Ajnala Clash Accused Arrested: ਅਜਨਾਲਾ ਝੜਪ ਦਾ ਭਗੌੜਾ ਮੁਲਜ਼ਮ ਤੇ ਅਮਰੀਕੀ ਨਾਗਰਿਕ ਯੂ.ਪੀ. ’ਚ ਗ੍ਰਿਫ਼ਤਾਰ
‘ਵਾਰਿਸ ਪੰਜਾਬ ਦੇ’ ਨਾਲ ਜੁੜਿਆ ਵਿਕਰਮਜੀਤ ਸਿੰਘ ਦੋ ਸਾਲਾਂ ਤੋਂ ਸੀ ਫਰਾਰ; ਨਕਲੀ ਆਧਾਰ ਕਾਰਡ ਵਰਤਣ ਦਾ ਹੋਇਆ ਖੁਲਾਸਾ
ਸਾਲ 2023 ਦੇ ਚਰਚਿਤ ਅਜਨਾਲਾ ਥਾਣਾ ਝੜਪ ਕੇਸ ’ਚ ਲੋੜੀਂਦੇ ਭਗੌੜੇ ਮੁਲਜ਼ਮ ਅਤੇ ‘ਵਾਰਿਸ ਪੰਜਾਬ ਦੇ’ ਸੰਗਠਨ ਦੇ ਕਾਰਕੁਨ ਵਿਕਰਮਜੀਤ ਸਿੰਘ ਨੂੰ ਉੱਤਰ ਪ੍ਰਦੇਸ਼ ਪੁਲੀਸ ਨੇ ਨੇਪਾਲ ਦੇ ਰਸਤੇ ਗੈਰ-ਕਾਨੂੰਨੀ ਢੰਗ ਨਾਲ ਭਾਰਤ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਨਾਲ ਹੀ ਪੁਲੀਸ ਨੇ ਇੱਕ ਅਮਰੀਕੀ ਨਾਗਰਿਕ ਮਨਵੀਰ ਸਿੰਘ ਨੂੰ ਵੀ ਹਿਰਾਸਤ ’ਚ ਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਗੈਰ-ਕਾਨੂੰਨੀ ਦਾਖ਼ਲੇ ’ਚ ਮਦਦ ਕਰਨ ਵਾਲੇ ਤਿੰਨ ਹੋਰ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀਆਂ ਉਸ ਵੇਲੇ ਸਾਹਮਣੇ ਆਈਆਂ ਜਦੋਂ ਉੱਤਰ ਪ੍ਰਦੇਸ਼ ਪੁਲੀਸ ਨੇ ਇਸ ਬਾਰੇ ਅੰਮ੍ਰਿਤਸਰ ਦਿਹਾਤੀ ਪੁਲੀਸ ਨਾਲ ਜਾਣਕਾਰੀ ਸਾਂਝੀ ਕੀਤੀ। ਵਿਕਰਮਜੀਤ ਸਿੰਘ ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਪੁਲੀਸ ਨੂੰ ਝਕਾਨੀ ਦੇ ਰਿਹਾ ਸੀ। ਇਸ ਦੌਰਾਨ ਉਹ ਮੁੰਬਈ, ਰਾਜਸਥਾਨ, ਦਿੱਲੀ ਅਤੇ ਊਧਮਪੁਰ ਵਰਗੀਆਂ ਵੱਖ-ਵੱਖ ਥਾਵਾਂ ’ਤੇ ਲੁਕਿਆ ਰਿਹਾ ਅਤੇ ਲਗਭਗ ਇੱਕ ਸਾਲ ਪਹਿਲਾਂ ਨੇਪਾਲ ਦੀ ਰਾਜਧਾਨੀ ਕਾਠਮੰਡੂ ਭੱਜ ਗਿਆ ਸੀ।
ਉੱਤਰ ਪ੍ਰਦੇਸ਼ ਦੇ ਪੁਲੀਸ ਸੁਪਰਡੰਟ ਵਿਸ਼ਵਜੀਤ ਸ੍ਰੀਵਾਸਤਵ ਨੇ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਵਾਂ ਵਿਅਕਤੀਆਂ ਨੂੰ ਬਿਨਾਂ ਵੈਧ ਦਸਤਾਵੇਜ਼ਾਂ ਦੇ ਭਾਰਤ ’ਚ ਦਾਖ਼ਲ ਹੋਣ ਕਾਰਨ ਹਿਰਾਸਤ 'ਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰੁਟੀਨ ਚੈਕਿੰਗ ਦੌਰਾਨ ਅਮਰੀਕੀ ਨਾਗਰਿਕ ਮਨਵੀਰ ਸਿੰਘ ਬਿਨਾਂ ਵੀਜ਼ਾ ਦੇ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਾ ਫੜਿਆ ਗਿਆ। ਪੁਲੀਸ ਮੁਤਾਬਕ ਦੋਵਾਂ ਕੋਲ ਭਾਰਤ ’ਚ ਦਾਖ਼ਲੇ ਲਈ ਲੋੜੀਂਦੇ ਕਾਨੂੰਨੀ ਦਸਤਾਵੇਜ਼ ਨਹੀਂ ਸਨ।
ਜ਼ਿਕਰਯੋਗ ਹੈ ਕਿ ਵਿਕਰਮਜੀਤ ਸਿੰਘ ਫਰਵਰੀ 2023 'ਚ ਅਜਨਾਲਾ ਥਾਣੇ ’ਤੇ ਕੀਤੇ ਗਏ ਪ੍ਰਦਰਸ਼ਨ ਦੌਰਾਨ ‘ਵਾਰਿਸ ਪੰਜਾਬ ਦੇ’ ਦੇ ਮੁਖੀ (ਜੋ ਹੁਣ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਹਨ) ਅੰਮ੍ਰਿਤਪਾਲ ਸਿੰਘ ਦੇ ਨਾਲ ਸੀ। ਇਹ ਪ੍ਰਦਰਸ਼ਨ ਅੰਮ੍ਰਿਤਪਾਲ ਦੇ ਸਾਥੀ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਨੂੰ ਇਰਾਦਾ-ਏ-ਕਤਲ ਕੇਸ ’ਚੋਂ ਛੁਡਵਾਉਣ ਲਈ ਕੀਤਾ ਗਿਆ ਸੀ।
ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵਿਕਰਮਜੀਤ ਵਿਰੁੱਧ ਪਹਿਲਾਂ ਹੀ ਗ੍ਰਿਫ਼ਤਾਰੀ ਵਾਰੰਟ ਜਾਰੀ ਸਨ। ਪੰਜਾਬ ਪੁਲੀਸ ਦੀ ਟੀਮ ਉੱਤਰ ਪ੍ਰਦੇਸ਼ ਪਹੁੰਚ ਚੁੱਕੀ ਹੈ ਅਤੇ ਕਾਨੂੰਨੀ ਕਾਰਵਾਈ ਪੂਰੀ ਕਰਕੇ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲੀਸ ਅਨੁਸਾਰ ਵਿਕਰਮਜੀਤ ਸਿੰਘ ਨਕਲੀ ਆਧਾਰ ਕਾਰਡ ਦੀ ਵਰਤੋਂ ਕਰਕੇ ਯਾਤਰਾ ਕਰ ਰਿਹਾ ਸੀ। ਇਸ ਸਬੰਧੀ ਯੂ.ਪੀ. ਪੁਲੀਸ ਨੇ ਫੌਰਨਰਜ਼ ਐਕਟ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

