੀ ਕੋਈ ਵਧੀਕੀ ਨਾ ਹੋਵੇ । ਇਸ ਮੌਕੇ ਸ੍ਰੀ ਆਨੰਦਪੁਰ ਸਾਹਿਬ ਦੇ ਡੀ ਐੱਸ ਪੀ ਜਸ਼ਨਦੀਪ ਸਿੰਘ ਮਾਨ, ਥਾਣਾ ਮੁਖੀ ਜਤਿਨ ਕੁਮਾਰ ਅਤੇ ਥਾਣਾ ਮੁਖੀ ਰਾਹੁਲ ਸ਼ਰਮਾ ਵੀ ਮੌਜੂਦ ਸਨ।
Advertisement
Advertisement
Advertisement
×

