Amritsar: ਪਾਕਿਸਤਾਨ ਤੋਂ ਵਿਸਾਖੀ ਮਨਾ ਕੇ ਸਿੱਖ ਜਥਾ ਅੱਜ ਅਟਾਰੀ-ਵਾਹਗਾ ਸਰਹੱਦ ਰਸਤੇ ਪਰਤੇਗਾ ਵਤਨ
ਪਹਿਲਗਾਮ ਹਮਲੇ ਮਗਰੋਂ ਬੰਦ ਸਰਹੱਦ ਜਥੇ ਲਈ ਵਿਸ਼ੇਸ਼ ਤੌਰ ’ਤੇ ਖੁੱਲ੍ਹੀ; ਸੁਰੱਖਿਆ ਤੇ ਦਸਤਾਵੇਜ਼ਾਂ ਦੀ ਜਾਂਚ ਰਹੀ ਸਖ਼ਤ
ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ-ਦੀਦਾਰ ਕਰਨ ਗਿਆ 2236 ਮੈਂਬਰੀ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਅਟਾਰੀ-ਵਾਹਗਾ ਸਾਂਝੀ ਚੈੱਕ ਪੋਸਟ ਰਾਹੀਂ ਭਾਰਤ ਪਰਤ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਜਥਾ 10 ਅਪਰੈਲ ਨੂੰ ਪਾਕਿਸਤਾਨ ਰਵਾਨਾ ਹੋਇਆ ਸੀ। ਪਿਛਲੇ ਸਾਲ 22 ਅਪਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ (ਜਿਸ ਵਿੱਚ 26 ਸੈਲਾਨੀਆਂ ਦੀ ਮੌਤ ਹੋ ਗਈ ਸੀ) ਤੋਂ ਬਾਅਦ ਬੰਦ ਕੀਤੀ ਗਈ ਸਰਹੱਦ ਨੂੰ ਭਾਰਤ ਸਰਕਾਰ ਨੇ ਇਸ ਜਥੇ ਦੀ ਆਮਦ ਲਈ ਵਿਸ਼ੇਸ਼ ਤੌਰ ’ਤੇ ਖੋਲ੍ਹਿਆ ਹੈ।
ਇਸ ਜਥੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਭੇਜੇ ਗਏ 1,743 ਸ਼ਰਧਾਲੂ ਸ਼ਾਮਲ ਹਨ, ਜਿਨ੍ਹਾਂ ਦੀ ਅਗਵਾਈ ਅੰਤਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਤੁਗਲਵਾਲ ਕਰ ਰਹੇ ਹਨ। ਇਸ ਤੋਂ ਇਲਾਵਾ ਦਿੱਲੀ ਕਮੇਟੀ, ਉੱਤਰ ਪ੍ਰਦੇਸ਼ ਸਿੱਖ ਪ੍ਰਤੀਨਿਧ ਬੋਰਡ ਅਤੇ ਬਿਹਾਰ, ਰਾਜਸਥਾਨ, ਹਰਿਆਣਾ ਤੇ ਜੰਮੂ-ਕਸ਼ਮੀਰ ਦੀਆਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਰਧਾਲੂ ਇਸ ਯਾਤਰਾ ਦਾ ਹਿੱਸਾ ਬਣੇ। ਪਾਕਿਸਤਾਨ ਫੇਰੀ ਦੌਰਾਨ ਸੰਗਤਾਂ ਨੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸੱਚਾ ਸੌਦਾ, ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਗੁਰਦੁਆਰਾ ਡੇਰਾ ਸਾਹਿਬ ਲਾਹੌਰ ਅਤੇ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਸਮੇਤ ਹੋਰ ਪਵਿੱਤਰ ਅਸਥਾਨਾਂ ਦੇ ਦਰਸ਼ਨ ਕੀਤੇ।
ਸ਼੍ਰੋਮਣੀ ਕਮੇਟੀ ਦੇ ਯਾਤਰਾ ਵਿਭਾਗ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਸ਼ਰਧਾਲੂਆਂ ਦੇ ਸਵਾਗਤ ਅਤੇ ਵਾਪਸੀ ਲਈ ਅਟਾਰੀ ਸਰਹੱਦ ’ਤੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਗੌਰਤਲਬ ਹੈ ਕਿ ਇਸ ਵਾਰ ਸਰਹੱਦ ’ਤੇ ਦਸਤਾਵੇਜ਼ਾਂ ਦੀ ਜਾਂਚ ਪ੍ਰਕਿਰਿਆ ਕਾਫ਼ੀ ਸਖ਼ਤ ਰਹੀ। ਬੀਤੇ ਸਾਲ ਨਵੰਬਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਥੇ ਨਾਲ ਗਈ ਸਰਬਜੀਤ ਕੌਰ ਨਾਮੀ ਮਹਿਲਾ ਦੇ ਵਾਪਸ ਨਾ ਪਰਤਣ ਅਤੇ ਪਾਕਿਸਤਾਨੀ ਨਾਗਰਿਕ ਨਾਲ ਨਿਕਾਹ ਕਰਨ ਦੀ ਘਟਨਾ ਤੋਂ ਸਬਕ ਲੈਂਦਿਆਂ, ਇਸ ਵਾਰ ਨਵੇਂ ਨਿਯਮ ਲਾਗੂ ਕੀਤੇ ਗਏ ਹਨ।
ਸ਼੍ਰੋਮਣੀ ਕਮੇਟੀ ਨੇ ਇਕੱਲੀਆਂ ਜਾਣ ਵਾਲੀਆਂ ਮਹਿਲਾ ਸ਼ਰਧਾਲੂਆਂ ਲਈ ਕਈ ਵਿਅਕਤੀਆਂ ਵੱਲੋਂ ਤਸਦੀਕਸ਼ੁਦਾ ਹਲਫ਼ੀਆ ਬਿਆਨ (Undertaking) ਜਮ੍ਹਾਂ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਤਕਨੀਕੀ ਕਾਰਨਾਂ ਕਰਕੇ 10 ਅਪਰੈਲ ਨੂੰ ਲਗਭਗ 150 ਮੈਂਬਰਾਂ ਨੂੰ ਸਰਹੱਦ ਤੋਂ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ ਸੀ। ਅੱਜ ਸ਼ਾਮ ਤੱਕ ਸਾਰੇ ਸ਼ਰਧਾਲੂਆਂ ਦੇ ਵਤਨ ਪਰਤਣ ਦੀ ਉਮੀਦ ਹੈ, ਜਿਸ ਲਈ ਪ੍ਰਸ਼ਾਸਨ ਅਤੇ ਸਿੱਖ ਸੰਸਥਾਵਾਂ ਪੂਰੀ ਤਰ੍ਹਾਂ ਤਾਇਨਾਤ ਹਨ।

