ਖੇਤੀ ਕਾਨੂੰਨ: ਬੀਬੀਆਂ ਨੇ ਦਿਖਾਇਆ ਦਮ

ਮਹਿਲਾ ਕਿਸਾਨ ਦਿਵਸ ਮੌਕੇ ਔਰਤਾਂ ਨੇ ਸਾਂਭੇ ਮੋਰਚੇ; ਕੇਂਦਰ ਸਰਕਾਰ ਦੇ ਪੁਤਲੇ ਫੂਕ ਕੇ ਨਾਅਰੇਬਾਜ਼ੀ ਕੀਤੀ

ਖੇਤੀ ਕਾਨੂੰਨ: ਬੀਬੀਆਂ ਨੇ ਦਿਖਾਇਆ ਦਮ

ਜਲੰਧਰ ਦੇ ਪਿੰਡ ਪੰਡੋਰੀ ਜਗੀਰ ਵਿਚ ਮਾਰਚ ਕਰਦੀਆਂ ਹੋਈਆਂ ਔਰਤਾਂ। -ਫੋਟੋ : ਪੰਜਾਬੀ ਟ੍ਰਿਬਿਊਨ

ਮਨਮੋਹਨ ਸਿੰਘ ਢਿੱਲੋਂ

ਅੰਮ੍ਰਿਤਸਰ, 18 ਜਨਵਰੀ

ਕੱਚੀ ਮਿੱਟੀ ਰੋਡ ਏਕਤਾ ਨਗਰ ਢਪਈ ਵਿਚ ਕੁਲ ਹਿੰਦ ਕਿਸਾਨ ਸੰਯੁਕਤ ਸੰਘਰਸ਼ ਮੋਰਚਾ ਦਿੱਲੀ ਵੱਲੋਂ ਦਿੱਤੇ ਸੱਦੇ ਅਨੁਸਾਰ ਅੱਜ ਕਿਸਾਨ ਔਰਤ ਸੰਘਰਸ਼ ਦਿਵਸ ਮਨਾਇਆ ਗਿਆ ਅਤੇ ਕਿਸਾਨ ਸੰਘਰਸ਼ ਨੂੰ ਹਮਾਇਤ ਦਿੱਤੀ ਗਈ। ਵਾਰਡ ਨੰਬਰ 56, 72 ਅਤੇ 74 ਦੇ ਲੋਕ ਭਲਾਈ ਮੰਚ ਪੰਜਾਬ ਦੇ ਵਰਕਰ ਤੇ ਪਤਵੰਤਿਆਂ ਦੀ ਇਕੱਤਰਤਾ ਨੂੰ ਬਲਬੀਰ ਸਿੰਘ ਝਾਮਕਾ, ਗੁਰਮੁੱਖ ਸਿੰਘ ਸ਼ੇਰਗਿੱਲ, ਬਖਸ਼ੀਸ਼ ਸਿੰਘ ਸੰਘਾ, ਨਿਰਵੈਰ ਸਿੰਘ ਢਪਈ ਅਤੇ ਅਮਰਜੀਤ ਸਿੰਘ ਢਿੱਲੋਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਜਿਸ ਦ੍ਰਿੜਤਾ ਨਾਲ ਦਿੱਲੀ ਸਰਹੱਦਾਂ ’ਤੇ ਡਟੇ ਹੋਏ ਹਨ, ਉਹ ਮੋਰਚਾ ਫਤਹਿ ਕਰ ਕੇ ਆਉਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਆਖ਼ਰ ਕਿਸਾਨਾਂ ਅੱਗੇ ਝੁਕਣਾ ਪਵੇਗਾ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਪਵੇਗਾ।

ਪਿਛਲੇ ਲੰਮੇ ਸਮੇਂ ਤੋਂ ਚਲ ਰਹੇ ਕਿਸਾਨੀ ਸੰਘਰਸ਼ ਦੇ ਅੰਤਰਗਤ ਇਥੋਂ ਦੇ ਲੇਖਕਾਂ, ਬੁੱਧੀਜੀਵੀਆਂ ਨੇ ਅੱਜ ਇਥੇ ਔਰਤ ਕਿਸਾਨ ਦਿਵਸ ਮਨਾਇਆ ਅਤੇ ਲੋਕਾਂ ਨੂੰ ਸੰਘਰਸ਼ ਦੇ ਹੱਕ ਵਿਚ ਲਾਮਬੰਦ ਕੀਤਾ। ਕੇਂਦਰੀ ਸਭਾ ਦੇ ਸਕੱਤਰ ਦੀਪ ਦਵਿੰਦਰ ਸਿੰਘ, ਸ਼ਾਇਰ ਮਲਵਿੰਦਰ ਸਿੰਘ, ਹਰਜੀਤ ਸਿੰਘ ਅਤੇ ਸਰਬਜੀਤ ਸਿੰਘ ਸੰਧੂ ਨੇ ਕਿਹਾ ਕਿ ਇਹ ਸੰਘਰਸ਼ ਜ਼ਮੀਨ ਦੇ ਨਾਲ-ਨਾਲ ਲੋਕਾਂ ਵਿਚ ਸੱਭਿਆਚਾਰਕ ਅਤੇ ਭਾਈਚਾਰਕ ਸਾਂਝ ਨੂੰ ਪੀਡੀ ਕਰ ਰਿਹਾ ਹੈ। ਇਸ ਮੌਕੇ ਡਾ. ਮੋਹਨ ਬੇਗੋਵਾਲ, ਸ਼ਾਇਰ ਜਗਤਾਰ ਗਿੱਲ, ਗਜ਼ਲਗੋ ਬਲਜਿੰਦਰ ਮਾਂਗਟ ਅਤੇ ਹੋਰ ਬਹੁਤ ਸਾਰੇ ਲੇਖਕ ਮੌਜੂਦ ਸਨ।

ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ/ਜੇ.ਬੀ.ਸੇਖੋਂ): ਇਸਤਰੀ ਕਿਸਾਨ ਦਿਵਸ ਮੌਕੇ ਜਨਵਾਦੀ ਇਸਤਰੀ ਸਭਾ ਵੱਲੋਂ ਗੜ੍ਹਸ਼ੰਕਰ-ਚੰਡੀਗੜ੍ਹ ਮੁੱਖ ਮਾਰਗ ’ਤੇ ਚੌਕ ਵਿਚ ਪ੍ਰਧਾਨ ਮੰਤਰੀ, ਯੂਪੀ ਦੇ ਮੁੱਖ ਮੰਤਰੀ ਸਣੇ ਮਨੋਹਰ ਲਾਲ ਖੱਟਰ ਦਾ ਪੁਤਲਾ ਫੂਕਿਆ ਕੇ ਨਾਅਰੇਬਾਜ਼ੀ ਕੀਤੀ। ਬਾਬਾ ਗੁਰਦਿੱਤ ਸਿੰਘ ਪਾਰਕ ਵਿੱਚ ਗੁਰਦੀਪ ਕੌਰ ਐਮਾ ਜੱਟਾਂ, ਜਸਵਿੰਦਰ ਕੌਰ ਬੋੜਾ, ਮਹਿੰਦਰ ਕੌਰ ਦਿਆਲ, ਤਲਵਿੰਦਰ ਕੌਰ ਮੱਟੂ ਦੀ ਪ੍ਰਧਾਨਗੀ ਹੇਠ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਸੁਭਾਸ਼ ਮੱਟੂ, ਸੁਰਿੰਦਰ ਕੌਰ ਚੁੰਬਰ ਨੇ ਕਿਹਾ ਕਿ ਦਿੱਲੀ ਕਿਸਾਨਾਂ-ਮਜ਼ਦੂਰਾਂ ਦਾ ਇਕੱਠ ਜਾਗਦੀਆਂ ਜ਼ਮੀਰਾਂ ਵਾਲਿਆ ਦਾ ਹੈ। ਇਸਤਰੀ ਆਗੂਆਂ ਨੇ ਸੰਗਰਾਮ ਵਿੱਚ ਵਧ-ਚੜ੍ਹ ਕੇ ਹਿੱਸਾ ਪਾਉਣ ਦੀ ਅਪੀਲ ਕੀਤੀ।

ਗੁਰਦਾਸਪੁਰ (ਜਤਿੰਦਰ ਬੈਂਸ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਤੇਜਾ ਸਿੰਘ ਸੁਤੰਤਰ ਵੱਲੋਂ ਗੁਰਦਾਸਪੁਰ ਦੇ ਕਸਬਾ ਹਰਦੋਛੰਨੀ ਵਿਚ ਮਹਿਲਾ ਦਿਵਸ ਸਬੰਧੀ ਸਮਾਰੋਹ ਉਪਰੰਤ ਮੋਦੀ ਸਰਕਾਰ ਅਤੇ ਅੰਬਾਨੀ, ਅਡਾਨੀ ਤੇ ਕੌਮਾਂਤਰੀ ਮੁਦਰਾ ਕੋਸ਼ ਦੀ ਚੇਅਰਪਰਸਨ ਦਾ ਪੁਤਲਾ ਫੂਕਿਆ ਗਿਆ।

ਸਮਾਰੋਹ ਵਿੱਚ ਸ਼ਾਮਲ ਇਲਾਕੇ ਦੀਆਂ ਵੱਡੀ ਗਿਣਤੀ ਔਰਤਾਂ ਵੱਲੋਂ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਸੰਘਰਸ਼ ਕਮੇਟੀ ਆਗੂ ਸੁਖਦੇਵ ਸਿੰਘ ਅੱਲੜਪਿੰਡੀ ਨੇ ਦੱਸਿਆ ਕਿ ਮੁਦਰਾ ਕੋਸ਼ ਦੀ ਚੇਅਰਪਰਸਨ ਨੇ ਖੇਤੀ ਕਾਨੂੰਨਾਂ ਨੂੰ ਸਹੀ ਆਖ ਕੇ ਕਿਸਾਨਾਂ ਦੇ ਜਖ਼ਮਾਂ ’ਤੇ ਲੂਣ ਛਿੜਕਿਆ ਹੈ। ਬੁਲਾਰਿਆਂ ਦੋਸ਼ ਲਾਇਆ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਕੌਮਾਂਤਰੀ ਦਬਾਅ ਹੇਠ ਕਿਸਾਨਾਂ ’ਤੇ ਆਮ ਵਰਗ ਦਾ ਉਜਾੜਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਨੂੰ ਫੇਲ੍ਹ ਕਰਨ ਦੀ ਸਾਜ਼ਿਸ਼ ਨਾਲ ਐੱਨਆਈਏ ਵੱਲੋਂ ਨੋਟਿਸ ਭੇਜੇ ਜਾ ਰਹੇ ਹਨ।

ਰੇਲਵੇ ਸਟੇਸ਼ਨ ਗੁਰਦਾਸਪੁਰ ‘ਤੇ ਚੱਲ ਰਹੇ ਕਿਸਾਨਾਂ ਦੇ ਪੱਕੇ ਮੋਰਚੇ ਦੇ 110ਵੇਂ ਅਤੇ ਭੁੱਖ ਹੜਤਾਲ ਦੇ 54ਵੇਂ ਦਿਨ ਵੱਡੀ ਗਿਣਤੀ ਔਰਤਾਂ ਇਕੱਤਰ ਹੋਈਆਂ ਅਤੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਆਪਣੇ ਵਿਚਾਰ ਰੱਖੇ।

ਪਠਾਨਕੋਟ (ਐਨ.ਪੀ. ਧਵਨ): ਕਿਰਤੀ ਕਿਸਾਨ ਯੂਨੀਅਨ ਇਲਾਕਾ ਕਮੇਟੀ ਨੇ ਲਦਪਾਲਵਾਂ ਵਿਚ ਟੌਲ ਪਲਾਜ਼ਾ ਤੇ ਅੰਤਰਰਾਸ਼ਟਰੀ ਔਰਤ ਕਿਸਾਨ ਦਿਵਸ ਮੌਕੇ ਭਾਜਪਾ ਦੀ ਸਟਾਰ ਪ੍ਰਚਾਰਕ ਹੇਮਾ ਮਾਲਿਨੀ ਦੀਆਂ ਪੰਜਾਬ ਦੇ ਕਿਸਾਨਾਂ ਪ੍ਰਤੀ ਗ਼ਲਤ ਟਿੱਪਣੀਆਂ ਦੇ ਰੋਸ ਵਜੋਂ ਉਸ ਦਾ ਪੁਤਲਾ ਸਾੜ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਆਵਾਜ਼ ਉਠਾਈ। ਇਸ ਵਿੱਚ ਵੀਨਾ ਦੇਵੀ ਲਦਪਾਲਵਾਂ, ਨਰੇਸ਼ ਕੁਮਾਰੀ ਖੁਸ਼ੀਨਗਰ, ਤ੍ਰਿਪਤਾ ਦੇਵੀ ਰਤਨਗੜ੍ਹ, ਨੀਰੂ ਬਾਲਾ ਆਦਿ ਹਾਜ਼ਰ ਸਨ।

ਮਾਨਸਰ (ਮਨਪ੍ਰੀਤ ਸਿੰਘ): ਖੇਤੀ ਕਾਨੂੰਨਾਂ ਖ਼ਿਲਾਫ਼ ਮਾਨਸਰ ਟੌਲ ਪਲਾਜ਼ਾ ’ਤੇ ਲਾਏ ਧਰਨੇ ਦੇ 100ਵੇਂ ਦਿਨ ਮਹਿਲਾ ਕਿਸਾਨ ਦਿਵਸ ਮਨਾਇਆ ਗਿਆ। ਮੰਚ ਸੰਚਾਲਨ ਤੋਂ ਲੈ ਕੇ ਹੋਰ ਪ੍ਰਬੰਧਾਂ ਦੀ ਜ਼ਿੰਮੇਵਾਰੀ ਔਰਤਾਂ ਨੇ ਹੀ ਸੰਭਾਲੀ। ਕਾਲਜ ਵਿਦਿਆਰਥਣਾਂ ਨੇ ਬੋਲੀਆਂ ਪਾ ਕੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ। ਇਸ ਸਮੇਂ ਪ੍ਰਿੰਸੀਪਲ ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈੱਨ, ਜਲੰਧਰ ਡਾ. ਨਵਜੋਤ ਕੌਰ ਨੇ ਵਿਸ਼ੇਸ ਤੌਰ ਤੇ ਸ਼ਮੂਲੀਅਤ ਕੀਤੀ।

ਇਸ ਮੌਕੇ ਕਿਸਾਨ ਬੀਬੀਆਂ ਨੇ ਕੇਂਦਰ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਖੇਤੀ ਕਾਨੂੰਨਾਂ ਨੂੰ ਮਨਜ਼ੂਰ ਨਹੀਂ ਕਰਦੀਆਂ ਹਨ। ਉਹ ਖੇਤੀ ਕਾਨੂੰਨਾਂ ਨੂੰ ਮੁੱਢੋਂ ਰੱਦ ਕਰਵਾ ਕੇ ਹੀ ਵਾਪਸ ਮੁੜਨਗੀਆਂ। ਉਨ੍ਹਾਂ ਕਿਹਾ ਕਿ ਔਰਤ ਮਰਦ ਦਾ ਸਾਥ ਹਮੇਸ਼ਾ ਜਨਤਕ ਘੋਲਾਂ ਦਾ ਇਤਿਹਾਸ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਦੇ ਵਿਚ ਮਾਈ ਭਾਗੋ ਵਰਗੀਆਂ ਜੁਝਾਰੂ ਔਰਤਾਂ ਦੀਆਂ ਮਿਸਾਲਾਂ ਹਨ ਜਿਨ੍ਹਾਂ ਨੇ ਜੰਗ ਦੇ ਵਿਚ ਦੁਸ਼ਮਣਾਂ ਨੂੰ ਖਦੇੜਿਆ। ਉਨ੍ਹਾਂ ਕਿਹਾ ਕਿ ਇਹ ਮਸਲਾ ਸਿਰਫ਼ ਕਿਸਾਨਾਂ ਦਾ ਨਹੀਂ, ਸਾਡੀ ਹੋਂਦ ਦਾ ਹੈ, ਹੱਕਾਂ ਦਾ ਤੇ ਗ਼ੈਰਤ ਦਾ ਹੈ। ਇਨ੍ਹਾਂ ਕਾਨੂੰਨਾਂ ਦਾ ਕਿਸਾਨ-ਮਜ਼ਦੂਰ, ਛੋਟੇ ਦੁਕਾਨਦਾਰ, ਮੁਲਾਜ਼ਮ ਆੜ੍ਹਤੀ ਤੇ ਔਰਤਾਂ ’ਤੇ ਸਿੱਧਾ ਪ੍ਰਭਾਵ ਪੈਣਾ ਹੈ।

ਹੇਮਾ ਮਾਲਿਨੀ ਦਾ ਪੁਤਲਾ ਫੂਕਿਆ

ਹੁਸ਼ਿਆਰਪੁਰ (ਹਰਪ੍ਰੀਤ ਕੌਰ): ਸੰਯੁਕਤ ਮੋਰਚੇ ਵਲੋਂ ਅੱਜ ਮਹਿਲਾ ਕਿਸਾਨ ਦਿਵਸ ਮਨਾਇਆ ਗਿਆ। ਸ਼ਹੀਦ ਊਧਮ ਸਿੰਘ ਪਾਰਕ ਵਿੱਚ ਔਰਤਾਂ ਦਾ ਇਕੱਠ ਹੋਇਆ। ਇਸ ਉਪਰੰਤ ਸ਼ਹਿਰ ਵਿਚ ਮਾਰਚ ਕਰ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਗਈ। ਲੇਬਰ ਚੌਕ ਵਿਚ ਰੈਲੀ ਕੀਤੀ ਗਈ ਜਿਸ ਨੂੰ ਮਹਿਲਾ ਆਗੂ ਬਿਮਲਾ ਦੇਵੀ, ਰਾਜਿੰਦਰ ਕੌਰ ਚੋਹਰਾ, ਦਵਿੰਦਰ ਕੌਰ, ਇੰਦਰਜੀਤ ਕੌਰ ਅਤੇ ਜਸਪ੍ਰੀਤ ਕੌਰ ਨੇ ਸੰਬੋਧਨ ਕੀਤਾ ਅਤੇ ਕਿਸਾਨੀ ਘੋਲ ਵਿਚ ਵੱਧ ਤੋਂ ਵੱਧ ਹਿੱਸਾ ਪਾਉਣ ਦਾ ਐਲਾਨ ਕੀਤਾ। ਇਸ ਮੌਕੇ ਟਰੇਡ ਯੂਨੀਅਨ ਆਗੂ ਗੁਰਮੇਸ਼ ਸਿੰਘ, ਮਾਸਟਰ ਹਰਤਕੰਵਲ ਸਿੰਘ, ਗੰਗਾ ਪ੍ਰਸਾਦ, ਕਮਜੀਤ ਸਿੰਘ ਰਾਜਪੁਰ ਭਾਈਆਂ, ਗੁਰਨਾਮ ਸਿੰਘ ਸਿੰਗੜੀਵਾਲਾ ਆਦਿ ਹਾਜ਼ਰ ਸਨ। ਇਸੇ ਦੌਰਾਨ ਲਾਚੋਵਾਲ ਟੋਲ ਪਲਾਜ਼ਾ ਜਿੱਥੇ 103 ਦਿਨਾਂ ਤੋਂ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ, ਵਿਖੇ ਵੀ ਕਿਸਾਨ ਮਹਿਲਾ ਦਿਵਸ ਮਨਾਇਆ ਗਿਆ ਅਤੇ ਭਾਜਪਾ ਆਗੂ ਹੇਮਾ ਮਾਲਨੀ ਦਾ ਪੁਤਲਾ ਸਾੜਿਆ ਗਿਆ। ਗੁਰਦੀਪ ਸਿੰਘ ਖੁਣ-ਖੁਣ, ਉਂਕਾਰ ਸਿੰਘ ਧਾਮੀ ਅਤੇ ਪਰਮਿੰਦਰ ਸਿੰਘ ਲਾਚੋਵਾਲ ਨੇ ਕਿਹਾ ਕਿ ਦਿੱਲੀ ਟਰੈਕਟਰ ਰੈਲੀ ਵਿਚ ਵੱਡੀ ਗਿਣਤੀ ’ਚ ਕਿਸਾਨ ਸ਼ਾਮਿਲ ਹੋਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All