
ਗੁਰਦੀਪ ਸਿੰਘ ਲਾਲੀ
ਸੰਗਰੂਰ, 18 ਮਾਰਚ
ਇਲਾਕੇ ’ਚ ਅੱਜ ਤੜਕੇ ਪਏ ਮੀਂਹ, ਤੇਜ਼ ਹਵਾਵਾਂ ਅਤੇ ਕੁਝ ਥਾਵਾਂ ’ਤੇ ਹੋਈ ਗੜੇਮਾਰੀ ਨੇ ਖੇਤਾਂ ਵਿਚ ਕਣਕ ਦੀ ਫਸਲ ਵਿਛਾ ਦਿੱਤੀ ਹੈ। ਮੌਸਮ ਦੇ ਬਦਲੇ ਮਿਜ਼ਾਜ ਨੇ ਅੰਨਦਾਤਾ ਦੀ ਚਿੰਤਾ ਵਧਾ ਦਿੱਤੀ ਹੈ। ਜ਼ਿਲ੍ਹੇ ’ਚ ਵੱਖ-ਵੱਖ ਥਾਵਾਂ ’ਤੇ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਖੇਤਾਂ ਵਿਚ ਡਿੱਗੀ ਫ਼ਸਲ ਕਾਰਨ ਕਣਕ ਦਾ ਝਾੜ ਘੱਟਣ ਦਾ ਖਦਸ਼ਾ ਹੈ। ਭਾਵੇਂ ਕਿ ਜ਼ਿਲ੍ਹੇ ਵਿਚ ਫਸਲ ਵਿਛ ਗਈ ਹੈ ਪਰ ਦਿੜਬਾ ਸਬ-ਡਿਵੀਜ਼ਨ ਦੇ ਤਿੰਨ ਪਿੰਡਾਂ ਵਿਚ ਕੁਝ ਗੜੇਮਾਰੀ ਹੋਣ ਦੀ ਖ਼ਬਰ ਹੈ, ਜਿਸ ਕਾਰਨ ਕਰੀਬ 1200 ਏਕੜ ਕਣਕ ਅਤੇ ਸਰ੍ਹੋਂ ਦੀ ਫਸਲ ਅਤੇ ਹਰਾ-ਚਾਰਾ ਪ੍ਰਭਾਵਿਤ ਹੋਇਆ ਹੈ।
ਪਿੰਡ ਬਡਰੁੱਖਾਂ ਦੇ ਕਿਸਾਨ ਇੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਕਣਕ ਦੀ ਫਸਲ ਡਿੱਗਣ ਕਾਰਨ ਕਣਕ ਦੇ ਝਾੜ ਉਪਰ ਮਾੜਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ ਕਿਉਂਕਿ ਕਣਕ ਦੀ ਫਸਲ ਪੱਕ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਗਲੇ ਦਿਨੀਂ ਤੇਜ਼ ਬਾਰਿਸ਼ ਹੋਵੇਗੀ ਤਾਂ ਕਣਕ ਦਾ ਵਧੇਰੇ ਨੁਕਸਾਨ ਹੋ ਸਕਦਾ ਹੈ। ਉਧਰ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਚਹਿਲ ਨੇ ਦੱਸਿਆ ਕਿ ਅੱਜ ਸਵੇਰੇ ਪਏ ਜ਼ੋਰਦਾਰ ਮੀਂਹ ਤੇ ਵਗੀਆਂ ਤੇਜ਼ ਹਵਾਵਾਂ ਕਾਰਨ ਕਣਕ ਦੀ ਫਸਲ ਖੇਤਾਂ ਵਿਚ ਵਿਛੀ ਜ਼ਰੂਰ ਹੈ ਪਰ ਜ਼ਿਆਦਾ ਨੁਕਸਾਨ ਦੀ ਸੰਭਾਵਨਾ ਨਹੀਂ ਹੈ। ਅੰਦਾਜ਼ਨ ਕਣਕ ਦਾ ਝਾੜ 1 ਤੋਂ 2 ਫੀਸਦੀ ਘੱਟ ਸਕਦਾ ਹੈ। ਇਸ ਤੋਂ ਇਲਾਵਾ ਮੀਂਹ ਕਾਰਨ ਮੌਸਮ ਠੰਢਾ ਹੋਣ ਕਾਰਨ ਕਣਕ ਦੀ ਫਸਲ ਲਈ ਫਾਇਦੇਮੰਦ ਵੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਉਪ ਮੰਡਲ ਦਿੜਬਾ ਅਧੀਨ ਪੈਂਦੇ ਤਿੰਨ ਪਿੰਡਾਂ ਨਿਹਾਲਗੜ੍ਹ, ਢੰਡਿਆਲ ਅਤੇ ਸ਼ਾਦੀਹਰੀ ਵਿਚ ਗੜੇਮਾਰੀ ਤੇ ਮੀਂਹ ਕਾਰਨ ਕਰੀਬ 1200 ਏਕੜ ਰਕਬਾ ਪ੍ਰਭਾਵਿਤ ਹੋਇਆ ਹੈ, ਜਦੋਂ ਕਿ ਨੁਕਸਾਨ ਦੀ ਅਸਲ ਸਥਿਤੀ ਗਿਰਦਾਵਰੀ ਹੋਣ ਤੋਂ ਬਾਅਦ ਸਪੱਸ਼ਟ ਹੋਵੇਗੀ।
ਡਕਾਲਾ (ਮਾਨਵਜੋਤ ਭਿੰਡਰ): ਲੰਘੀ ਰਾਤ ਤੋਂ ਪੈ ਰਹੀ ਬੇਮੌਸਮੀ ਤੇਜ਼ ਬਾਰਿਸ਼ ਤੇ ਤੇਜ਼ ਹਵਾਵਾਂ ਕਾਰਨ ਕਣਕ ਦੀ ਫਸਲ ਵਿੱਛ ਗਈ ਹੈ| ਕਈ ਘੰਟੇ ਪਈ ਮੋਹਲੇਧਾਰ ਬਾਰਿਸ਼ ਨਾਲ ਕਈ ਨੀਵੇਂ ਖੇਤਾਂ ਵਿੱਚ ਪਾਣੀ ਵੀ ਖੜ੍ਹ ਗਿਆ ਹੈ| ਤੇਜ਼ ਹਵਾਵਾਂ ਤੋਂ ਜ਼ਮੀਨ ਉੱਤੇ ਵਿੱਛੀ ਕਣਕ ਦੇ ਝਾੜ ’ਤੇ ਵੱਡਾ ਮਾਰੂ ਅਸਰ ਪੈਣ ਦੀ ਸੰਭਾਵਨਾ ਹੈ| ਪੱਕਣ ਕਿਨਾਰੇ ਫ਼ਸਲ ਵੇਲੇ ਕੁਦਰਤ ਦੇ ਵਰਤਾਰੇ ਤੋਂ ਕਿਸਾਨੀ ਵੱਡੇ ਫਿਕਰਾਂ ’ਚ ਪਈ ਹੋਈ ਹੈ| ਕਣਕ ਤੋਂ ਇਲਾਵਾ ਸਰੋਂ ਦੀ ਫਸਲ ਵੀ ਬੇਮੌਸਮੇ ਮੀਂਹ ਤੋਂ ਨੁਕਸਾਨੇ ਜਾਣ ਦੇ ਵੱਡੇ ਖਦਸ਼ੇ ਹੇਠ ਹੈ| ਇਲਾਕੇ ’ਚ ਭਾਵੇਂ ਲੰਘੇ ਕੱਲ ਵੀ ਕਣੀਆਂ ਪਈਆਂ ਪਰ ਲੰਘੀ ਅੱਧੀ ਰਾਤ ਮਗਰੋਂ ਘੰਟਿਆਂਬੱਧੀ ਹੋਈ ਤੇਜ਼ ਬਾਰਿਸ਼ ਤੋਂ ਵੱਡੇ ਰਕਬੇ ਦੀ ਕਣਕ ਪੈਰਾਂ ’ਚੋਂ ਹਿੱਲਕੇ ਹੇਠਾਂ ਵਿੱਛ ਗਈ ਹੈ|
ਸੰਦੌੜ (ਮੁਕੰਦ ਸਿੰਘ ਚੀਮਾ): ਬੀਤੀ ਦੇਰ ਰਾਤ ਤੋਂ ਇਲਾਕੇ ਵਿਚ ਸ਼ੁਰੂ ਹੋਏ ਮੋਹਲੇਧਾਰ ਮੀਂਹ ਕਣਕ ਦੀ ਖੜ੍ਹੀ ਫ਼ਸਲ ਨੂੰ ਧਰਤੀ ’ਤੇ ਵਿਛਾ ਦਿੱਤਾ ਹੈ। ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਦੇ ਨਾਲ ਕਣਕ ਦੀ ਖੜ੍ਹੀ ਫ਼ਸਲ ਤੋਂ ਇਲਾਵਾ ਜੌਂ ਅਤੇ ਸਰੋਂ ਦੀ ਫਸਲ ਧਰਤੀ ’ਤੇ ਵਿੱਛ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਣ ਦਾ ਖਦਸ਼ਾ ਹੈ। ਜਿਨ੍ਹਾਂ ਖੇਤਾਂ ਵਿਚ ਕਣਕ ਅਤੇ ਜੌਂ ਦੀ ਫ਼ਸਲ ਦੀ ਸਿੰਜਾਈ ਕੀਤੀ ਹੋਈ ਸੀ, ਉਨ੍ਹਾਂ ਖੇਤਾਂ ਵਿਚ ਕਾਫੀ ਨੁਕਸਾਨ ਦਿਖਾਈ ਦੇ ਰਿਹਾ ਹੈ। ਦੇਰ ਰਾਤ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਦੇ ਚਲਦਿਆਂ ਮੌਸਮ ਵਿਚ ਵੀ ਇਕਦਮ ਤਬਦੀਲੀ ਨਜ਼ਰ ਆ ਰਹੀ ਹੈ। ਮੌਸਮ ਵਿਭਾਗ ਵੱਲੋਂ ਅਗਲੇ ਇਕ ਦੋ ਦਿਨ ਮੀਂਹ ਪੈਣ ਦੀ ਕੀਤੀ ਭਵਿੱਖਬਾਣੀ ਨੇ ਕਿਸਾਨਾਂ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਕੁਦਰਤੀ ਆਫਤਾਂ ’ਤੇ ਚਲਦਿਆਂ ਫਸਲਾਂ ਦਾ ਝਾੜ ਘੱਟ ਰਿਹਾ ਹੈ।
ਦੇਵੀਗੜ੍ਹ ’ਚ ਸਰ੍ਹੋਂ ਦੀ ਫ਼ਸਲ ਵੀ ਪ੍ਰਭਾਵਿਤ
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਇਲਾਕੇ ਵਿੱਚ ਬੀਤੀ ਰਾਤ ਤੋਂ ਪੈ ਰਹੀ ਲਗਾਤਾਰ ਬਾਰਿਸ਼ ਅਤੇ ਹਨੇਰੀ ਨੇ ਕਿਸਾਨਾਂ ਦੇ ਸਾਹ ਸੁਕਾ ਕੇ ਰੱਖ ਦਿੱਤੇ ਹਨ। ਇਸ ਬਾਰਿਸ਼ ਨਾਲ ਕਣਕ ਦੇ ਝਾੜ ਦਾ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਬਾਰਿਸ਼ ਨੇ ਜਿੱਥੇ ਕਣਕ ਦੀ ਫਸਲ ਦਾ ਨੁਕਸਾਨ ਕੀਤਾ ਹੈ, ਉੱਥੇ ਹੀ ਸਰ੍ਹੋਂ ਦੀ ਫਸਲ ਦਾ ਵੀ ਭਾਰੀ ਨੁਕਸਾਨ ਹੋਇਆ ਹੈ ਕਿਉਂਕਿ ਸਰ੍ਹੋਂ ਦੀ ਫਸਲ ਵੀ ਪੱਕਣ ਦੇ ਨੇੜੇ ਹੈ। ਇਸ ਬਾਰਿਸ਼ ਤੇ ਹਨੇਰੀ ਨਾਲ ਦੇਵੀਗੜ੍ਹ ਦੇ ਆਸ ਪਾਸ ਦੇ ਪਿੰਡਾਂ ਜੁਲਕਾਂ, ਮਸੀਂਗਣ, ਫਰੀਦਪੁਰ, ਚੂਹਟ, ਚਪਰਾੜ੍ਹ, ਬਾਂਗੜਾਂ, ਖੇੜੀ ਰਾਜੂ ਸਿੰਘ, ਹਸਨਪੁਰ ਕੰਬੋਆਂ, ਦੁਧਨਸਾਧਾਂ ਆਦਿ ਪਿੰਡਾਂ ’ਚ ਕਣਕ ਦੀ ਫ਼ਸਲ ਦੇ ਨਾਲ ਨਾਲ ਸਰ੍ਹੋਂ ਦਾ ਨੁਕਸਾਨ ਕੀਤਾ ਹੈ। ਕਿਸਾਨ ਆਗੂਆਂ ਸਤਨਾਮ ਸਿੰਘ ਬਹਿਰੂ, ਨਰਿੰਦਰ ਸਿੰਘ ਲੇਹਲਾਂ ਅਤੇ ਜਸਵੀਰ ਸਿੰਘ ਖੇੜੀ ਰਾਜੂ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਖਰਾਬ ਹੋਈਆਂ ਫਸਲਾਂ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ।
ਕਿਸਾਨ ਆਗੂਆਂ ਦੀਆਂ ਟੀਮਾਂ ਵੱਲੋਂ ਪਿੰਡਾਂ ਦਾ ਦੌਰਾ
ਘਨੌਰ (ਸਰਬਜੀਤ ਸਿੰਘ ਭੰਗੂ): ਘਨੌਰ ਖੇਤਰ ’ਚ ਵੀ ਕਣਕ ਦੀ ਪੱਕਣ ਕਿਨਾਰੇ ਪੁੱਜੀ ਫ਼ਸਲ ਨੂੰ ਨੁਕਸਾਨ ਪੁੱਜਿਆ ਹੈ। ਮੀਂਹ ਦੇ ਨਾਲ ਚੱਲੀਆਂ ਤੇਜ਼ ਹਵਾਵਾਂ ਦੇ ਨਾਲ ਕਈ ਥਾਈਂ ਫਸਲ ਵਿਛ ਗਈ, ਜਿਸ ਕਾਰਨ ਹੋਰ ਵੀ ਵੱਧ ਨੁਕਸਾਨ ਦਾ ਖਦਸ਼ਾ ਹੈ। ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਪਵਨ ਕੁਮਾਰ ਸੋਗਲਪੁਰ ਸਮੇਤ ਹੋਰ ਕਿਸਾਨ ਆਗੂਆਂ ਨੇ ਇਲਾਕੇ ਦਾ ਦੌਰਾ ਕਰਦਿਆਂ ਜਿਥੇ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ, ਉਥੇ ਹੀ ਕਿਸਾਨ ਆਗੂਆਂ ਦੀ ਟੀਮ ਨੇ ਬੇਮੌਸਮੀ ਬਾਰਸ਼ ਨਾਲ ਹੋਏ ਫਸਲਾਂ ਦੇ ਇਸ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕਰਦਿਆਂ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੀ ਮੰਗ ਕੀਤੀ ਹੈ। ਕਿਸਾਨ ਆਗੂ ਪਵਨ ਕੁਮਾਰ ਸੋਗਲਪੁਰ ਸਮੇਤ ਦੇਵ ਰਾਜ, ਸ਼ਿਵ ਚਰਨ, ਪੰਚ ਰਾਮ ਸਰਪੰਚ, ਨਰੇਸ਼ ਕੁਮਾਰ, ਹਰਮੇਸ਼ ਕੁਮਾਰ, ਚਰਨਜੀਤ ਸਿੰਘ ਲਾਛੜੂ, ਜਸਪਾਲ ਸ਼ਰਮਾ, ਫਕੀਰ ਚੰਦ ਤੇ ਖੇਮ ਚੰਦ ਨੰਬਰਦਾਰ ਆਦਿ ਵੀ ਮੌਜੂਦ ਸਨ, ਜਿਨ੍ਹਾਂ ਨੇ ਪਿੰਡ ਸੋਗਲਪੁਰ, ਸੋਨੇਮਾਜਰਾ, ਮਾਜਰੀ ਫਕੀਰਾਂ, ਘੂੰਗਰਾਂ, ਮੰਡੋਲੀ, ਲਾਛੜੂ, ਕਾਮੀ ਕਲਾਂ ਤੇ ਘਨੌਰ ਆਦਿ ਪਿੰਡਾਂ ਦਾ ਦੌਰਾ ਕੀਤਾ। ਇਸ ਮਗਰੋਂ ਪ੍ਰੈਸ ਨੂੰ ਜਾਰੀ ਬਿਆਨ ’ਚ ਕਿਸਾਨ ਆਗੂਆਂ ਨੇ ਬਾਰਸ਼ ਨਾਲ ਹੋਏ ਨੁਕਸਾਨ ਬਦਲੇ ਪ੍ਰਤੀ ਏਕੜ ਪੱਚੀ ਹਜ਼ਾਰ ਰੁਪਏ ਮੁਆਵਜ਼ੇ ਦੀ ਮੰਗ ਕੀਤੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ