ਪਾਲ ਸਿੰਘ ਨੌਲੀ
ਜਲੰਧਰ, 12 ਜਨਵਰੀ
ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਵਿੱਚ ਪੇਂਡੂ ਇਲਾਕਿਆਂ ਵਿੱਚ ਵੀ ਟਰੈਕਟਰ ਮਾਰਚ ਕੱਢੇ ਜਾ ਰਹੇ ਹਨ। ਗੁਰੂ ਕਾ ਲੰਗਰ ਟੀਮ ਦੇ ਸੱਦੇ ’ਤੇ ਇਲਾਕੇ ਦੇ ਕਿਸਾਨਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਕਸਬਾ ਕਾਲਾ ਸੰਘਿਆਂ ਤੋਂ ਟਰੈਕਟਰ ਮਾਰਚ ਕੱਢਿਆ ਗਿਆ। ਭਾਈ ਸਤੋਖ ਸਿੰਘ ਵੱਲੋਂ ਅਰਦਾਸ ਮਗਰੋਂ ਆਰੰਭ ਹੋਇਆ ਟਰੈਕਟਰ ਮਾਰਚ ਬਲੇਰਖਾਨਪੁਰ, ਧੰਦਲ, ਨੱਥੂ ਚਾਹਲ, ਰਜਾਪੁਰ ਮੋੜ, ਕੱਸੋਚਾਹਲ, ਗੋਸਲ, ਸਿੱਧਵਾਂ ਦੋਨਾ, ਕੇਸਰਪੁਰ, ਬਡਿਆਲ, ਸੰਧੂ ਚੱਠਾ, ਜੱਲੋਵਾਲ ਮਾਧੋਪੁਰ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਵਾਪਸ ਕਾਲਾ ਸੰਘਿਆਂ ਦੀ ਦਾਣਾ ਮੰਡੀ ਵਿੱਚ ਪੁੱਜ ਕੇ ਸਮਾਪਤ ਹੋਇਆ। ਇਸ ਦੌਰਾਨ 26 ਜਨਵਰੀ ਤੋਂ ਪਹਿਲਾਂ ਸਭ ਨੂੰ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਗਿਆ।
ਕਰੀਬ 300 ਟਰੈਕਟਾਂ ਦੇ ਕਾਫਲੇ ਦੀ ਪਿੰਡ ਬਿਹਾਰੀਪੁਰ, ਸੈਦੋਵਾਲ, ਸਿਧਵਾਂ ਦੋਨਾ, ਮੰਨਣ ਦੋਨਾ, ਖੁਸਰੋਪੁਰ, ਸੰਧੂ ਚੱਠਾ ਵਿਖੇ ਸੰਗਤ ਦੀ ਚਾਹ ਪਕੌੜੇ, ਮਠਿਆਈਆਂ ਅਤੇ ਫਰੂਟ ਨਾਲ ਸੇਵਾ ਕੀਤੀ ਗਈ। ਇਸ ਮੌਕੇ ਬੋਲਦਿਆਂ ਟੀਮ ਦੇ ਮੁੱਖ ਸੇਵਾਦਾਰ ਡਾ. ਸੁਰਜੀਤ ਸਿੰਘ ਖੁਸਰੋਪੁਰ, ਬਲਜੀਤ ਸਿੰਘ ਸੰਘਾ, ਪਿਆਰਾ ਸਿੰਘ ਖਾਲਸਾ, ਗੁਰਦਾਵਰ ਸਿੰਘ ਜੱਲੋਵਾਲ, ਰਾਗੀ ਭਾਈ ਗੁਰਦੇਵ ਸਿੰਘ, ਕੁਲਦੀਪ ਸਿੰਘ ਕੇਸਰਪੁਰ ਨੇ ਕਿਹਾ ਕਿ ਜਿੰਨੀ ਦੇਰ ਤੱਕ ਕਾਲੇ ਕਨੂੰਨ ਰੱਦ ਨਹੀਂ ਹੁੰਦੇ ਇਹ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਵੱਖ ਵੱਖ ਪੜਾਵਾਂ ’ਤੇ ਕਿਸਾਨ-ਮਜ਼ਦੂਰ ਏਕਤਾ ਦੇ ਨਾਅਰੇ ਤੇ ਜੈਕਾਰਿਆਂ ਨਾਲ ਅਕਾਸ਼ ਗੂੰਜ ਉੱਠਿਆ।
ਮਾਨਸਰ (ਮਨਪ੍ਰੀਤ ਸਿੰਘ): ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ। ਗਣਤੰਤਰ ਦਿਵਸ ਮੌਕੇ ਕੀਤੀ ਜਾਣ ਵਾਲੀ ਕਿਸਾਨ ਪਰੇਡ ਦੀ ਤਿਆਰੀ ਵਜੋਂ ਕੀਤੇ ਇਸ ਕਿਸਾਨ ਮਾਰਚ ਦੌਰਾਨ ਕਿਸਾਨਾਂ ਵੱਲੋਂ ਟਾਡਾ ਰਾਮ ਸਹਾਏ ਤੋਂ ਸ਼ੁਰੂ ਹੋਇਆ ਟਰੈਕਟਰ ਮਾਰਚ ਬਰੋਟਾ, ਮੋਲੀ, ਮਹਿੰਦੀਪੁਰ, ਧਨੋਆ, ਝੰਗੀ, ਭੱਟੀਆਂ ਜੱਟਾਂ, ਸੁਲੈਹਿਰੀਆਂ ਖੁਰਦ, ਲੋਹਗੜ੍ਹ, ਲਤੀਫਪੁਰ, ਖਾਨਪੁਰ, ਚੱਕ ਕਲਾਂ ਬਖ਼ਸ, ਮੁਕੇਰੀਆਂ, ਭੰਗਾਲਾ ਤੋਂ ਹੁੰਦਾ ਹੋਇਆਂ ਮਾਨਸਰ ਟੌਲ ਪਲਾਜ਼ਾ ’ਤੇ ਜਾ ਕੇ ਖਤਮ ਹੋਇਆ। ਸਰਪੰਚ ਮੋਹਨ ਸਿੰਘ, ਨਿਰਮਲ ਸਿੰਘ, ਸੁਰਜੀਤ ਸਿੰਘ ਭੱਟੀਆਂ ਜੱਟਾਂ ਤੇ ਸਵਰਨ ਸਿੰਘ ਸੁਲੈਹਿਰੀਆਂ ਨੇ ਕਿਹਾ ਕਿ ਲੋਕਾਂ ਨੂੰ ਕਾਲੇ ਕਾਨੂੰਨਾਂ ਦੀ ਅਸਲੀਅਤ ਤੋਂ ਜਾਣੂ ਕਰਵਾਉਣਾ ਟਰੈਕਟਰ ਮਾਰਚ ਦਾ ਅਸਲ ਮਕਸਦ ਹੈ ਜਦੋਂ ਕਿ ਇਹ ਮਾਰਚ 26 ਜਨਵਰੀ ਵਾਲੀ ਟਰੈਕਟਰ ਪਰੇਡ ਦਾ ਅਭਿਆਸ ਵੀ ਹੈ।
ਕਿਰਤੀ ਕਿਸਾਨ ਯੂਨੀਅਨ ਨੇ ਮੋਟਰਸਾਈਕਲ ਮਾਰਚ ਕੱਢਿਆ
ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਨੌਜਵਾਨਾਂ ਵੱਲੋਂ 26 ਜਨਵਰੀ ਨੂੰ ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਟਰੈਕਟਰ ਮਾਰਚ ਵਿੱਚ ਸ਼ਮੂਲੀਅਤ ਕਰਨ ਲਈ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਪਿੰਡਾਂ ’ਚ ਮੋਟਸਾਈਕਲ ਮਾਰਚ ਕੱਢਿਆ ਗਿਆ। ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਪੂੰਜੀਪਤੀਆਂ ਅੱਗੇ ਗੋਡੇ ਟੇਕ ਕੇ ਕਿਸਾਨੀ ਨੂੰ ਖਤਮ ਕਰਨ ਦੇ ਰਾਹ ਪਈ ਹੋਈ ਹੈ ਜਦ ਕਿ ਪੰਜਾਬ ਦੇ ਅਣਖੀ ਲੋਕ ਆਪਣੀਆਂ ਜ਼ਮੀਨਾਂ ਖੁੱਸਣ ਨਹੀਂ ਦੇਣਗੇ, ਚਾਹੇ ਇਸ ਲਈ ਉਨ੍ਹਾਂ ਨੂੰ ਕੋਈ ਵੀ ਵੱਡੀ ਕੁਰਬਾਨੀ ਕਿਉਂ ਨਾ ਦੇਣੀ ਪਵੇ।