Teacher’s Day ’ਤੇ ਪੰਜਾਬ ਦੇ ਏਡਿਡ ਸਕੂਲ ਅਧਿਆਪਕਾਂ ਵੱਲੋਂ ਸਮੂਹਿਕ ਛੁੱਟੀ ਦਾ ਐਲਾਨ
ਸਿੱਖਿਆ ਮੰਤਰੀ ਦੇ ਪਿੰਡ ’ਚ ਰਿਹਾਇਸ਼ ਦਾ ਘਿਰਾਓ ਕਰਨਗੇ ਮੁਲਾਜ਼ਮ; ਕਾਲੇ ਕੱਪੜੇ ਪਾ ਕੇ ਥਾਲੀਆਂ ਖੜਕਾ ਕੇ ਕਰਨਗੇ ਰੋਸ ਪ੍ਰਦਰਸ਼ਨ
ਏਡਿਡ ਸਕੂਲ ਯੂਨੀਅਨ ਪੰਜਾਬ ਦੇ ਸਮੂਹ ਮੁਲਾਜ਼ਮਾਂ ਵੱਲੋਂ ਅਧਿਆਪਕ ਦਿਵਸ ਯਾਨੀ 5 ਸਤੰਬਰ ਨੂੰ ਸਮੂਹਿਕ ਛੁੱਟੀ (ਮਾਸ ਕੈਜੁਅਲ ਲੀਵ) ਲਈ ਜਾਵੇਗੀ ਅਤੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ (ਆਨੰਦਪੁਰ ਸਾਹਿਬ) ਵਿਖੇ ਉਨ੍ਹਾਂ ਦੀ ਰਿਹਾਇਸ਼ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਮੁਲਾਜ਼ਮ ਕਾਲੇ ਕੱਪੜੇ ਪਾ ਕੇ ਅਤੇ ਥਾਲੀਆਂ ਖੜਕਾ ਕੇ ਆਪਣਾ ਰੋਸ ਦਰਜ ਕਰਵਾਉਣਗੇ।
ਇਹ ਫ਼ੈਸਲਾ ਅੰਮ੍ਰਿਤਸਰ ਦੇ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਅਤੇ ਸਕੱਤਰ ਅਜੈ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ।
ਆਗੂਆਂ ਨੇ ਕਿਹਾ ਕਿ ਸਰਕਾਰ ਨੇ 2022 ਦੇ ਚੋਣ ਮੈਨੀਫੈਸਟੋ ਵਿੱਚ ਏਡਿਡ ਸਕੂਲਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਹਨ। ਅਜੈ ਚੌਹਾਨ ਨੇ ਕਿਹਾ, “ਕੈਬਨਿਟ ਸਬ-ਕਮੇਟੀ ਨਾਲ 4 ਜੂਨ 2026 ਨੂੰ ਹੋਈ ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ ਨੂੰ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਲਾਗੂ ਨਹੀਂ ਕੀਤਾ ਗਿਆ। ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਮੁਲਾਜ਼ਮਾਂ ਨੂੰ ਪਿਛਲੇ 8 ਮਹੀਨਿਆਂ ਤੋਂ, ਕਈ ਜ਼ਿਲ੍ਹਿਆਂ ਵਿੱਚ 15 ਮਹੀਨਿਆਂ ਤੋਂ ਅਤੇ ਕੁਝ ਥਾਵਾਂ ’ਤੇ 19 ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ। ਸਰਕਾਰ ਰੋਜ਼ਾਨਾ ਨਵੇਂ ਪੱਤਰ ਜਾਰੀ ਕਰ ਰਹੀ ਹੈ, ਪਰ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ। ਸਾਲ 2016 ਤੋਂ 2024 ਤੱਕ ਦੇ 6ਵੇਂ ਤਨਖ਼ਾਹ ਕਮਿਸ਼ਨ ਦੇ ਬਕਾਏ ਵੀ ਲੰਬਿਤ ਪਏ ਹਨ। ਡੀ.ਪੀ.ਆਈ. ਦਫ਼ਤਰ ਨਾਲ ਵਾਰ-ਵਾਰ ਰਾਬਤਾ ਕਾਇਮ ਕਰਨ ਦੇ ਬਾਵਜੂਦ ਸੇਵਾ-ਮੁਕਤ ਮੁਲਾਜ਼ਮਾਂ ਦੇ ਪੀ.ਪੀ.ਓ. ਵੀ ਜਾਰੀ ਨਹੀਂ ਕੀਤੇ ਜਾ ਰਹੇ, ਜਿਸ ਕਾਰਨ ਉਨ੍ਹਾਂ ਵਿੱਚ ਭਾਰੀ ਨਿਰਾਸ਼ਾ ਹੈ।”
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 1967 ਤੋਂ ਚੱਲ ਰਹੇ 509 ਏਡਿਡ ਸਕੂਲਾਂ ਵਿੱਚ ਕੁੱਲ 9468 ਅਸਾਮੀਆਂ ਸਨ, ਜੋ ਅਸਾਮੀਆਂ ਖ਼ਤਮ ਹੋਣ ਕਾਰਨ ਹੁਣ ਘੱਟ ਕੇ ਮਹਿਜ਼ 1200 ਦੇ ਕਰੀਬ ਰਹਿ ਗਈਆਂ ਹਨ। ਇਨ੍ਹਾਂ ਸਕੂਲਾਂ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਵੀ ਸਮੇਂ ਸਿਰ ਤਨਖ਼ਾਹਾਂ ਨਹੀਂ ਮਿਲ ਰਹੀਆਂ। ਯੂਨੀਅਨ ਵੱਲੋਂ ਹਮੇਸ਼ਾ ਸਰਕਾਰ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਜਾਂ ਤਾਂ ਇਨ੍ਹਾਂ ਸਕੂਲਾਂ ਵਿੱਚ ਖ਼ਾਲੀ ਪਈਆਂ ਅਸਾਮੀਆਂ ਨੂੰ 95 ਫ਼ੀਸਦੀ ਗ੍ਰਾਂਟ ’ਤੇ ਭਰਿਆ ਜਾਵੇ ਜਾਂ ਫਿਰ ਇਨ੍ਹਾਂ ਸਕੂਲਾਂ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਸਰਕਾਰੀ ਸਕੂਲਾਂ ਵਿੱਚ ਤਬਦੀਲ ਕੀਤਾ ਜਾਵੇ।

