
ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 15 ਮਈ
ਇਥੇ ਜੀਟੀ ਰੋਡ ਉਪਰ ਸਥਿਤ ਦਾਣਾ ਮੰਡੀ ਵਿੱਚ ਡੇਢ ਮਹੀਨੇ ਤੋਂ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਮੰਡੀ ਮਜ਼ਦੂਰਾਂ ਲਈ ਪ੍ਰੇਸ਼ਾਨੀ ਬਣ ਗਈ ਹੈ। ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਨਵੀਂ ਅਨਾਜ ਮੰਡੀ ਜੰਡਿਆਲਾ ਗੁਰੂ ਦੀ ਮਜ਼ਦੂਰ ਯੂਨੀਅਨ ਨੇ ਇਸ ਕਾਰਨ ਅੱਜ ਮੰਡੀ ਬੋਰਡ ਜੰਡਿਆਲਾ ਗੁਰੂ ਦੇ ਮੰਡੀ ਸਥਿਤ ਦਫ਼ਤਰ ਸਾਹਮਣੇ ਅਣਮਿੱਥੇ ਸਮੇਂ ਦੀ ਹੜਤਾਲ ਕਰ ਦਿੱਤੀ ਅਤੇ ਐੱਫਸੀਆਈ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਮਜ਼ਦੂਰਾਂ ਦੇ ਪ੍ਰਧਾਨ ਨੰਦਨ ਸਿੰਘ ਤੇ ਮੀਤ ਪ੍ਰਧਾਨ ਹਰਭਜਨ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਵੱਲੋਂ ਲਿਫਟਿੰਗ ਕਰਨ ਲਈ ਠੇਕੇਦਾਰ ਨੂੰ ਟੈਂਡਰ ਦਿੱਤਾ ਹੋਇਆ ਹੈ ਪਰ ਲਿਫਟਿੰਗ ਕਰਨ ਲਈ ਉਸ ਕੋਲ ਗੱਡੀਆਂ ਨਹੀਂ ਹਨ, ਜਿਸ ਕਾਰਨ ਡੇਢ ਮਹੀਨੇ ਤੋਂ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਅਤੇ ਉਹ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।
ਹੁਣ ਹਾਲਾਤ ਇਹੋ ਜਿਹੇ ਹਨ ਕੇ ਮਜ਼ਦੂਰਾਂ ਨੂੰ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਲ ਹੋ ਗਿਆ ਹੈ। ਉਥੇ ਹੀ ਦੂਸਰੇ ਪਾਸੇ ਮੰਡੀ ਵਿਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ। ਅਨਾਜ ਮੰਡੀ ਵਿੱਚ ਕਣਕ ਲਗਾਤਾਰ ਚੋਰੀ ਹੋ ਰਹੇ ਹੈ, ਜਿਸ ਦਾ ਖ਼ਮਿਆਜ਼ਾ ਵੀ ਭੁਗਤਣਾ ਪੈਂਦਾ ਹੈ। ਮਜ਼ਦੂਰਾਂ ਨੇ ਚਿਤਾਵਨੀ ਦਿੰਦਿਆਂ ਹੋਇਆਂ ਕਿਹਾ ਜੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਲਦੀ ਨਹੀਂ ਕੀਤਾ ਗਿਆ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ। ਇਸ ਸਬੰਧੀ ਦਾਣਾ ਮੰਡੀ ਦੇ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਸੁਰਜੀਤ ਸਿੰਘ ਕੰਗ ਨੇ ਕਿਹਾ ਮੰਡੀ ਵਿੱਚ ਲਿਫਟਿੰਗ ਦੀ ਰਫ਼ਤਾਰ ਬਹੁਤ ਹੌਲੀ ਹੈ। ਹੁਣ ਤੱਕ ਵੀ ਮੰਡੀ ਵਿਚ 5 ਲੱਖ 70 ਹਜ਼ਾਰ ਕਣਕ ਦੀਆਂ ਬੋਰੀਆਂ ਹਨ ਅਤੇ ਇਸ ਹੌਲੀ ਰਫ਼ਤਾਰ ਕਾਰਨ ਮੰਡੀ ਵਿੱਚ ਕਣਕ ਚੁੱਕਣ ਨੂੰ ਮਹੀਨਾ ਲੱਗ ਸਕਦਾ ਹੈ। ਲਿਫਟਿੰਗ ਦੀ ਰਫ਼ਤਾਰ ਮੱਧਮ ਹੋਣ ਕਾਰਨ ਮੰਡੀ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਣਾ ਮੁਸ਼ਕਲ ਹੋ ਗਿਆ ਹੈ। ਮੰਡੀ ਵਿੱਚ ਚੋਰੀ ਸਬੰਧੀ ਗੱਲ ਕਰਦਿਆਂ ਕਿਹਾ ਯੂਨੀਅਨ ਵੱਲੋਂ ਆਪਣੇ ਪੱਧਰ ਉਪਰ ਗਾਰਡ ਰੱਖੇ ਗਏ ਹਨ ਅਤੇ ਹੁਣ ਉਸ ਤੋਂ ਬਾਅਦ ਚੋਰੀ ਨੂੰ ਠੱਲ੍ਹ ਪਈ ਹੈ ਡੀਐੱਫਐੱਸਸੀ ਅਮਨਜੀਤ ਸਿੰਘ ਸੰਧੂ ਨੇ ਕਿਹਾ ਉਹ ਖੁਦ ਇਸ ਮਾਮਲੇ ਨੂੰ ਦੇਖ ਰਹੇ ਹਨ, ਜੇ ਮਸਲਾ ਨਾ ਸੁਲਝਿਆ ਤਾਂ ਉਹ ਆਪਣੇ ਉੱਪਰ ਦੇ ਅਧਿਕਾਰੀਆਂ ਤੱਕ ਇਹ ਮਾਮਲਾ ਪਹੁੰਚਿਆ ਦੇਣਗੇ।
ਇਸ ਮੌਕੇ ਹੜਤਾਲੀਆਂ ਵਿਚ ਦਿਆਲ ਸਿੰਘ, ਰਾਜੂ ਸਿੰਘ, ਹਰਨਾਮ ਸਿੰਘ, ਮੰਗਲ ਸਿੰਘ, ਬਲਵਿੰਦਰ ਸਿੰਘ, ਦਿਲਬਾਗ ਸਿੰਘ, ਸਨੋਜ ਚੌਧਰੀ, ਮੇਜਰ ਸਿੰਘ ਅਤੇ ਹੋਰ ਬਹੁਤ ਸਾਰੇ ਮਜ਼ਦੂਰ ਅਤੇ ਆੜ੍ਹਤੀਏ ਮਜ਼ਦੂਰ ਸਨ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ