ਅਕਸ਼ੈ ਤ੍ਰਿਤੀਆ: ਸੋਨਾ ਆਸਮਾਨ ’ਤੇ, ਗਾਹਕਾਂ ਦੀ ਭੀੜ ਬਾਜ਼ਾਰ ’ਚ
ਅੰਮ੍ਰਿਤਸਰ ’ਚ ਸੋਨੇ ਦੀ ਖ਼ਰੀਦਦਾਰੀ ’ਚ ਤਿੰਨ ਗੁਣਾ ਵਾਧਾ; ‘ਸ਼ਗਨ’ ਵਜੋਂ ਸਿੱਕਿਆਂ ਅਤੇ ਹਲਕੇ ਗਹਿਣਿਆਂ ਦੀ ਰਹੀ ਭਾਰੀ ਮੰਗ
ਅਕਸ਼ੈ ਤ੍ਰਿਤੀਆ ਦੇ ਸ਼ੁਭ ਦਿਹਾੜੇ ’ਤੇ ਅੱਜ ਅੰਮ੍ਰਿਤਸਰ ਦੇ ਬਾਜ਼ਾਰਾਂ ਵਿੱਚ ਭਾਰੀ ਰੌਣਕ ਦੇਖਣ ਨੂੰ ਮਿਲੀ। ਸੋਨੇ ਦੀਆਂ ਕੀਮਤਾਂ ਰਿਕਾਰਡ ਪੱਧਰ ’ਤੇ ਹੋਣ ਦੇ ਬਾਵਜੂਦ ਲੋਕਾਂ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਆਈ ਅਤੇ ਸੁਨਿਆਰਿਆਂ ਨੇ ਆਮ ਦਿਨਾਂ ਦੇ ਮੁਕਾਬਲੇ ਵਿਕਰੀ ਵਿੱਚ ਤਿੰਨ ਗੁਣਾ ਵਾਧਾ ਦਰਜ ਕੀਤਾ। ਗੁਰੂ ਬਾਜ਼ਾਰ ਸਮੇਤ ਸ਼ਹਿਰ ਦੇ ਹੋਰ ਪ੍ਰਮੁੱਖ ਬਾਜ਼ਾਰਾਂ ਵਿੱਚ ਸਵੇਰ ਤੋਂ ਹੀ ਗਾਹਕਾਂ ਦੀਆਂ ਲੰਬੀਆਂ ਕਤਾਰਾਂ ਨਜ਼ਰ ਆਈਆਂ।
ਖੁਰਾਣਾ ਜਿਊਲਰਜ਼ ਦੇ ਪੰਕਜ ਖੁਰਾਣਾ ਨੇ ਦੱਸਿਆ ਕਿ ਅੱਜ ਸੋਨੇ ਦੀ ਕੀਮਤ ਕਰੀਬ 15,700 ਰੁਪਏ ਪ੍ਰਤੀ ਗ੍ਰਾਮ ਤੱਕ ਪਹੁੰਚ ਗਈ ਸੀ, ਪਰ ਫਿਰ ਵੀ ਲੋਕਾਂ ਨੇ ਸ਼ਗਨ ਵਜੋਂ ਖ਼ਰੀਦਦਾਰੀ ਨੂੰ ਤਰਜੀਹ ਦਿੱਤੀ। ਉਨ੍ਹਾਂ ਕਿਹਾ, “ ਅੱਜ ਵਿਕਰੀ ਆਮ ਨਾਲੋਂ ਤਿੰਨ ਗੁਣਾ ਜ਼ਿਆਦਾ ਰਹੀ। ਭਾਵੇਂ ਕੀਮਤਾਂ ਜ਼ਿਆਦਾ ਹਨ, ਪਰ ਲੋਕਾਂ ਦੀ ਆਸਥਾ ਅਤੇ ਤਿਉਹਾਰ ਦਾ ਜਜ਼ਬਾ ਕੀਮਤ ’ਤੇ ਭਾਰੀ ਪਿਆ।” ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ ਗਾਹਕਾਂ ਨੇ ਹੀਰੇ ਦੇ ਗਹਿਣਿਆਂ ਵਿੱਚ ਵੀ ਕਾਫ਼ੀ ਦਿਲਚਸਪੀ ਦਿਖਾਈ।
ਵਧਦੀਆਂ ਕੀਮਤਾਂ ਕਾਰਨ ਗਾਹਕਾਂ ਦੇ ਖ਼ਰੀਦਣ ਦੇ ਤਰੀਕੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਹੈ। ਭਾਰੀ ਗਹਿਣਿਆਂ ਦੀ ਬਜਾਏ ਲੋਕਾਂ ਨੇ ਸੋਨੇ ਦੇ ਸਿੱਕੇ, ਛੋਟੀਆਂ ਬਿਸਕੁਟੀਆਂ (bars) ਅਤੇ ਹਲਕੇ ਭਾਰ ਵਾਲੇ ਗਹਿਣਿਆਂ ਨੂੰ ਪਹਿਲ ਦਿੱਤੀ। ਰਣਜੀਤ ਐਵੇਨਿਊ ਦੇ ਵਸਨੀਕ ਰਾਜੇਸ਼ ਸ਼ਰਮਾ ਨੇ ਕਿਹਾ, “ ਅੱਜ ਦੇ ਦਿਨ ਸੋਨਾ ਖ਼ਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਕੀਮਤਾਂ ਜ਼ਿਆਦਾ ਹੋਣ ਕਾਰਨ ਅਸੀਂ ਸਿਰਫ਼ ਇੱਕ ਛੋਟਾ ਸਿੱਕਾ ਖ਼ਰੀਦਿਆ ਹੈ, ਪਰ ਅਸੀਂ ਆਪਣੀ ਰੀਤ ਨਹੀਂ ਛੱਡੀ।” ਇੱਕ ਹੋਰ ਗਾਹਕ ਸਿਮਰਨ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਵਾਰ ਭਾਰੀ ਸੈੱਟ ਦੀ ਬਜਾਏ ਇੱਕ ਹਲਕੀ ਚੇਨ ਦੀ ਚੋਣ ਕੀਤੀ ਹੈ। ਗੁਰੂ ਬਾਜ਼ਾਰ ਦੇ ਜਿਊਲਰਾਂ ਨੇ ਗਾਹਕਾਂ ਨੂੰ ਖਿੱਚਣ ਲਈ ਮੇਕਿੰਗ ਚਾਰਜਿਸ ’ਤੇ ਛੋਟ ਅਤੇ ਹੋਰ ਕਈ ਤਰ੍ਹਾਂ ਦੀਆਂ ਸਕੀਮਾਂ ਪੇਸ਼ ਕੀਤੀਆਂ ਸਨ। ਮਾਹਿਰਾਂ ਅਨੁਸਾਰ, ਇਸ ਵਾਰ ਪੁਰਾਣਾ ਸੋਨਾ ਬਦਲ ਕੇ ਨਵਾਂ ਲੈਣ ਅਤੇ ਐਡਵਾਂਸ ਬੁਕਿੰਗ ਕਰਵਾਉਣ ਦੇ ਰੁਝਾਨ ਵਿੱਚ ਵੀ ਵਾਧਾ ਹੋਇਆ ਹੈ। ਅੰਮ੍ਰਿਤਸਰ ਦੇ ਬਾਜ਼ਾਰਾਂ ਨੇ ਸਾਬਤ ਕਰ ਦਿੱਤਾ ਹੈ ਕਿ ਅਕਸ਼ੈ ਤ੍ਰਿਤੀਆ ਵਰਗੇ ਮੌਕਿਆਂ ’ਤੇ ਪਰੰਪਰਾਵਾਂ ਕੀਮਤਾਂ ਤੋਂ ਕਿਤੇ ਉੱਪਰ ਹੁੰਦੀਆਂ ਹਨ।

