DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Crop diversification: ਫ਼ਾਜ਼ਿਲਕਾ ’ਚ ਦੋ ਦਹਾਕਿਆਂ ਬਾਅਦ ਮੁੜ ਖਿੜੇ ਸੂਰਜਮੁਖੀ ਦੇ ਫੁੱਲ; ਫ਼ਸਲੀ ਵਿਭਿੰਨਤਾ ਵੱਲ ਵਧੇ ਕਿਸਾਨਾਂ ਦੇ ਕਦਮ

‘ਪ੍ਰਧਾਨ ਮੰਤਰੀ ਧਨ-ਧੰਨਿਆ ਕ੍ਰਿਸ਼ੀ ਯੋਜਨਾ’ ਤਹਿਤ ਮਿਲੇ ਮੁਫ਼ਤ ਬੀਜ; ਕਿਸਾਨਾਂ ਨੇ ਸੂਰਜਮੁਖੀ ’ਤੇ ਐੱਮ.ਐੱਸ.ਪੀ. ਦੇਣ ਦੀ ਚੁੱਕੀ ਮੰਗ

  • fb
  • twitter
  • whatsapp
  • whatsapp
Advertisement

ਫ਼ਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਸੂਰਜਮੁਖੀ ਦੀ ਆਮਦ ਬੰਦ ਹੋਣ ਦੇ ਕਰੀਬ ਦੋ ਦਹਾਕਿਆਂ ਬਾਅਦ, ਇਹ ਫ਼ਸਲ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਜ਼ੋਰਦਾਰ ਵਾਪਸੀ ਕਰ ਰਹੀ ਹੈ। ਫ਼ਾਜ਼ਿਲਕਾ-ਮਲੋਟ ਰੋਡ ’ਤੇ ਸਥਿਤ ਪਿੰਡ ਮਹੂਆਣਾ ਬੋਦਲਾ ਨੇੜੇ ਕਰੀਬ 20 ਏਕੜ ਰਕਬੇ ਵਿੱਚ ਖਿੜੇ ਸੂਰਜਮੁਖੀ ਦੇ ਖੇਤ ਅੱਜਕੱਲ੍ਹ ਹਰ ਰਾਹਗੀਰ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਸ ਜ਼ਮੀਨ ਦੇ ਮਾਲਕ ਕਿਸਾਨ ਹਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਦੀ ‘ਪ੍ਰਧਾਨ ਮੰਤਰੀ ਧਨ-ਧੰਨਿਆ ਕ੍ਰਿਸ਼ੀ ਯੋਜਨਾ’ ਤਹਿਤ ਲਗਾਏ ਕੈਂਪ ਦੌਰਾਨ ਸੂਰਜਮੁਖੀ ਦੇ ਬੀਜ ਬਿਲਕੁਲ ਮੁਫ਼ਤ ਮਿਲੇ ਸਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਪੰਜਾਬ ਵਿੱਚ ਵੀ ਇਸ ਫ਼ਸਲ ’ਤੇ ਘੱਟੋ-ਘੱਟ ਸਮਰਥਨ ਮੁੱਲ (MSP) ਦੇਣਾ ਚਾਹੀਦਾ ਹੈ, ਕਿਉਂਕਿ ਫਿਲਹਾਲ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ ਲਈ ਗੁਆਂਢੀ ਸੂਬੇ ਹਰਿਆਣਾ ਜਾਣਾ ਪੈਂਦਾ ਹੈ, ਜਿੱਥੇ 7,721 ਰੁਪਏ ਪ੍ਰਤੀ ਕੁਇੰਟਲ ਐੱਮ.ਐੱਸ.ਪੀ. ਮਿਲ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਹ ਫ਼ਸਲ ਪ੍ਰਤੀ ਏਕੜ ਕਰੀਬ 10 ਕੁਇੰਟਲ ਝਾੜ ਦਿੰਦੀ ਹੈ, ਜਿਸ ਨਾਲ ਕਿਸਾਨਾਂ ਨੂੰ 77,000 ਰੁਪਏ ਤੋਂ ਵੱਧ ਦੀ ਕਮਾਈ ਹੁੰਦੀ ਹੈ। ਇਸੇ ਤਰ੍ਹਾਂ ਪਿੰਡ ਲਾਲੋਵਾਲੀ ਦੇ ਕਿਸਾਨ ਮੰਗਤ ਰਾਮ ਨੇ 3 ਏਕੜ ਵਿੱਚ ਸੂਰਜਮੁਖੀ ਬੀਜੀ ਹੈ। ਉਨ੍ਹਾਂ ਮੁਤਾਬਕ ਝੋਨੇ ਅਤੇ ਕਣਕ ਦੇ ਰਵਾਇਤੀ ਫ਼ਸਲੀ ਚੱਕਰ ਨੂੰ ਛੱਡ ਕੇ ਕਿਸਾਨ ਇੱਕ ਸਾਲ ਵਿੱਚ ਝੋਨਾ, ਆਲੂ ਅਤੇ ਸੂਰਜਮੁਖੀ ਵਰਗੀਆਂ ਤਿੰਨ ਫ਼ਸਲਾਂ ਲੈ ਕੇ ਪਾਣੀ ਦੀ ਬਚਤ ਦੇ ਨਾਲ-ਨਾਲ ਵੱਧ ਮੁਨਾਫ਼ਾ ਕਮਾ ਸਕਦੇ ਹਨ।ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਇਸ ਬਾਰੇ ਖ਼ੁਸ਼ੀ ਜ਼ਾਹਰ ਕਰਦਿਆਂ ਆਖਿਆ ਕਿ ਪ੍ਰਸ਼ਾਸਨ ਵੱਲੋਂ ਫ਼ਸਲੀ ਵਿਭਿੰਨਤਾ (Crop Diversification) ਲਈ ਕੀਤੇ ਜਾ ਰਹੇ ਯਤਨਾਂ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸੈਲਫ਼-ਹੈਲਪ ਗਰੁੱਪਾਂ ਨੂੰ ਸੂਰਜਮੁਖੀ ਦੀ ਖੇਤੀ ਦੇ ਨਾਲ-ਨਾਲ ਮੱਖੀ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ ਵੀ ਉਤਸ਼ਾਹਿਤ ਕੀਤਾ ਜਾਵੇਗਾ। ਦੂਜੇ ਪਾਸੇ, 70 ਸਾਲਾ ਪੁਰਾਣੇ ਵਪਾਰੀ ਅਤੇ ਆੜ੍ਹਤੀਆ ਦੀਨਾ ਨਾਥ ਸਚਦੇਵਾ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਸਾਲ 2005 ਤੱਕ ਫ਼ਾਜ਼ਿਲਕਾ ਮੰਡੀ ਵਿੱਚ ਸੀਜ਼ਨ ਦੌਰਾਨ ਸੂਰਜਮੁਖੀ ਦੇ ਕਰੀਬ ਢਾਈ ਲੱਖ ਤੋੜੇ (40 ਕਿੱਲੋ ਪ੍ਰਤੀ ਬੋਰੀ) ਆਉਂਦੇ ਸਨ, ਪਰ ਸਮੇਂ ਦੀਆਂ ਸਰਕਾਰਾਂ ਦੀ ਬੇਰੁਖ਼ੀ ਕਾਰਨ ਇਹ ਫ਼ਸਲ ਹੌਲੀ-ਹੌਲੀ ਗਾਇਬ ਹੋ ਗਈ।

Advertisement

ਮੁੱਖ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿ ਫ਼ਾਜ਼ਿਲਕਾ ਪੰਜਾਬ ਦਾ ਇੱਕੋ-ਇੱਕ ਅਜਿਹਾ ਜ਼ਿਲ੍ਹਾ ਹੈ ਜਿਸ ਨੂੰ ਇਸ ਕੇਂਦਰੀ ਸਕੀਮ ਲਈ ਚੁਣਿਆ ਗਿਆ ਹੈ। ਵਿਭਾਗ ਨੇ ਜ਼ਿਲ੍ਹੇ ਦੇ ਕੁੱਲ 2.48 ਲੱਖ ਹੈਕਟੇਅਰ ਖੇਤੀਯੋਗ ਰਕਬੇ ਵਿੱਚੋਂ 1.04 ਲੱਖ ਹੈਕਟੇਅਰ ਰਕਬੇ ਨੂੰ ਫ਼ਸਲੀ ਵਿਭਿੰਨਤਾ ਹੇਠ ਲਿਆਉਣ ਦਾ ਟੀਚਾ ਮਿੱਥਿਆ ਹੈ, ਜਿਸ ਤਹਿਤ ਕਿੰਨੂ ਵਰਗੇ ਬਾਗ਼ਾਂ, ਦੇਸੀ ਨਰਮਾ, ਬਾਸਮਤੀ, ਦਾਲਾਂ, ਸਰ੍ਹੋਂ ਅਤੇ ਸੂਰਜਮੁਖੀ ਵਰਗੀਆਂ ਫ਼ਸਲਾਂ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ।

Advertisement

Advertisement
×