ਪੈਟਰੋਲ ਪੰਪ ਤੋਂ ਹਥਿਆਰ ਦੀ ਨੋਕ ’ਤੇ 40 ਹਜ਼ਾਰ ਰੁਪਏ ਲੁੱਟੇ
ਪਲਸਰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦਿੱਤਾ ਘਟਨਾ ਨੂੰ ਅੰਜ਼ਾਮ
ਥਾਣਾ ਵੈਰੋਵਾਲ ਅਧੀਨ ਆਉਂਦੇ ਖੇਤਰ ਜਲਾਲਾਬਾਦ ਰੋਡ ਘਰਾਟ ਪੁਲ ’ਤੇ ਸਥਿਤ ਇੰਡੀਅਨ ਆਇਲ ਪੈਟਰੋਲ ਪੰਪ ’ਤੇ ਤੇਜ਼ਧਾਰ ਹਥਿਆਰਾ ਨਾਲ ਲੈਸ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਲੁੱਟ ਕੀਤੀ ਗਈ।
ਪੈਟਰੋਲ ਪੰਪ ਦੇ ਮਾਲਕ ਪਰਮਬੀਰ ਸਿੰਘ ਪੰਮ ਨੇ ਦੱਸਿਆ ਕਿ ਸ਼ਾਮ 6 ਵਜੇ ਦੇ ਕਰੀਬ ਦੋ ਪਲਸਰ ਮੋਟਰਸਾਈਕਲ ਸਵਾਰਾਂ ਨੇ ਪੈਟਰੋਲ ਪਵਾਉਣ ਦੇ ਬਹਾਨੇ ਪੰਪ ’ਤੇ ਡਿਊਟੀ ਕਰ ਰਹੇ ਅੰਕੁਸ਼ ਨਾਮਕ ਕਰਿੰਦੇ ਕੋਲੋਂ ਤੇਜ਼ਧਾਰ ਹਥਿਆਰ ਦੇ ਜ਼ੋਰ ’ਤੇ ਕਰੀਬ 40 ਹਜ਼ਾਰ ਰੁਪਏ ਦੀ ਖੋਹ ਕੀਤੀ ਤੇ ਫਰਾਰ ਹੋ ਗਏ ਹਨ। ਮੌਕੇ ਤੇ ਪਹੁੰਚੇ ਥਾਣਾ ਵੈਰੋਵਾਲ ਦੇ ਐਸਐਚਓ ਪਰਮਜੀਤ ਸਿੰਘ ਵਿਰਦੀ ਵੱਲੋਂ ਮੌਕੇ ਦਾ ਜਾਇਜ਼ਾ ਲੈਂਦੇ ਹੋਏ ਲੁਟੇਰਿਆਂ ਨੂੰ ਜਲਦ ਕਾਬੂ ਕਰਨ ਦੀ ਗੱਲ ਆਖੀ ਹੈ। ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਲੁੱਟ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਨੂੰ ਲੈ ਕੇ ਸਥਾਨਕ ਪੁਲੀਸ ਪ੍ਰਸ਼ਾਸਨ ਬੇਵੱਸ ਦਿਖਾਈ ਦੇ ਰਿਹਾ ਹੈ। ਪੀੜਤ ਪੈਟਰੋਲ ਪੰਪ ਦੇ ਮਾਲਕ ਪਰਮਬੀਰ ਸਿੰਘ ਪੰਮ ਨੇ ਜ਼ਿਲ੍ਹਾ ਪੁਲੀਸ ਮੁਖੀ ਕੋਲੋਂ ਪੰਪ ਲੁੱਟਣ ਵਾਲੇ ਲੁਟੇਰਿਆਂ ਨੂੰ ਜਲਦ ਗ੍ਰਿਫ਼ਤਾਰ ਦੀ ਮੰਗ ਕੀਤੀ ਹੈ।

