ਮਲੇਸ਼ੀਆ ਦੇ ਪੇਨਾਂਗ ਤੋਂ ਉਪ ਮੁੱਖ ਮੰਤਰੀ ਦੀ ਅਗਵਾਈ ਹੇਠਲੇ ਵਫ਼ਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ
ਜਥੇਦਾਰ ਗੜਗੱਜ ਨੇ ਸਿੱਖ ਵਿਰਾਸਤ ਅਤੇ ਮਲੇਸ਼ੀਆ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸੰਭਾਲ ਪ੍ਰਤੀ ਵਫ਼ਦ ਦੀ ਵਚਨਬੱਧਤਾ ਦੀ ਕੀਤੀ ਸ਼ਲਾਘਾ
ਮਲੇਸ਼ੀਆ ਦੇ ਪੇਨਾਂਗ ਤੋਂ ਉਪ ਮੁੱਖ ਮੰਤਰੀ-II ਵਾਈ ਬੀ ਜਗਦੀਪ ਸਿੰਘ ਦਿਓ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਮਲੇਸ਼ਿਆਈ ਵਫ਼ਦ ਨੇ ਅੱਜ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ।
ਵਫ਼ਦ ਵਿੱਚ ਮਲੇਸ਼ੀਆ ਦੇ ਕਾਰੋਬਾਰੀ ਅਤੇ ਭਾਈਚਾਰਕ ਆਗੂ ਪ੍ਰੋ. ਡਾ. ਬੀ ਐੱਸ ਬੈਂਸ, ਇਤਿਹਾਸਕਾਰ ਸਿਮਰ ਸਿੰਘ, ਮੀਰਪੁਰ ਰਿਆਸਤ ਦੇ ਪਰਿਵਾਰ ਤੋਂ ਅਕਸ਼ੈ ਸਿੰਘ ਦਿਓ, ਆਰੀਅਨ ਮੈਨਨ, ਡਾ. ਸੁਖਜੋਤ ਸਿੰਘ ਅਤੇ ਸਨੀ ਖਹਿਰਾ ਸ਼ਾਮਲ ਸਨ।
ਜਗਦੀਪ ਸਿੰਘ ਦਿਓ ਨੇ ਜਥੇਦਾਰ ਨੂੰ ਜਾਣਕਾਰੀ ਦਿੱਤੀ ਕਿ ਮਲੇਸ਼ੀਆ ਵਿਖੇ ਸਿੱਖ ਸਭ ਤੋਂ ਪਹਿਲਾਂ ਪੇਨਾਂਗ ਸੂਬੇ ਵਿੱਚ ਹੀ ਗਏ ਹਨ।
ਉਹ ਪੇਨਾਂਗ ਦੇ ਸੀਨੀਅਰ ਸਿਆਸੀ ਆਗੂ ਹਨ, ਜੋ ਆਪਣੇ ਪਰਿਵਾਰ ਵਿੱਚੋਂ ਮਲੇਸ਼ੀਆ ਦੀ ਸਿਆਸਤ ਵਿੱਚ ਚੌਥੀ ਪੀੜ੍ਹੀ ਵਜੋਂ ਕਾਰਜਸ਼ੀਲ ਹਨ ਅਤੇ ਇਸ ਸਮੇਂ ਪੇਨਾਂਗ ਦੇ ਉਪ ਮੁੱਖ ਮੰਤਰੀ-II ਵਜੋਂ ਕਾਰਜ ਕਰ ਰਹੇ ਹਨ। ਉਨ੍ਹਾਂ ਕੋਲ ਮਨੁੱਖੀ ਪੂੰਜੀ ਵਿਕਾਸ, ਵਿਗਿਆਨ ਅਤੇ ਤਕਨਾਲੋਜੀ ਨਾਲ ਸਬੰਧਤ ਜ਼ਿੰਮੇਵਾਰੀਆਂ ਹਨ।
ਵਫ਼ਦ ਨੇ ਮਲੇਸ਼ੀਆ ਵਿੱਚ ਸਥਿਤ ਇਤਿਹਾਸਕ ਸਿੱਖ ਸੰਸਥਾਵਾਂ ਤੇ ਗੁਰੂ ਘਰਾਂ ਦੀ ਸੰਭਾਲ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਇਸ ਸਬੰਧ ਵਿੱਚ ਸ੍ਰੀ ਦਿਓ ਵਿਸ਼ੇਸ਼ ਤੌਰ ’ਤੇ ਜਥੇਦਾਰ ਗੜਗੱਜ ਨੂੰ ਪੇਨਾਂਗ ਵਿਖੇ ਇਤਿਹਾਸਕ ਵੱਡੇ ਗੁਰਦੁਆਰਾ ਸਾਹਿਬ ਦੀ ਮੁਰੰਮਤ ਅਤੇ ਸੰਭਾਲ ਦੇ ਸੇਵਾ ਕਾਰਜ ਮੁਕੰਮਲ ਹੋਣ ਉਪਰੰਤ ਮਲੇਸ਼ੀਆ ਵਿਖੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਇੱਕ ਸਦੀ ਤੋਂ ਵੱਧ ਪੁਰਾਣੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਮੂਲ ਇਮਾਰਤੀ ਸ਼ੈਲੀ ਅਤੇ ਧਾਰਮਿਕ ਮਹੱਤਤਾ ਨੂੰ ਸੁਰੱਖਿਅਤ ਰੱਖਣ ਦੇ ਉਦੇਸ਼ ਨਾਲ ਵੱਡੇ ਪੱਧਰ ’ਤੇ ਪੁਨਰ-ਸੰਭਾਲ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਸਤੰਬਰ ਮਹੀਨੇ ਹੋਣ ਵਾਲਾ ਪ੍ਰਸਤਾਵਿਤ ਉਦਘਾਟਨ ਸਮਾਗਮ ਮਲੇਸ਼ੀਆ ਦੇ ਸਿੱਖ ਭਾਈਚਾਰੇ ਅਤੇ ਪੰਜਾਬ ਵਿਚਕਾਰ ਇਤਿਹਾਸਕ, ਧਾਰਮਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ।
ਮੁਲਾਕਾਤ ਦੌਰਾਨ ਜਥੇਦਾਰ ਗੜਗੱਜ ਨੇ ਸਿੱਖ ਵਿਰਾਸਤ ਅਤੇ ਮਲੇਸ਼ੀਆ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸੰਭਾਲ ਪ੍ਰਤੀ ਮਲੇਸ਼ਿਆਈ ਵਫ਼ਦ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ।ਉਨ੍ਹਾਂ ਸ੍ਰੀ ਦਿਓ ਨੂੰ ਪ੍ਰੇਰਿਤ ਕੀਤਾ ਕਿ ਭਾਵੇਂ ਉਹ ਮਲੇਸ਼ੀਆ ਰਹਿ ਰਹੇ ਹਨ ਪਰ ਉਹ ਹਮੇਸ਼ਾ ਆਪਣੇ ਮੂਲ ਪੰਜਾਬ ਨਾਲ ਇਸੇ ਤਰ੍ਹਾਂ ਜੁੜੇ ਰਹਿਣ।

