ਖੇਤੀ ਬਿੱਲਾਂ ਖ਼ਿਲਾਫ਼ ਅੰਦੋਲਨ: ਕਾਂਗਰਸੀਆਂ ਵਲੋਂ ਸ਼ਵੇਤ ਮਲਿਕ ਦੇ ਘਰ ਅੱਗੇ ਰੋਸ ਧਰਨਾ

ਖੇਤੀ ਬਿੱਲਾਂ ਖ਼ਿਲਾਫ਼ ਅੰਦੋਲਨ: ਕਾਂਗਰਸੀਆਂ ਵਲੋਂ ਸ਼ਵੇਤ ਮਲਿਕ ਦੇ ਘਰ ਅੱਗੇ ਰੋਸ ਧਰਨਾ

ਅੰਮ੍ਰਿਤਸਰ ਵਿਚ ਬੁੱਧਵਾਰ ਨੂੰ ਰੋਸ ਮੁਜ਼ਾਹਰੇ ਕਰਦੇ ਹੋਏ ਕਾਂਗਰਸੀ ਕਾਰਕੁਨ।

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਸਤੰਬਰ

ਖੇਤੀ ਬਿੱਲਾਂ ਖਿਲਾਫ ਅੱਜ ਜ਼ਿਲਾ ਦਿਹਾਤੀ ਕਾਂਗਰਸ ਕਮੇਟੀ ਵਲੋਂ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਸਬੰਧ ਵਿਚ ਕਾਂਗਰਸੀ ਸਮਰਥਕ ਇਥੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਦਫਤਰ ਵਿਖੇ ਇਕੱਠੇ ਹੋਏ ਜਿਥੋਂ ਉਹ ਜ਼ਿਲ੍ਹਾ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਦੀ ਅਗਵਾਈ ਹੇਠ ਰੋਸ ਮਾਰਚ ਕਰਦੇ ਹੋਏ ਸ੍ਰੀ ਮਲਿਕ ਦੇ ਘਰ ਦੇ ਬਾਹਰ ਪੁੱਜੇ। ਪੁਲੀਸ ਨੇ ਇਥੇ ਬੈਰੀਕੇਡ ਲਾ ਕੇ ਰਾਹ ਰੋਕਿਆ ਹੋਇਆ ਸੀ। ਪ੍ਰਦਰਸ਼ਨਕਾਰੀ ਇਥੇ ਰੋਕਾਂ ਕੋਲ ਹੀ ਧਰਨਾ ਦੇ ਕੇ ਬੈਠ ਗਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ੍ਰੀ ਸੱਚਰ ਨੇ ਆਖਿਆ ਕਿ ਇਨ੍ਹਾਂ ਕਾਲੇ ਕਾਨੂੰਨਾਂ ਦੇ ਕਾਰਨ ਕੇਂਦਰ ਦੀ ਮੋਦੀ ਸਰਕਾਰ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਇਹ ਮਾਰੂ ਬਿੱਲ ਪੰਜਾਬ ਦੇ ਖੇਤੀ ਢਾਂਚੇ ਨੂੰ ਤਹਿਸ ਨਹਿਸ ਕਰ ਦੇਣਗੇ ਅਤੇ ਇਸ ਨਾਲ ਕਿਸਾਨੀ ਨੂੰ ਵੱਡਾ ਨੁਕਸਾਨ ਹੋਵੇਗਾ। ਮੁਨਾਫਾਖੋਰਾਂ ਨੂੰ ਕਿਸਾਨਾਂ ਦਾ ਹੋਰ ਸ਼ੋਸ਼ਣ ਕਰਨ ਦਾ ਮੌਕਾ ਮਿਲੇਗਾ ਅਤੇ ਕਿਸਾਨਾਂ ਦੀਆਂ ਜਿਣਸਾਂ ਸਸਤੇ ਭਾਅ ਵਿਕਣਗੀਆ। ਐੱਮਐੱਸਪੀ ਨੂੰ ਵੀ ਖਤਮ ਕਰ ਦਿੱਤਾ ਜਾਵੇਗਾ। ਖੇਤੀ ਕਿੱਤਾ ਪੂਰੀ ਤਰ੍ਹਾਂ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥ ਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਅਜਿਹਾ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਦੇ ਮੰਤਵ ਨਾਲ ਕਰ ਰਹੇ ਹਨ। 

ਗੁਰਾਇਆ (ਨਰਿੰਦਰ ਸਿੰਘ ਧੋਥੜ) ਖੇਤੀ ਆਰਡੀਨੈਂਸ ਦੇ ਵਿਰੋਧ ’ਚ ਨਗਰ ਕੌਂਸਲ ਦੇ ਗੁਰਾਇਆ ਦੇ ਪ੍ਰਧਾਨ ਕਮਲਦੀਪ ਸਿੰਘ ਬਿੱਟੂ ਅਤੇ ਸ਼ਹਿਰੀ ਕਾਂਗਰਸ ਦੇ ਉਪ ਪ੍ਰਧਾਨ ਸੰਜੇ ਅਟਵਾਲ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਇੱਥੇ ਮੁੱਖ ਚੌਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸ਼ੁਰੂ ਤੋਂ ਹੀ ਕਿਸਾਨ ਅਤੇ ਵਪਾਰੀ ਵਿਰੋਧੀ ਰਹੀ ਹੈ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਛਾਬੜਾ, ਮਾਰਕਿਟ ਕਮੇਟੀ ਗੁਰਾਇਆ ਦੇ ਚੇਅਰਮੈਨ ਦਾਰਾ ਸਿੰਘ ਰਾਏ, ਰਾਮ ਲੁਭਾਇਆ ਪੁੰਜ, ਰਾਕੇਸ਼ ਦੁੱਗਲ, ਐੱਮਸੀ ਰਾਜੀਵ ਪੁੰਜ, ਹਰਜੀਵਨ ਜੈਨ, ਅਨਿਲ ਜੋੋਸ਼ੀ, ਹਰਬੰਸ ਮਹਿਮੀ, ਨਵੀ ਪੰਡਿਤ, ਐੱਮਸੀ ਰੌਸ਼ਨ ਲਾਲ ਬਿੱਟੂ ਤੇ ਪੰਮੀ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਮੌਜੂਦ ਸਨ। 

ਭਾਜਪਾ ਆਗੂਆਂ ਨੇ ਕਾਂਗਰਸ ਆਗੂਆਂ ਖਿਲਾਫ਼ ਕਾਰਵਾਈ ਮੰਗੀ

ਪਠਾਨਕੋਟ: ਭਾਜਪਾ ਦੇ ਜ਼ਿਲਾ ਪ੍ਰਧਾਨ ਵਿਜੇ ਸ਼ਰਮਾ ਦੀ ਅਗਵਾਈ ਹੇਠ ਅੱਜ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਮੰਗ ਪੱਤਰ ਦਿੱਤਾ ਗਿਆ। ਇਸ ਵਿੱਚ ਮੰਗ ਕੀਤੀ ਗਈ ਕਿ ਕੱਲ੍ਹ ਕਾਂਗਰਸ ਵਲੋਂ ਭਾਜਪਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਘਰ ਦੇ ਬਾਹਰ ਜੋ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਸ ਵਿੱਚ ਸੈਂਕੜੇ ਕਾਂਗਰਸੀ ਆਗੂ ਅਤੇ ਮੈਂਬਰ ਸ਼ਾਮਲ ਸਨ ਤੇ ਜਿਸ ਵਿੱਚ ਸਰੀਰਕ ਦੂਰੀ ਦੇ ਨੇਮ ਦੀਆਂ ਧੱਜੀਆਂ ਉਡਾਈਆਂ ਗਈਆਂ ਅਤੇ ਬਹੁਤ ਸਾਰੇ ਲੋਕਾਂ ਨੇ ਮਾਸਕ ਵੀ ਨਹੀਂ ਪਹਿਨੇ ਹੋਏ ਸਨ। ਪੁਲੀਸ ਉਥੇ ਮੂਕ ਦਰਸ਼ਕ ਬਣੀ ਰਹੀ। ਆਗੂਆਂ ਦਾ ਕਹਿਣਾ ਸੀ ਕਿ ਜੇਕਰ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਆਪਣੇ ਲੋਕਾਂ ਨੂੰ ਮਿਲਣ ਤੇ ਮਾਮਲਾ ਦਰਜ ਹੋ ਸਕਦਾ ਹੈ ਤਾਂ ਫਿਰ ਇੰਨ੍ਹਾਂ ਲੋਕਾਂ ਤੇ ਕਿਉਂ ਨਹੀਂ?  ਵਫਦ ਵਿੱਚ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ, ਸਾਬਕਾ ਮੇਅਰ ਅਨਿਲ ਵਾਸੂਦੇਵਾ,  ਵਿਨੋਦ ਧੀਮਾਨ ਅਤੇ ਸੁਰੇਸ਼ ਸ਼ਰਮਾ ਸ਼ਾਮਲ ਸਨ।     -ਪੱਤਰ ਪ੍ਰੇਰਕ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All