ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 29 ਜਨਵਰੀ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਵਿਹੜੇ ਵਿਚ ਸਥਾਪਤ ਕੀਤੇ ਪੰਘੂੜੇ ਵਿਚ ਇਕ ਨਵ ਜੰਮੀ ਬੱਚੀ ਪ੍ਰਾਪਤ ਹੋਈ ਹੈ। ਇਸ ਬੱਚੀ ਦੇ ਆਉਣ ਨਾਲ ਹੁਣ ਤੱਕ ਪੰਘੂੜੇ ਵਿਚ ਆਏ ਬੱਚਿਆਂ ਦੀ ਗਿਣਤੀ 189 ਤਕ ਹੋ ਗਈ ਹੈ।
ਅੱਜ ਰੈੱਡ ਕਰਾਸ ਸੁਸਾਇਟੀ ਦੀ ਚੇਅਰਪਸਨ ਡਾ. ਗੁਰਪ੍ਰੀਤ ਕੌਰ ਜੌਹਲ ਸੂਦਨ ਨੇ ਬੱਚੀ ਨੂੰ ਪੰਘੂੜੇ ਵਿਚ ਪ੍ਰਾਪਤ ਕੀਤਾ ਅਤੇ ਕਾਰਾ ਸਕੀਮ ਅਧੀਨ ਸਵਾਮੀ ਗੰਗਾ ਨੰਦਾ ਭੂਰੀ ਵਾਲੇ ਫਾਊਂਡੇਸਨ ਧਾਮ ਤਲਵੰਡੀ ਖੁਰਦ, ਲੁਧਿਆਣਾ ਭੇਜਣ ਦੀ ਪ੍ਰਕਿਰਿਆ ਪੂਰੀ ਕੀਤੀ। ਇਸ ਸਕੀਮ ਅਧੀਨ ਹੁਣ ਤਕ 158 ਲੜਕੀਆਂ ਅਤੇ 31 ਲੜਕੇ ਆ ਚੁਕੇ ਹਨ। ਇਸ ਮੌਕੇ ਰੈਡ ਕਰਾਸ ਸੁਸਾਇਟੀ ਦੇ ਕਾਰਜਕਾਰੀ ਸਕੱਤਰ ਅਸੀਸਇੰਦਰ ਸਿੰਘ ਅਤੇ ਰੈਡ ਕਰਾਸ ਦੇ ਹੋਰ ਸਟਾਫ ਮੈਂਬਰ ਮੌਜੂਦ ਸਨ। ਬੱਚੀ ਦਾ ਮੈਡੀਕਲ ਪਾਰਵਤੀ ਦੇਵੀ ਹਸਪਤਾਲ ਰਣਜੀਤ ਐਵਨਿਊ ਤੋਂ ਕਰਵਾਇਆ ਗਿਆ ਹੈ ਅਤੇ ਇਸ ਵੇਲੇ ਬੱਚੀ ਬਿਲਕੁਲ ਤੰਦਰੁਸਤ ਹੈ। ਇਸ ਲਈ ਇਸ ਬੱਚੀ ਨੂੰ ਪਾਲਣਪੋਸ਼ਣ ਅਤੇ ਕਾਨੂੰਨੀ ਅਡਾਪਸ਼ਨ ਹਿੱਤ ਡਿਪਟੀ ਕਮਿਸਨਰ ਵੱਲੋਂ ਸਰਕਾਰ ਵਲੋਂ ਨਿਰਧਾਰਤ ਸੰਸਥਾ ਵਿਖੇ ਭੇਜਿਆ ਜਾਵੇਗਾ।