ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ‘ਵਾਰਿਸ ਪੰਜਾਬ ਦੇ’ ਨੂੰ ਗਠਜੋੜ ਦੀ ਨਵੀਂ ਪੇਸ਼ਕਸ਼
ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸਿਆਸੀ ਗਠਜੋੜ ਲਈ ਯਤਨ ਤੇਜ਼।
2027 ਵਿੱਚ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਇੱਕ ਵਾਰ ਮੁੜ 'ਅਕਾਲੀ ਦਲ ਵਾਰਿਸ ਪੰਜਾਬ ਦੇ' ਜਥੇਬੰਦੀ ਨੂੰ ਆਪਸੀ ਗਠਜੋੜ ਵਾਸਤੇ ਪੇਸ਼ਕਸ਼ ਕੀਤੀ ਹੈ। ਇਸ ਤੋਂ ਪਹਿਲਾਂ ਵੀ ਦੋਵਾਂ ਜਥੇਬੰਦੀਆਂ ਵਿਚਾਲੇ ਆਪਸੀ ਗਠਜੋੜ ਵਾਸਤੇ ਇੱਕ ਕਮੇਟੀ ਬਣੀ ਸੀ, ਪਰ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ ਸੀ।
ਫਤਹਿਗੜ੍ਹ ਸਾਹਿਬ ਰੈਲੀ ਵਿੱਚ ਸਾਹਮਣੇ ਆਇਆ ਨਵਾਂ ਫਾਰਮੂਲਾ
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਨੇੜਲੇ ਸੂਤਰਾਂ ਮੁਤਾਬਕ ਇਹ ਪੇਸ਼ਕਸ਼ ਪਾਰਟੀ ਪ੍ਰਧਾਨ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੀਤੇ ਦਿਨ ਫਤਹਿਗੜ੍ਹ ਸਾਹਿਬ ਵਿਖੇ ਕੀਤੀ ਗਈ ਇੱਕ ਰੈਲੀ ਦੌਰਾਨ ਕੀਤੀ ਗਈ ਸੀ। ਇਸ ਰੈਲੀ ਵਿੱਚ ਪੁਨਰ ਸੁਰਜੀਤ ਜਥੇਬੰਦੀ ਨਾਲ ਸਬੰਧਿਤ ਹੋਰ ਵੀ ਕਈ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਸੀ। ਇਸ ਮੌਕੇ ਸਾਬਕਾ ਜਥੇਦਾਰ ਵੱਲੋਂ ਸੰਬੋਧਨ ਕਰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਗਠਜੋੜ ਲਈ ਇੱਕ ਨਵਾਂ ਫਾਰਮੂਲਾ ਦਿੱਤਾ ਗਿਆ।
ਇਸ ਫਾਰਮੂਲੇ ਵਿੱਚ 40 ਸੀਟਾਂ 'ਵਾਰਿਸ ਪੰਜਾਬ ਦੇ' ਜਥੇਬੰਦੀ ਨੂੰ ਅਤੇ 40 ਸੀਟਾਂ ਪੁਨਰ ਸੁਰਜੀਤ ਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਕੋਲ ਰਹਿਣਗੀਆਂ, ਜਦੋਂ ਕਿ 35 ਸੀਟਾਂ ਸ਼ਹੀਦ ਪਰਿਵਾਰਾਂ ਨੂੰ ਚੋਣ ਲੜਨ ਵਾਸਤੇ ਦੇਣ ਲਈ ਰੱਖੀਆਂ ਜਾਣਗੀਆਂ। ਇਸ ਫਾਰਮੂਲੇ ਤਹਿਤ ਇਹ ਵੀ ਪੇਸ਼ਕਸ਼ ਕੀਤੀ ਗਈ ਸੀ ਕਿ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਜਾਵੇ, ਜਿਸ ਵਿੱਚ ਤਿੰਨ ਮੈਂਬਰ 'ਵਾਰਿਸ ਪੰਜਾਬ ਦੇ' ਅਤੇ ਤਿੰਨ ਮੈਂਬਰ 'ਪੁਨਰ ਸੁਰਜੀਤ' ਜਥੇਬੰਦੀ ਦੇ ਹੋਣਗੇ ਅਤੇ ਇੱਕ ਮੈਂਬਰ ਕੋਈ ਸਾਂਝਾ ਲਿਆ ਜਾਵੇਗਾ। ਇਹ ਸੱਤ ਮੈਂਬਰੀ ਕਮੇਟੀ ਪੰਜਾਬ ਦੇ ਹਰੇਕ ਜ਼ਿਲ੍ਹੇ ਅਤੇ ਵਿਧਾਨ ਸਭਾ ਹਲਕੇ ਦਾ ਦੌਰਾ ਕਰੇਗੀ। ਜੇਕਰ ਕਿਸੇ ਵੀ ਹਲਕੇ ਵਿੱਚ ਦੋਵਾਂ ਧਿਰਾਂ ਵਿੱਚੋਂ ਕਿਸੇ ਦਾ ਵੀ ਕੋਈ ਮਜ਼ਬੂਤ ਆਧਾਰ ਵਾਲਾ ਉਮੀਦਵਾਰ ਹੈ, ਤਾਂ ਟਿਕਟ ਉਸ ਨੂੰ ਸੌਂਪ ਦਿੱਤੀ ਜਾਵੇਗੀ।
'ਵਾਰਿਸ ਪੰਜਾਬ ਦੇ' ਵੱਲੋਂ ਅਜੇ ਕੋਈ ਹਾਂ-ਪੱਖੀ ਹੁੰਗਾਰਾ ਨਹੀਂ
ਪਾਰਟੀ ਸੂਤਰਾਂ ਦੇ ਮੁਤਾਬਕ ਇਸ ਪੇਸ਼ਕਸ਼ ਤੋਂ ਬਾਅਦ ਪਾਰਟੀ ਦੇ ਕੁਝ ਆਗੂ ਇਸ ਮਾਮਲੇ ਵਿੱਚ ਜਥੇਬੰਦੀ 'ਵਾਰਿਸ ਪੰਜਾਬ ਦੇ' ਦੇ ਸੀਨੀਅਰ ਆਗੂਆਂ ਨੂੰ ਮਿਲ ਚੁੱਕੇ ਹਨ ਅਤੇ ਉਨ੍ਹਾਂ ਨੂੰ ਇਸ ਪੇਸ਼ਕਸ਼ ਤੋਂ ਜਾਣੂ ਕਰਵਾ ਦਿੱਤਾ ਹੈ। ਪਰ ਹੁਣ ਤੱਕ ਇਸ ਮਾਮਲੇ ਵਿੱਚ 'ਵਾਰਿਸ ਪੰਜਾਬ ਦੇ' ਜਥੇਬੰਦੀ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ ਹੈ।
ਜਥੇਬੰਦੀ ਪੁਨਰ ਸੁਰਜੀਤ ਅਤੇ ਵਾਰਿਸ ਪੰਜਾਬ ਦੇ ਵਿਚਾਲੇ ਪਹਿਲਾਂ ਵੀ ਆਪਸੀ ਗਠਜੋੜ ਵਾਸਤੇ ਇੱਕ ਯਤਨ ਹੋ ਚੁੱਕਾ ਹੈ। ਉਸ ਵੇਲੇ ਵੀ ਇੱਕ ਸਾਂਝੀ ਕਮੇਟੀ ਬਣਾਈ ਗਈ ਸੀ ਪਰ ਗੱਲਬਾਤ ਸਿਰੇ ਨਹੀਂ ਲੱਗੀ ਸੀ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ, ਤਿਵੇਂ-ਤਿਵੇਂ ਅਜਿਹੀਆਂ ਸਮੂਹ ਜਥੇਬੰਦੀਆਂ ਆਪਸੀ ਗਠਜੋੜ ਕਰਕੇ ਆਪਣਾ ਆਧਾਰ ਮਜ਼ਬੂਤ ਕਰਨ ਲਈ ਯਤਨ ਕਰ ਰਹੀਆਂ ਹਨ।

