DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਫ਼ਲਦਾਰ ਬੂਟਿਆਂ ’ਚ ਕੇਰੇ ਦੀ ਰੋਕਥਾਮ ਅਤੇ ਗੁਣਵੱਤਾ ਸੁਧਾਰ ਲਈ ਨੁਕਤੇ

ਫ਼ਲਦਾਰ ਬੂਟਿਆਂ ਵਿੱਚ ਫੁੱਲ ਅਤੇ ਛੋਟੇ ਫ਼ਲਾਂ ਦੇ ਸਮੇਂ ਤੋਂ ਪਹਿਲਾਂ ਝੜਨ ਦੀ ਸਮੱਸਿਆ ਕਾਰਨ ਉਤਪਾਦਨ ਵਿੱਚ ਕਮੀ ਆਉਂਦੀ ਹੈ ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਇਸ ਸਮੱਸਿਆ ਲਈ ਵੱਧ ਤਾਪਮਾਨ, ਅਨਿਯਮਿਤ ਵਰਖਾ, ਪਾਣੀ ਦੀ ਘਾਟ ਜਾਂ...

  • fb
  • twitter
  • whatsapp
  • whatsapp
Advertisement

ਫ਼ਲਦਾਰ ਬੂਟਿਆਂ ਵਿੱਚ ਫੁੱਲ ਅਤੇ ਛੋਟੇ ਫ਼ਲਾਂ ਦੇ ਸਮੇਂ ਤੋਂ ਪਹਿਲਾਂ ਝੜਨ ਦੀ ਸਮੱਸਿਆ ਕਾਰਨ ਉਤਪਾਦਨ ਵਿੱਚ ਕਮੀ ਆਉਂਦੀ ਹੈ ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਇਸ ਸਮੱਸਿਆ ਲਈ ਵੱਧ ਤਾਪਮਾਨ, ਅਨਿਯਮਿਤ ਵਰਖਾ, ਪਾਣੀ ਦੀ ਘਾਟ ਜਾਂ ਬਹੁਤਾਤ, ਪੋਸ਼ਕ ਤੱਤਾਂ ਦੀ ਕਮੀ, ਪਰਾਗਣ ਦੀ ਘਾਟ, ਕੀੜੇ ਤੇ ਬਿਮਾਰੀਆਂ ਦੇ ਹਮਲੇ ਮੁੱਖ ਕਾਰਨ ਹਨ। ਹਾਲਾਂਕਿ ਕੁਝ ਹੱਦ ਤੱਕ ਫੁੱਲ ਅਤੇ ਫ਼ਲ ਝੜਨਾ ਕੁਦਰਤੀ ਪ੍ਰਕਿਰਿਆ ਹੁੰਦੀ ਹੈ ਪਰ ਜੇ ਇਹ ਵੱਧ ਮਾਤਰਾ ਵਿੱਚ ਝੜਨ ਤਾਂ ਅੰਬ, ਕਿੰਨੂ, ਅਮਰੂਦ, ਅਨਾਰ, ਅਲੂਚਾ, ਬੇਰ ਅਤੇ ਲੀਚੀ ਵਰਗੀਆਂ ਫ਼ਸਲਾਂ ਦੇ ਝਾੜ ’ਤੇ ਗੰਭੀਰ ਅਸਰ ਪੈਂਦਾ ਹੈ। ਫੁੱਲ ਆਉਣ ਅਤੇ ਫ਼ਲ ਬਣਨ ਦੇ ਸਮੇਂ ਖੇਤ ਵਿੱਚ ਨਮੀ ਬਣਾਈ ਰੱਖੀ ਜਾਵੇ, ਖਾਦਾਂ ਦੀ ਸੰਤੁਲਿਤ ਵਰਤੋਂ ਕੀਤੀ ਜਾਵੇ ਅਤੇ ਬੋਰਾਨ ਤੇ ਜ਼ਿੰਕ ਅਤੇ ਪੋਟਾਸ਼ ਵਰਗੇ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ। ਫੁੱਲਾਂ ਦੇ ਸਮੇਂ ਬੇਲੋੜੀਆਂ ਕੀਟਨਾਸ਼ਕ ਦਵਾਈਆਂ ਦੇ ਛਿੜਕਾਅ ਤੋਂ ਗੁਰੇਜ਼ ਕੀਤਾ ਜਾਵੇ ਤਾਂ ਜੋ ਮਧੂ ਮੱਖੀਆਂ ਅਤੇ ਹੋਰ ਪਰਾਗਣ ਕਰਨ ਵਾਲੇ ਕੀੜਿਆਂ ਦੀ ਗਿਣਤੀ ਪ੍ਰਭਾਵਿਤ ਨਾ ਹੋਵੇ।

ਬਾਗ਼ਾਂ ਦੀ ਨਿਯਮਿਤ ਦੇਖਭਾਲ, ਸਮੇਂ ਸਿਰ ਸਿੰਜਾਈ, ਕੀੜੇ ਅਤੇ ਬਿਮਾਰੀਆਂ ਦਾ ਢੁਕਵਾਂ ਪ੍ਰਬੰਧਨ ਅਤੇ ਲੋੜ ਪੈਣ ’ਤੇ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਬੂਟੇ ਦੇ ਵਾਧੇ ਵਾਲੇ ਹਾਰਮੋਨਾਂ ਦੀ ਵਰਤੋਂ ਕਰਨ ਨਾਲ ਫੁੱਲ ਅਤੇ ਫ਼ਲ ਝੜਨ ਦੀ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਬਦਲਦੇ ਮੌਸਮ ਦੌਰਾਨ ਵਿਗਿਆਨਕ ਬਾਗ਼ਬਾਨੀ ਤਕਨੀਕਾਂ ਨੂੰ ਅਪਣਾਉਣਾ ਸਮੇਂ ਦੀ ਲੋੜ ਹੈ ਤਾਂ ਜੋ ਉਤਪਾਦਨ ਵਿੱਚ ਵਾਧਾ ਹੋਵੇ ਅਤੇ ਕਿਸਾਨਾਂ ਦੀ ਆਮਦਨ ਸੁਰੱਖਿਅਤ ਰਹੇ। ਫੁੱਲ ਅਤੇ ਫ਼ਲ ਝੜਨ ਦੇ ਮੁੱਖ ਕਾਰਨ ਬੂਟੇ ਵਿੱਚ ਨਾਈਟ੍ਰੋਜਨ, ਪੋਟਾਸ਼ੀਅਮ, ਜ਼ਿੰਕ ਜਾਂ ਮੈਗਨੀਜ਼ ਦੀ ਘਾਟ ਹੋਣਾ, ਮਿੱਟੀ ਵਿੱਚ ਲੰਮੇ ਸਮੇਂ ਤੱਕ ਖੁਸ਼ਕੀ (ਸੋਕਾ) ਰਹਿਣਾ ਅਤੇ ਫਿਰ ਭਾਰੀ ਸਿੰਜਾਈ ਕਰਨਾ, ਬੂਟੇ ਵਿੱਚ ਈਥੇਲੀਨ ਦੀ ਮਾਤਰਾ ਵਧ ਜਾਣਾ, ਉੱਲੀ ਜਾਂ ਫ਼ਲ ਦੀ ਮੱਖੀ ਅਤੇ ਸੁੰਡੀ ਦਾ ਹਮਲਾ ਹੈ।

Advertisement

ਛਿੜਕਾਅ: ਅਮਰੂਦ ਵਿੱਚ ਫ਼ਲ ਬਣਨ ਦੀ ਸ਼ੁਰੂਆਤ ਵਿੱਚ ਨੈਪਥਲੀਨ ਐਸੇਟਿਕ ਐਸਿਡ (ਐੱਨ ਏ ਏ) ਦਾ ਛਿੜਕਾਅ ਕਰਨ ਨਾਲ ਫ਼ਲ ਝੜਨ ਦੀ ਦਰ ਕਾਫੀ ਘੱਟ ਜਾਂਦੀ ਹੈ। ਬੇਰਾਂ ਨੂੰ ਪੱਕਣ ਤੋਂ ਪਹਿਲਾਂ ਝੜਨ ਤੋਂ ਰੋਕਣ ਲਈ ਐੱਨ ਏ ਏ (15 ਗ੍ਰਾਮ 500 ਲਿਟਰ ਪਾਣੀ) ਦੇ ਦੋ ਛਿੜਕਾਅ ਕ੍ਰਮਵਾਰ ਅਕਤੂਬਰ ਅਤੇ ਨਵੰਬਰ ਦੇ ਦੂਸਰੇ ਪੰਦਰਵਾੜੇ ਕਰਨੇ ਚਾਹੀਦੇ ਹਨ। ਅਲੂਚੇ ਵਿੱਚ ਐੱਨ ਏ ਏ (ਇੱਕ ਗ੍ਰਾਮ 100 ਲਿਟਰ ਪਾਣੀ) ਦੇ ਦੋ ਛਿੜਕਾਅ ਅਪਰੈਲ ਦੇ ਦੂਜੇ ਅਤੇ ਚੌਥੇ ਹਫ਼ਤੇ ਜਾਂ ਈਥਰਲ ਦਾ ਇਕ ਛਿੜਕਾਅ (25 ਮਿਲੀਲਿਟਰ ਈਥਰਲ ਪ੍ਰਤੀ 100 ਲਿਟਰ ਪਾਣੀ) ਮਾਰਚ ਦੇ ਚੌਥੇ ਹਫ਼ਤੇ (ਗਿਟਕ ਸਖ਼ਤ ਹੋਣ ਤੋਂ ਬਾਅਦ) ਕਰਨ ਨਾਲ ‘ਸਤਲੁਜ ਪਰਪਲ’ ਕਿਸਮ ਦੇ ਫ਼ਲ ਦਾ ਕੇਰਾ ਘੱਟਦਾ ਹੈ। ਲੀਚੀ ਵਿੱਚ ਫ਼ਲ ਪੈਣ ਤੋਂ 10 ਦਿਨ ਬਾਅਦ ਐੱਨ ਏ ਏ (2 ਗ੍ਰਾਮ 100 ਲਿਟਰ ਪਾਣੀ) ਦਾ ਘੋਲ ਤਿਆਰ ਕਰਕੇ ਛਿੜਕਾਅ ਕਰੋ ਜੋ ਫ਼ਲ ਡਿੱਗਣ ਨੂੰ ਕਾਫ਼ੀ ਹੱਦ ਤੱਕ ਘਟਾਉਂਦਾ ਹੈ। ਅੰਬ ਲਈ 10 ਗ੍ਰਾਮ 2, 4-ਡੀ ਸੋਡੀਅਮ ਸਾਲਟ ਨੂੰ 500 ਲਿਟਰ ਪਾਣੀ ਵਿੱਚ ਘੋਲ ਕੇ ਅਪਰੈਲ ਦੇ ਅਖ਼ੀਰਲੇ ਹਫ਼ਤੇ ਜਾਂ ਮਈ ਦੇ ਪਹਿਲੇ ਹਫ਼ਤੇ ਸਪਰੇਅ ਕਰਨ ਨਾਲ ਦੁਸਹਿਰੀ ਤੇ ਲੰਗੜਾ ਕਿਸਮਾਂ ਵਿੱਚ ਕ੍ਰਮਵਾਰ ਫ਼ਲਾਂ ਦੇ ਝੜਨ ਨੂੰ ਰੋਕਿਆ ਜਾ ਸਕਦਾ ਹੈ।

Advertisement

ਕਿੰਨੂ ਵਿੱਚ ਜਿਬਰੈਲਿਕ ਐਸਿਡ (10 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਅੱਧ ਅਪਰੈਲ, ਅਗਸਤ ਅਤੇ ਸਤੰਬਰ ਮਹੀਨੇ ਕਰਨ ਨਾਲ ਫ਼ਲ ਦਾ ਝੜਨਾ ਰੋਕਿਆ ਜਾ ਸਕਦਾ ਹੈ। ਨਿੰਬੂ ਜਾਤੀ ਵਿੱਚ ਜ਼ਿੰਕ ਅਤੇ ਮੈਗਨੀਜ਼ ਦੀ ਘਾਟ ਪੂਰੀ ਕਰਨ ਲਈ ਜ਼ਿੰਕ ਸਲਫੇਟ (4.70 ਗ੍ਰਾਮ ਪ੍ਰਤੀ ਲਿਟਰ ਪਾਣੀ) ਅਤੇ ਮੈਗਨੀਜ਼ ਸਲਫੇਟ (3.30 ਗ੍ਰਾਮ ਪ੍ਰਤੀ ਲਿਟਰ ਪਾਣੀ) ਰਲਾ ਕੇ ਅਪਰੈਲ ਦੇ ਅੰਤ ਅਤੇ ਅੱਧ ਅਗਸਤ ਦੌਰਾਨ ਸਪਰੇਅ ਕਰੋ। ਅਮਰੂਦ ਵਿੱਚ ਜ਼ਿੰਕ ਦੀ ਘਾਟ ਨੂੰ ਜ਼ਿੰਕ ਸਲਫੇਟ ਤੇ ਚੂਨੇ (1 ਕਿਲੋ ਜ਼ਿੰਕ ਸਲਫੇਟ+ ਅੱਧਾ ਕਿਲੋ ਅਣਬੁਝਿਆ ਚੂਨਾ 100 ਲਿਟਰ ਪਾਣੀ ’ਚ) ਦੇ ਘੋਲ ਦਾ ਛਿੜਕਾਅ ਕਰਕੇ ਪੂਰਾ ਕੀਤਾ ਜਾ ਸਕਦਾ ਹੈ। ਜੂਨ ਤੋਂ ਸਤੰਬਰ ਵਿੱਚ ਪੰਦਰਾਂ ਦਿਨ ਦੇ ਵਕਫ਼ੇ ਨਾਲ ਇਹੋ ਜਿਹੇ ਦੋ-ਤਿੰਨ ਛਿੜਕਾਅ ਕਰੋ।

ਬੇਰ ਵਿੱਚ ਫ਼ਲਾਂ ਦੇ ਵਿਕਾਸ ਸਮੇਂ 1.5 ਫ਼ੀਸਦੀ ਪੋਟਾਸ਼ੀਅਮ ਨਾਈਟ੍ਰੇਟ (15 ਗ੍ਰਾਮ ਪ੍ਰਤੀ ਲਿਟਰ ਪਾਣੀ) ਦੇ ਦੋ ਛਿੜਕਾਅ, ਪਹਿਲਾ ਅੱਧ ਨਵੰਬਰ ਅਤੇ ਦੂਜਾ ਅੱਧ ਜਨਵਰੀ ਕਰਨ ਨਾਲ ਫ਼ਲ ਟਾਹਣੀਆਂ ਨਾਲ ਮਜ਼ਬੂਤੀ ਨਾਲ ਜੁੜੇ ਰਹਿੰਦੇ ਹਨ। ਨਿੰਬੂ ਜਾਤੀ ਵਿੱਚ ਫ਼ਲਾਂ ਨੂੰ ਝੜਨ ਤੋਂ ਰੋਕਣ ਲਈ ਰੋਕਥਾਮ ਜ਼ਰੂਰੀ ਹੈ ਜਿਵੇਂ ਫ਼ਲ ਕੇਰ ਦਾ ਵਾਧਾ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ਼ੁਰੂ ਹੁੰਦਾ ਹੈ। ਇਸ ਲਈ ਫ਼ਲ ਤੋੜਨ ਤੋਂ ਬਾਅਦ ਜਨਵਰੀ-ਫਰਵਰੀ ਵਿੱਚ ਸਾਰੀ ਸੋਕ ਕੱਟ ਕੇ ਸਾੜ ਦਿਓ ਅਤੇ ਬੋਰਡੋ ਮਿਸ਼ਰਣ (2:2:250) ਜਾਂ ਕੌਪਰ ਔਕਸੀਕਲੋਰਾਈਡ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਕਰੋ। ਇਨ੍ਹਾਂ ਦਵਾਈਆਂ ਦੇ ਤਿੰਨ ਹੋਰ ਛਿੜਕਾਅ ਮਾਰਚ, ਜੁਲਾਈ ਅਤੇ ਸਤੰਬਰ ਵਿੱਚ ਕਰੋ। ਲੀਚੀ ਵਿੱਚ ਫੁੱਲ ਨਿਕਲਣ ਅਤੇ ਫ਼ਲ ਬਣਨ ਵੇਲੇ ਬੋਰਾਨ (2 ਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਸਪਰੇਅ ਕਰਨ ਨਾਲ ਫ਼ਲਾਂ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ। ਅਲੂਚੇ ਵਿੱਚ ਜ਼ਿੰਕ ਦੀ ਘਾਟ ਪੂਰੀ ਕਰਨ ਲਈ 3 ਕਿਲੋ ਜ਼ਿੰਕ ਸਲਫੇਟ, ਡੇਢ ਕਿਲੋ ਅਣਬੁਝਿਆ ਚੂਨਾ, 500 ਲਿਟਰ ਪਾਣੀ ਵਿੱਚ ਘੋਲ ਕੇ ਇੱਕ ਏਕੜ ਰਕਬੇ ਵਿੱਚ ਬੂਟਿਆਂ ’ਤੇ ਛਿੜਕਾਅ ਕਰੋ।

ਸਿੰਜਾਈ ਅਤੇ ਨਮੀ ਪ੍ਰਬੰਧਨ: ਜ਼ਮੀਨ ਨੂੰ ਜ਼ਿਆਦਾ ਸਮਾਂ ਸੁੱਕਾ ਰੱਖਣ ਜਾਂ ਫਿਰ ਬੇਲੋੜੀ ਸਿੰਜਾਈ ਕਰਨ ਨਾਲ ਵੀ ਫ਼ਲ ਝੜਨ ਲੱਗਦੇ ਹਨ। ਬਾਰਿਸ਼ਾਂ ਦੇ ਦਿਨਾਂ ਵਿੱਚ ਬਾਗ਼ ਦੇ ਅੰਦਰ ਪਾਣੀ ਖੜ੍ਹਾ ਨਾ ਹੋਣ ਦਿਓ, ਨਿਕਾਸੀ ਦਾ ਉਚੇਚਾ ਪ੍ਰਬੰਧ ਰੱਖੋ। ਬਾਗ਼ ਵਿੱਚ ਨਮੀ ਬਣਾਈ ਰੱਖੋ। ਖਾਸ ਕਰਕੇ ਫ਼ਲ ਬਣਨ ਅਤੇ ਵਿਕਾਸ ਦੌਰਾਨ ਪਾਣੀ ਦੀ ਘਾਟ ਨਾ ਆਉਣ ਦਿਓ। ਗਰਮੀ ਦੇ ਮੌਸਮ ਵਿੱਚ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਰੋਜ਼ਾਨਾ ਲੋੜ ਮੁਤਾਬਕ ਪਾਣੀ ਦਿਓ ਤਾਂ ਜੋ ਸੋਕੇ ਕਾਰਨ ਫ਼ਲ ਨਾ ਡਿੱਗਣ। ਜ਼ਮੀਨ ਵਿੱਚ ਨਮੀ ਨੂੰ ਸਥਿਰ ਰੱਖਣ ਲਈ ਬੂਟਿਆਂ ਦੁਆਲੇ ਪਰਾਲੀ ਲਾਓ। ਪਾਣੀ ਦੀ ਲੋੜ ਅਨੁਸਾਰ ਵਰਤੋਂ ਕਰੋ ਅਤੇ ਜ਼ਮੀਨ ਨੂੰ ਬਹੁਤ ਜ਼ਿਆਦਾ ਡੂੰਘਾ ਨਾ ਵਾਹੋ।

ਬਿਮਾਰੀਆਂ ਦੀ ਰੋਕਥਾਮ: ਮੱਖੀ ਦੇ ਹਮਲੇ ਕਾਰਨ ਫ਼ਲ ਅੰਦਰੋਂ ਸੜ ਕੇ ਡਿੱਗਣ ਲੱਗ ਪੈਂਦੇ ਹਨ। ਇਸ ਦੀ ਰੋਕਥਾਮ ਲਈ ਬਾਗ਼ ਵਿੱਚ ਸਿਫ਼ਾਰਸ਼ ਕੀਤੇ ਪੀ ਏ ਯੂ ਫਰੂਟ ਫਲਾਈ ਟਰੈਪ 16 ਪ੍ਰਤੀ ਏਕੜ ਦੇ ਹਿਸਾਬ ਨਾਲ ਅਮਰੂਦ ਦੇ ਬਾਗ ਵਿੱਚ ਜੁਲਾਈ ਦੇ ਪਹਿਲੇ ਹਫ਼ਤੇ ਅਤੇ ਕਿੰਨੂਆਂ ਦੇ ਬਾਗ਼ ਵਿੱਚ ਅਗਸਤ ਮਹੀਨੇ ਲਾਓ। ਡਿੱਗੇ ਹੋਏ ਅਤੇ ਕੀੜੇ ਵਾਲੇ ਫ਼ਲਾਂ ਨੂੰ ਇਕੱਠਾ ਕਰਕੇ ਜ਼ਮੀਨ ਵਿੱਚ ਡੂੰਘਾ ਦੱਬ ਦਿਓ ਤਾਂ ਜੋ ਕੀਟ ਅੱਗੇ ਨਾ ਵਧਣ। ਅੰਬ ’ਤੇ ਛੜੱਪਾਮਾਰ ਤੇਲੇ ਦੇ ਹਮਲੇ ਦੀ ਰੋਕਥਾਮ ਲਈ 800 ਮਿਲੀਲਿਟਰ ਮੈਲਾਥੀਅਨ, 50 ਈ ਸੀ 500 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਉੱਲੀ ਤੋਂ ਬਚਾਅ ਲਈ ਬੇਰ ਦੇ ਬੂਟਿਆਂ ’ਤੇ 250 ਗ੍ਰਾਮ ਵੈਟੇਬਲ ਸਲਫਰ ਜਾਂ ਕੈਰਾਥੇਨ 40 ਈ ਸੀ (50 ਮਿਲੀਲਿਟਰ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਅੱਧ ਸਤੰਬਰ (ਫੁੱਲਾਂ ਵੇਲੇ), ਅੱਧ ਅਕਤੂਬਰ, ਅੱਧ ਨਵੰਬਰ ਅਤੇ ਅੱਧ ਦਸੰਬਰ ਦੌਰਾਨ ਛਿੜਕਾਅ ਕਰੋ।

* ਕ੍ਰਿਸ਼ੀ ਵਿਗਿਆਨ ਕੇਂਦਰ ਫਤਿਹਗੜ੍ਹ ਸਾਹਿਬ

ਸੰਪਰਕ: 94637-28095

Advertisement
×