ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 28 ਅਕਤੂਬਰ
ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਨੇ ਇੱਥੇ ਹੈਰੀਟੇਜ ਸਟਰੀਟ ਵਿੱਚ ਸ਼੍ਰੋਮਣੀ ਕਮੇਟੀ ਖ਼ਿਲਾਫ਼ ਧਰਨਾ ਲਾਇਆ। ਇਸ ਧਰਨੇ ਵਿੱਚ ਹੋਰਨਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ। ਜਥੇਬੰਦੀ ਦੇ ਮੁੱਖ ਬੁਲਾਰੇ ਭਾਈ ਮੋਹਕਮ ਸਿੰਘ ਨੇ ਦੋਸ਼ ਲਾਇਆ ਕਿ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਧਰਨਾ ਦੇ ਰਹੇ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ’ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੱਲੋਂ ਬਾਦਲਾਂ ਦੀ ਕਥਿਤ ਸ਼ਹਿ ’ਤੇ ਹਿੰਸਕ ਹਮਲਾ ਕੀਤਾ ਗਿਆ ਹੈ, ਜਿਸ ਵਿੱਚ ਬੀਬੀਆਂ ਦੀ ਵੀ ਕੁੱਟਮਾਰ ਕੀਤੀ ਗਈ। ਉਨ੍ਹਾਂ ਆਖਿਆ ਕਿ ਇਹ ਧਰਨਾ ਲਾਪਤਾ ਸਰੂਪਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਲਾਇਆ ਗਿਆ ਸੀ ਅਤੇ ਅੱਜ ਵੀ ਇਸੇ ਮੰਗ ਸਬੰਧੀ ਧਰਨਾ ਦਿੱਤਾ ਗਿਆ ਹੈ। ਬੁਲਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਲਾਪਤਾ ਸਰੂਪਾਂ ਬਾਰੇ ਹਾਲੇ ਤਕ ਸੰਗਤ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਧਰਨੇ ਵਿੱਚ ਮਨਜੀਤ ਸਿੰਘ ਭੋਮਾ, ਸਤਨਾਮ ਸਿੰਘ ਮਨਾਵਾਂ, ਐਡਵੋਕੇਟ ਜਸਬੀਰ ਸਿੰਘ ਘੁੰਮਣ, ਹਵਾਰਾ ਕਮੇਟੀ ਦੇ ਪ੍ਰੋ. ਬਲਜਿੰਦਰ ਸਿੰਘ, ਅਕਾਲ ਫੈਡਰੇਸ਼ਨ ਦੇ ਨਰਾਇਣ ਸਿੰਘ ਚੌੜਾ, ਅਕਾਲੀ ਦਲ ਅੰਮ੍ਰਿਤਸਰ ਤੋਂ ਹਰਬੀਰ ਸਿੰਘ ਸੰਧੂ, ਸਤਿਕਾਰ ਕਮੇਟੀ ਤੋਂ ਬਲਬੀਰ ਸਿੰਘ ਮੁੱਛਲ ਸ਼ਾਮਲ ਹੋਏ।
ਸ਼੍ਰੋਮਣੀ ਕਮੇਟੀ ਕਰਮਚਾਰੀਆਂ ਅਤੇ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਵਿਚਾਲੇ ਬੀਤੇ ਦਿਨ ਹੋਈ ਹਿੰਸਕ ਝੜਪ ਸਬੰਧੀ ਪੁਲੀਸ ਵੱਲੋਂ ਸ਼੍ਰੋਮਣੀ ਕਮੇਟੀ ਕਾਰਕੁਨਾਂ ਖ਼ਿਲਾਫ਼ ਦਰਜ ਕੀਤੇ ਕੇਸ ਦੀ ਨਕਲ ਅੱਜ ਪੁਲੀਸ ਨੇ ਅਕਾਲੀ ਦਲ ਡੈਮੋਕ੍ਰੈਟਿਕ ਨੂੰ ਸੌਂਪ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਤਿੰਨ ਮੈਂਬਰਾਂ ਅਤੇ ਛੇ ਅਧਿਕਾਰੀਆਂ ਸਮੇਤ ਲਗਪਗ 400 ਵਿਅਕਤੀਆਂ ਖ਼ਿਲਾਫ਼ ਦਰਜ ਕੀਤੇ ਕੇਸ ਦੀ ਨਕਲ ਐਡਵੋਕੇਟ ਜਸਬੀਰ ਸਿੰਘ ਘੁੰਮਣ ਤੇ ਹੋਰਨਾਂ ਨੂੰ ਸੌਂਪੀ ਗਈ ਹੈ। ਸ੍ਰੀ ਘੁੰਮਣ ਨੇ ਦੱਸਿਆ ਕਿ ਪੁਲੀਸ ਹੁਣ ਤਕ ਇਸ ਦਰਜ ਕੇਸ ਬਾਰੇ ਖੁਲਾਸਾ ਨਹੀਂ ਕਰ ਰਹੀ ਸੀ। ਅੱਜ ਸਿੱਖ ਆਗੂਆਂ ਵੱਲੋਂ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਦਰਜ ਕੇਸ ਦੀ ਕਾਪੀ ਨਾ ਦਿੱਤੀ ਗਈ ਤਾਂ ਉਹ ਹੈਰੀਟੇਜ ਸਟਰੀਟ ਵਿੱਚ ਪੱਕਾ ਧਰਨਾ ਲਾ ਦੇਣਗੇ, ਜਿਸ ਮਗਰੋਂ ਇਸ ਕੇਸ ਦੀ ਕਾਪੀ ਸਿੱਖ ਆਗੂਆਂ ਨੂੰ ਦਿੱਤੀ ਗਈ ਹੈ।
ਹਿੰਸਕ ਝੜਪ: ਲੌਂਗੋਵਾਲ ਵੱਲੋਂ ਕਰਾਸ ਕੇਸ ਦਰਜ ਕਰਨ ਦੀ ਨਿਖੇਧੀ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪਿਛਲੇ ਦਿਨੀਂ ਹੋਈ ਹਿੰਸਕ ਝੜਪ ਸਬੰਧੀ ਪੁਲੀਸ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਅਧਿਕਾਰੀਆਂ ਖ਼ਿਲਾਫ਼ ਕਰਾਸ ਕੇਸ ਦਰਜ ਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਆਖਿਆ ਕਿ ਇਸ ਤੋਂ ਪੰਜਾਬ ਸਰਕਾਰ ਦੀ ਇਹ ਮਨਸ਼ਾ ਸਾਫ਼ ਹੁੰਦੀ ਹੈ ਕਿ ਉਹ ਸਿੱਖ ਕੌਮ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਨੂੰ ਜਾਣ-ਬੁੱਝ ਕੇ ਢਾਹ ਲਾਉਣਾ ਚਾਹੁੰਦੀ ਹੈ। ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕਰਨਾ ਜਾਇਜ਼ ਨਹੀਂ ਹੈ ਕਿਉਂਕਿ ਧਰਨਾਕਾਰੀਆਂ ਨੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਸਾਹਮਣੇ ਕਈ ਦਿਨਾਂ ਤੋਂ ਧਰਨਾ ਲਾਇਆ ਹੋਇਆ ਸੀ। ਬੀਤੀ 24 ਅਕਤੂਬਰ ਨੂੰ ਵੀ ਧਰਨਾਕਾਰੀਆਂ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਗੇਟ ਨੂੰ ਤਾਲਾ ਲਗਾ ਕੇ ਦੁਪਹਿਰ ਵੇਲੇ ਲੰਗਰ ਛਕਣ ਜਾ ਰਹੇ ਮੁਲਾਜ਼ਮਾਂ ਨੂੰ ਰੋਕ ਕੇ ਉਨ੍ਹਾਂ ’ਤੇ ਕਿਰਪਾਨਾਂ ਨਾਲ ਹਮਲਾ ਕੀਤਾ, ਜਿਸ ਕਾਰਨ ਕਰੀਬ ਅੱਧੀ ਦਰਜਨ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ। ਇਸ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਖ਼ਿਲਾਫ਼ ਕਰਾਸ ਕੇਸ ਦਰਜ ਕਰਨਾ ਸਿੱਖ ਸੰਸਥਾ ਪ੍ਰਤੀ ਵਿਰੋਧੀ ਭਾਵਨਾ ਨੂੰ ਪ੍ਰਗਟ ਕਰਨ ਵਾਲੀ ਕਾਰਵਾਈ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਇਸ ਮਾਮਲੇ ਸਬੰਧੀ ਪੰਜਾਬ ਦੇ ਮੁੱਖ ਮੰਤਰੀ, ਮੁੱਖ ਸਕੱਤਰ ਅਤੇ ਡੀਜੀਪੀ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਖ਼ਿਲਾਫ਼ ਦਰਜ ਕਰਾਸ ਕੇਸ ਤੁਰੰਤ ਰੱਦ ਕੀਤਾ ਜਾਵੇ।