ਟ੍ਰਿਬਿਉੂਨ ਨਿਉੂਜ ਸਰਵਿਸ
ਅੰਮ੍ਰਿਤਸਰ, 21 ਸਤੰਬਰ
ਇੱਥੇ ਹਵਾਈ ਅੱਡੇ ’ਤੇ ਤਾਇਨਾਤ ਕਸਟਮ ਵਿਭਾਗ ਵੱਲੋਂ ਸ਼ਾਰਜਾਹ ਤੋਂ ਆਏ ਯਾਤਰੀ ਕੋਲੋਂ 770 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ ਜਿਸ ਦੀ ਬਾਜ਼ਾਰ ਵਿੱਚ ਕੀਮਤ ਲਗਭਗ 45 ਲੱਖ 75 ਹਜ਼ਾਰ ਰੁਪਏ ਹੈ।
ਕਸਟਮ ਵਿਭਾਗ ਮੁਤਾਬਕ ਇਹ ਯਾਤਰੀ ਹਵਾਈ ਕੰਪਨੀ ਇੰਡੀਗੋ ਦੀ ਹਵਾਈ ਉਡਾਣ ਰਾਹੀਂ ਸ਼ਾਰਜਾਹ ਤੋਂ ਅੰਮ੍ਰਿਤਸਰ ਆਇਆ ਸੀ। ਸ਼ੱਕ ਪੈਣ ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਜਦੋਂ ਇਸ ਵਿਅਕਤੀ ਦੇ ਸ਼ਰੀਰ ਦੀ ਜਾਂਚ ਕੀਤੀ ਤਾਂ ਉਸ ਵੱਲੋਂ ਆਪਣੀ ਗੁਦਾ ਵਿੱਚ ਲੁਕਾਏ ਹੋਏ ਤਿੰਨ ਕੈਪਸੂਲ ਬਰਾਮਦ ਹੋਏ ਜਿਨ੍ਹਾਂ ਵਿੱਚ ਪੇਸਟ ਰੂਪ ਵਿੱਚ ਸੋਨੇ ਨੂੰ ਲੁਕਾਇਆ ਹੋਇਆ ਸੀ ਅਤੇ ਇਨ੍ਹਾਂ ਦਾ ਵਜ਼ਨ ਲਗਭਗ 950 ਗ੍ਰਾਮ ਸੀ। ਇਸ ਵਿੱਚੋਂ ਅਸਲੀ ਸੋਨਾ ਲਗਭਗ 770 ਗ੍ਰਾਮ ਬਰਾਮਦ ਹੋਇਆ ਹੈ ਜਿਸ ਦੀ ਬਾਜ਼ਾਰ ਵਿੱਚ ਕੀਮਤ 45 ਲੱਖ 75 ਹਜ਼ਾਰ 340 ਰੁਪਏ ਹੈ।
ਕਸਟਮ ਵਿਭਾਗ ਵੱਲੋਂ ਇਸ ਮਾਮਲੇ ਵਿੱਚ ਕਸਟਮ ਐਕਟ 1962 ਦੀ ਧਾਰਾ 110 ਹੇਠ ਕਾਰਵਾਈ ਕੀਤੀ ਹੈ ਅਤੇ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਵੀ ਕਸਟਮ ਵਿਭਾਗ ਨੇ ਹਵਾਈ ਅੱਡੇ ਤੋਂ ਇੱਕ ਯਾਤਰੀ ਕੋਲੋਂ ਇਸ ਤੋਂ ਵੀ ਵੱਧ ਵਜ਼ਨ ਵਿੱਚ ਸੋਨਾ ਬਰਾਮਦ ਕੀਤਾ ਸੀ। ਗੈਰਕਾਨੂੰਨੀ ਢੰਗ ਨਾਲ ਖਾੜੀ ਮੁਲਕ ਤੋਂ ਸੋਨਾ ਲਿਆਉਣ ਅਤੇ ਸੋਨੇ ਦੀ ਤਸਕਰੀ ਇਹ ਰੁਝਾਨ ਵਧ ਰਿਹਾ ਹੈ।