New Zealand ਵਿੱਚ ਮਾਓਰੀ ਭਾਈਚਾਰੇ ਵੱਲੋਂ ਜਥੇਦਾਰ ਗੜਗੱਜ ਦਾ ਨਿੱਘਾ ਸਵਾਗਤ
ਮਾਓਰੀ ਭਾਈਚਾਰੇ ਨੇ ਹਾਕਾ ਵਿਵਾਦ ਤੋਂ ਕੀਤਾ ਪਾਸਾ
ਨਿਊਜ਼ੀਲੈਂਡ ਦੌਰੇ ’ਤੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸਥਾਨਕ ਮਾਓਰੀ ਭਾਈਚਾਰੇ ਵੱਲੋਂ ਪਾਪਾਕੁਰਾ ਮਰਾਏ ਵਿੱਚ ਸੱਭਿਆਚਾਰਕ ਰਵਾਇਤਾਂ ਅਨੁਸਾਰ ਨਿੱਘਾ ਸਵਾਗਤ ਕੀਤਾ ਗਿਆ।
ਦੌਰੇ ਦੌਰਾਨ ਜਥੇਦਾਰ ਗੜਗੱਜ ਨੇ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦੇ ਪ੍ਰਬੰਧ ਹੇਠ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ, ਟਾਕਾਨੀਨੀ ਵਿਖੇ ਸੰਗਤ ਦੇ ਸਹਿਯੋਗ ਨਾਲ ਚਲਾਈ ਗਈ ਮੁਫ਼ਤ ਫੂਡ ਡਰਾਈਵ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਅਰਦਾਸ ਉਪਰੰਤ ਸਮਾਗਮ ਦੀ ਸ਼ੁਰੂਆਤ ਕਰਵਾਈ ਅਤੇ ਇਸ ਮੌਕੇ ਇੱਕ ਹਜ਼ਾਰ ਤੋਂ ਵੱਧ ਭੋਜਨ ਕਿੱਟਾਂ ਲੋੜਵੰਦਾਂ ਵਿੱਚ ਵੰਡੀਆਂ ਗਈਆਂ।
ਇਸ ਮੌਕੇ ਜਥੇਦਾਰ ਨੇ ਮਾਓਰੀ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਕੇ ਸੱਭਿਆਚਾਰਕ ਰਵਾਇਤਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਮਾਓਰੀ ਨੁਮਾਇੰਦਿਆਂ ਨੇ ਸਪਸ਼ਟ ਕੀਤਾ ਕਿ ਹਾਲ ਹੀ ਵਿੱਚ ਕੁੱਝ ਅਨਸਰਾਂ ਵੱਲੋਂ ਹਾਕਾ ਰਵਾਇਤ ਦੀ ਦੁਰਵਰਤੋਂ ਕਰਦਿਆਂ ਸਿੱਖਾਂ ਦੇ ਨਗਰ ਕੀਰਤਨ ਦਾ ਵਿਰੋਧ ਕਰਨ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਓਰੀ ਭਾਈਚਾਰਾ ਸਿੱਖ ਸਿਧਾਂਤਾਂ ਅਤੇ ਰਵਾਇਤਾਂ ਦਾ ਪੂਰਾ ਸਤਿਕਾਰ ਕਰਦਾ ਹੈ ਅਤੇ ਸਿੱਖ ਕੌਮ ਨਾਲ ਖੜ੍ਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਉਹ ਆਪਣੇ ਖੇਤਰ ਵਿੱਚ ਆਮ ਤੌਰ ’ਤੇ ਸ਼ਸਤਰ ਲੈ ਕੇ ਆਉਣ ਦੀ ਆਗਿਆ ਨਹੀਂ ਦਿੰਦੇ, ਪਰ ਸਿੱਖ ਭਾਈਚਾਰੇ ਪ੍ਰਤੀ ਸਨਮਾਨ ਦੇ ਤੌਰ ’ਤੇ ਜਥੇਦਾਰ ਗੜਗੱਜ ਦਾ ਸ੍ਰੀ ਸਾਹਿਬ ਸਮੇਤ ਸਵਾਗਤ ਕੀਤਾ ਗਿਆ।
ਜਥੇਦਾਰ ਗੜਗੱਜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖ ਧਰਮ ਵਿੱਚ ਲੰਗਰ ਪਰੰਪਰਾ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸੱਚਾ ਸੌਦਾ ਸਾਹਿਬ ਵਿਖੇ ਕੀਤੀ ਗਈ ਸੀ, ਜਿਸ ਦੀ ਰੌਣਕ ਅੱਜ ਸੰਸਾਰ ਭਰ ਵਿੱਚ ਵੇਖਣ ਨੂੰ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ ਅਤੇ ਕੋਵਿਡ-19 ਦੌਰਾਨ ਵੀ ਇਸ ਸੰਸਥਾ ਵੱਲੋਂ ਮਹੱਤਵਪੂਰਨ ਸੇਵਾਵਾਂ ਨਿਭਾਈਆਂ ਗਈਆਂ ਸਨ।
ਉਨ੍ਹਾਂ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਅਤੇ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਨਿਊਜ਼ੀਲੈਂਡ ਵਿੱਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ਨੂੰ ਇਕੱਠਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੋੜਿਆ ਹੈ। ਇਸ ਮੌਕੇ ਮਾਂਗਾਕੀਕੀ ਤੋਂ ਨਿਊਜ਼ੀਲੈਂਡ ਸੰਸਦ ਮੈਂਬਰ ਗਰੈਗ ਫਲੈਮਿੰਗ ਵੀ ਹਾਜ਼ਰ ਸਨ। ਉਨ੍ਹਾਂ ਸਿੱਖ ਭਾਈਚਾਰੇ ਵੱਲੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਉਪਰਾਲੇ ਮਨੁੱਖਤਾ ਲਈ ਪ੍ਰੇਰਣਾਦਾਇਕ ਹਨ।

