ਬਰਫ਼ਬਾਰੀ ਰੁਕਣ ਤੋਂ ਬਾਅਦ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 28 ਸਤੰਬਰ ਤੋਂ ਮੁੜ ਸ਼ੁਰੂ
ਖਰਾਬ ਮੌਸਮ ਕਾਰਨ ਦੋ ਦਿਨ ਲਈ ਰੋਕੀ ਗਈ ਸੀ ਯਾਤਰਾ; ਟਰੱਸਟ ਵੱਲੋਂ 10 ਅਕਤੂਬਰ ਤੱਕ ਯਾਤਰਾ ਸਮਾਪਤ ਹੋਣ ਦਾ ਦਿੱਤਾ ਗਿਆ ਹੋਕਾ
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੋ ਦਿਨ ਰੁਕਣ ਤੋਂ ਬਾਅਦ ਭਲਕ ਨੂੰ ਯਾਨੀ 28 ਸਤੰਬਰ ਤੋਂ ਮੁੜ ਚਾਲੂ ਹੋ ਜਾਵੇਗੀ। ਸ੍ਰੀ ਹੇਮਕੁੰਟ ਸਾਹਿਬ ਅਤੇ ਹੋਰ ਉੱਚੀਆਂ ਪਹਾੜੀਆਂ ’ਤੇ ਲਗਾਤਾਰ ਬਰਫ਼ਬਾਰੀ ਹੋਣ ਕਾਰਨ ਉੱਤਰਾਖੰਡ ਸਰਕਾਰ ਵੱਲੋਂ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਯਾਤਰਾ ਦੋ ਦਿਨ ਵਾਸਤੇ ਰੋਕ ਦਿੱਤੀ ਗਈ ਸੀ।
ਬੀਤੇ ਦਿਨ ਲਗਾਤਾਰ ਹੋਈ ਬਰਫ਼ਬਾਰੀ ਦੇ ਕਾਰਨ ਸ੍ਰੀ ਹੇਮਕੁੰਟ ਸਾਹਿਬ ਵਿਖੇ ਲਗਪਗ ਛੇ ਤੋਂ ਸੱਤ ਇੰਚ ਬਰਫ਼ ਜੰਮ ਗਈ ਸੀ। ਇਸੇ ਤਰ੍ਹਾਂ ਉੱਚੀਆਂ ਪਹਾੜੀਆਂ ’ਤੇ ਵੀ ਲਗਾਤਾਰ ਬਰਫ਼ਬਾਰੀ ਹੋਈ ਹੈ, ਜਿਸ ਕਾਰਨ ਸਰਕਾਰ ਵੱਲੋਂ ਦੋ ਦਿਨ ਵਾਸਤੇ ਚਾਰ ਧਾਮ ਯਾਤਰਾ ਅਤੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਰੋਕ ਦਿੱਤੀ ਗਈ ਸੀ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਸੀ.ਈ.ਓ. ਭਾਈ ਸੇਵਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਦਿਨ ਯਾਤਰਾ ਰੁਕਣ ਤੋਂ ਬਾਅਦ ਭਲਕ ਨੂੰ 28 ਸਤੰਬਰ ਤੋਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਪਹਿਲਾਂ ਵਾਂਗ ਹੀ ਮੁੜ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਬਰਫ਼ਬਾਰੀ ਰੁਕ ਗਈ ਸੀ ਪਰ ਮੀਂਹ ਪੈਣ ਦਾ ਸਿਲਸਿਲਾ ਜਾਰੀ ਰਿਹਾ।
ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਯਾਤਰਾ ਸਮਾਪਤੀ ਦੀ ਤਰੀਕ 10 ਅਕਤੂਬਰ ਨਿਰਧਾਰਤ ਕੀਤੀ ਗਈ ਹੈ। ਇਸ ਲਈ ਜਿਨ੍ਹਾਂ ਸ਼ਰਧਾਲੂਆਂ ਵੱਲੋਂ ਸ੍ਰੀ ਹੇਮਕੁੰਟ ਸਾਹਿਬ ਵਿਖੇ ਦਰਸ਼ਨ ਕਰਨ ਵਾਸਤੇ ਆਉਣ ਦੀ ਯੋਜਨਾ ਬਣਾਈ ਗਈ ਹੈ, ਉਹ ਇਨ੍ਹਾਂ ਦਿਨਾਂ ਵਿੱਚ ਦਰਸ਼ਨ ਕਰਨ ਆ ਸਕਦੇ ਹਨ।

