
ਜੋਗਿੰਦਰ ਸਿੰਘ ਮਾਨ
ਮਾਨਸਾ, 25 ਮਾਰਚ
ਕੇਂਦਰ ਸਰਕਾਰ ਵਲੋਂ ਸਾਉਣੀ ਦੀ ਫ਼ਸਲ ਨਰਮੇ ਦੀ ਬੀਜਾਈ ਲਈ ਬੀਟੀ ਬੀਜ ਦੀਆਂ ਕੀਮਤਾਂ ਵਿੱਚ ਇਸ ਵਾਰ 43 ਰੁਪਏ ਪ੍ਰਤੀ ਪੈਕੇਟ ਦਾ ਵਾਧਾ ਕਰ ਦਿੱਤਾ ਗਿਆ ਹੈ। ਇਸ ਦਫਾ ਨਵੀਆਂ ਕੀਮਤਾਂ 853 ਰੁਪਏ ਹੋ ਗਈਆਂ ਹਨ, ਜਦੋਂ ਕਿ ਪਿਛਲੇ ਸਾਲ ਇਹ 810 ਰੁਪਏ ਸਨ। ਹੁਣ ਦੇਸ਼ ਦੀਆਂ ਬੀਜ ਕੰਪਨੀਆਂ ਨੂੰ ਸਰਕਾਰ ਵੱਲੋਂ ਬੀਟੀ -2 ਦੀਆਂ ਕੀਮਤਾਂ 853 ਰੁਪਏ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਵੱਧ ਰੇਟ ਵਸੂਲਣ ਉਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਇਸ ਵਾਰ ਬੀਟੀ-1 ਦੀਆਂ ਕੀਮਤਾਂ ਨੂੰ 635 ਰੁਪਏ ਰੱਖਿਆ ਗਿਆ ਹੈ ਪਰ ਲੰਬੇ ਸਮੇਂ ਤੋਂ ਪੰਜਾਬ ਦੀ ਨਰਮਾ ਪੱਟੀ ਦੇ ਲੋਕ ਬੀਟੀ-2 ਨੂੰ ਹੀ ਬੀਜਣ ਨੂੰ ਤਰਜੀਹ ਦੇ ਰਹੇ ਹਨ, ਜਦੋਂ ਕਿ ਇਸ ਦੇ ਬਾਵਜੂਦ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦਾ ਲਗਾਤਾਰ ਹਮਲੇ ਹੋਣ ਕਾਰਨ ਫ਼ਸਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ।
ਉਂਝ ਸਰਕਾਰ ਵੱਲੋਂ ਬੀਟੀ -1 ਦੀਆਂ ਕੀਮਤਾਂ ਵਿੱਚ ਇਸ ਵਾਰ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਮਾਲਵਾ ਖੇਤਰ ਵਿਚ ਬੀਟੀ ਕਾਟਨ ਉਤੇ ਹੋ ਰਹੇ ਵੱਖ ਵੱਖ ਕੀਟਾਂ ਦੇ ਹਮਲਿਆਂ ਕਾਰਨ ਧੜਾ ਧੜ ਜ਼ਹਿਰੀਲੀਆਂ ਦਵਾਈਆਂ ਦੇ ਛਿੜਕਾਅ ਕਰਨੇ ਪੈ ਰਹੇ ਹਨ,ਜਿਸ ਨਾਲ ਵਾਤਾਵਰਨ ਗੰਧਲਾ ਹੋਣ ਦੇ ਨਾਲ ਨਾਲ ਕਿਸਾਨਾਂ ਲਈ ਘਾਟੇ ਦਾ ਸੌਦਾ ਸਾਬਤ ਹੋਣ ਲੱਗਿਆ ਹੈ। ਬੀਟੀ ਕਾਟਨ ਦੇ ਪੈਕੇਟ ਦਾ ਵਜ਼ਨ 450 ਗ੍ਰਾਮ ਹੁੰਦਾ ਹੈ ਅਤੇ ਉਸ ਵਿਚ 25 ਗ੍ਰਾਮ ਬੀਜ ਬਿਨਾਂ ਬੀਟੀ ਤੋਂ ਆਮ ਹਾਈਬ੍ਰਿਡ ਹੁੰਦਾ ਹੈ, ਜਿਸ ਨੂੰ ਖੇਤਾਂ ਦੇ ਆਲੇ ਦੁਆਲੇ ਲਾਉਣ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਨਰਮੇ ਦੇ ਪੂਰੇ ਖੇਤ ਦੇ ਇਸ ਹਿੱਸੇ ਵੱਖਰਾ ਹੀ ਰੱਖਿਆ ਜਾਵੇ, ਜਿਸ ਨਾਲ ਕੀਟਨਾਸ਼ਕੀ ਹਮਲਿਆਂ ਨੂੰ ਠੱਲ੍ਹਿਆ ਜਾ ਸਕੇ।
ਇਸੇ ਦੌਰਾਨ ਮਾਨਸਾ ਦੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਸੱਤਪਾਲ ਸਿੰਘ ਰਾਏਕੋਟੀ ਨੇ ਦੱਸਿਆ ਕਿ ਕੀਮਤਾਂ ਵਾਲੇ ਬੀਜ ਦੇ ਪੈਕੇਟ ਬਿਜਾਈ ਦੇ ਸਹੀ ਸਮੇਂ ਪਹਿਲੀ ਅਪਰੈਲ ਤੱਕ ਬਾਜ਼ਾਰ ਵਿੱਚ ਆਉਣ ਦੀ ਸੰਭਾਵਨਾ ਹੈ।
ਦਿਲਚਸਪ ਗੱਲ ਹੈ ਕਿ ਇਸ ਵਾਰ ਕਪਾਹ ਪੱਟੀ ਦੇ ਕਿਸਾਨਾਂ ਦੇ ਨਰਮੇ ਦੀ ਖੇਤੀ ਤੋਂ ਹੱਥ ਖੜ੍ਹੇ ਹੋ ਗਏ ਹਨ, ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਨਰਮੇ ਦੀ ਬੀਜਾਈ ਲਈ ਕਿਸਾਨਾਂ ਨੂੰ 33 ਫੀਸਦੀ ਸਬਸਿਡੀ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ