AAP leader shot in Amritsar: ਅੰਮ੍ਰਿਤਸਰ ’ਚ ਕਾਰ ਪਾਰਕਿੰਗ ਦੇ ਵਿਵਾਦ ਨੂੰ ਝੜਪ; ‘ਆਪ’ ਆਗੂ ਇੱਕ ਜ਼ਖ਼ਮੀ
ਪਾਰਕਿੰਗ ਦੇ ਪੁਰਾਣੇ ਵਿਵਾਦ ਨੂੰ ਲੈ ਕੇ ਗੁਆਂਢੀ ਨੇ ਚਲਾਈਆਂ ਗੋਲੀਆਂ
ਗੁਰੂ ਨਗਰੀ ਅੰਮ੍ਰਿਤਸਰ ਦੇ ਬੀ-ਡਿਵੀਜ਼ਨ ਪੁਲੀਸ ਸਟੇਸ਼ਨ ਅਧੀਨ ਆਉਂਦੇ ਕੋਟ ਆਤਮਾ ਰਾਮ ਖੇਤਰ ਵਿੱਚ ਅੱਜ ਉਸ ਵੇਲੇ ਭਾਰੀ ਦਹਿਸ਼ਤ ਫੈਲ ਗਈ, ਜਦੋਂ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਮਾਮੂਲੀ ਝਗੜੇ ਨੇ ਖ਼ੂਨੀ ਰੂਪ ਧਾਰਨ ਕਰ ਲਿਆ। ਇੱਥੇ ਪੱਥਰ ਵਾਲਾ ਪਾਰਕ ਨੇੜੇ ਦੋ ਧਿਰਾਂ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਸ਼ਰੇਆਮ ਗੋਲੀਆਂ ਚੱਲੀਆਂ। ਇਸ ਗੋਲੀਬਾਰੀ ਵਿੱਚ ਆਮ ਆਦਮੀ ਪਾਰਟੀ (AAP) ਦੇ ਇੱਕ ਸਥਾਨਕ ਨੇਤਾ ਸਮੇਤ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਦੋਵਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਇੱਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਜ਼ਖ਼ਮੀਆਂ ਦੀ ਪਛਾਣ ‘ਆਪ’ ਆਗੂ ਜੈਪਾਲ ਸਿੰਘ ਅਤੇ ਨਰਿੰਦਰ ਸਿੰਘ ਵਜੋਂ ਹੋਈ ਹੈ। ਨਰਿੰਦਰ ਸਿੰਘ ਘਟਨਾ ਸਥਾਨ ਦੇ ਨੇੜੇ ਹੀ ਸਪੇਅਰ ਪਾਰਟਸ ਦੀ ਦੁਕਾਨ ਚਲਾਉਂਦਾ ਹੈ।
ਪੁਲੀਸ ਦੀ ਮੁਢਲੀ ਜਾਂਚ ਅਨੁਸਾਰ, ਇਹ ਸਾਰਾ ਵਿਵਾਦ ਪੱਥਰ ਵਾਲਾ ਪਾਰਕ ਨੇੜੇ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਸ਼ੁਰੂ ਹੋਇਆ ਸੀ। ‘ਆਪ’ ਆਗੂ ਜੈਪਾਲ ਸਿੰਘ ਦੇ ਪੁੱਤਰ ਕਰਨ ਨੇ ਆਪਣੀ ਕਾਰ ਉੱਥੇ ਖੜ੍ਹੀ ਕੀਤੀ ਸੀ, ਜਿਸ 'ਤੇ ਪਾਰਕ ਦੇ ਬਿਲਕੁਲ ਸਾਹਮਣੇ ਰਹਿਣ ਵਾਲੇ ਇੱਕ ਸੇਵਾਮੁਕਤ ਪੁਲਿਸ ਕਰਮਚਾਰੀ ਤੇਜਿੰਦਰ ਸਿੰਘ ਨੇ ਇਤਰਾਜ਼ ਜਤਾਇਆ ਅਤੇ ਕਾਰ ਹਟਾਉਣ ਲਈ ਆਖਿਆ। ਇਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ, ਜੋ ਦੇਖਦੇ ਹੀ ਦੇਖਦੇ ਹਿੰਸਕ ਝੜਪ ਵਿੱਚ ਬਦਲ ਗਈ। ਇਸ ਦੌਰਾਨ ਤੇਜਿੰਦਰ ਸਿੰਘ ਦਾ ਕਿਰਾਏਦਾਰ ਨਰਿੰਦਰ ਸਿੰਘ ਅਤੇ ਉਸ ਦਾ ਪੁੱਤਰ ਵੀ ਉੱਥੇ ਪਹੁੰਚ ਗਏ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਏ.ਸੀ.ਪੀ. (ਪੂਰਬੀ) ਰਵਿੰਦਰ ਸਿੰਘ ਅਤੇ ਬੀ-ਡਿਵੀਜ਼ਨ ਦੇ ਐਸ.ਐਚ.ਓ. ਬਲਵਿੰਦਰ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ। ਪੁਲੀਸ ਨੇ ਦੋਵਾਂ ਧਿਰਾਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲਿਆਂਦਾ ਹੈ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਏ.ਸੀ.ਪੀ. ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਢਲੀ ਜਾਂਚ ਪੂਰੀ ਹੋਣ ਤੋਂ ਬਾਅਦ ਗੋਲੀਬਾਰੀ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਜਲਦੀ ਹੀ ਰਸਮੀ ਤੌਰ 'ਤੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੂਜੇ ਪਾਸੇ, ਹਲਕਾ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜੈਪਾਲ ਸਿੰਘ ਪਾਰਟੀ ਦੇ ਸਰਗਰਮ ਆਗੂ ਹਨ, ਜਿਨ੍ਹਾਂ ਨੇ ਪਿਛਲੀਆਂ ਨਗਰ ਨਿਗਮ ਚੋਣਾਂ ਵਿੱਚ ਬਤੌਰ ਕੌਂਸਲਰ ਉਮੀਦਵਾਰ ਚੋਣ ਵੀ ਲੜੀ ਸੀ। ਉਨ੍ਹਾਂ ਕਿਹਾ ਕਿ ਜ਼ਖ਼ਮੀ ਆਗੂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਕਾਨੂੰਨ ਮੁਤਾਬਕ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

