ਫ਼ਸਲੀ ਵੰਨ-ਸੁਵੰਨਤਾ ਅਤੇ ਬੇਬੀ ਕੌਰਨ ਦੀ ਕਾਸ਼ਤ
ਕਿਸਾਨਾਂ ਦੀ ਆਮਦਨ ਵਧਾਉਣ ਅਤੇ ਝੋਨੇ ਦੀ ਕਾਸ਼ਤ ਅਧੀਨ ਕੁਝ ਰਕਬੇ ਨੂੰ ਕੱਢ ਕੇ ਸਪੈਸ਼ਲਿਟੀ ਕੌਰਨ (ਬੇਬੀ ਕੌਰਨ, ਪੌਪ ਕੌਰਨ ਅਤੇ ਸਵੀਟ ਕੌਰਨ) ਦੀ ਕਾਸ਼ਤ ਕਿਸਾਨਾਂ ਲਈ ਲਾਹੇਵੰਦ ਸਿੱਧ ਹੋ ਸਕਦੀ ਹੈ, ਪਰ ਇਸ ਲਈ ਕਿਸਾਨਾਂ ਨੂੰ ਉੱਨਤ ਤਕਨਾਲੋਜੀ, ਬੁਨਿਆਦੀ...
ਕਿਸਾਨਾਂ ਦੀ ਆਮਦਨ ਵਧਾਉਣ ਅਤੇ ਝੋਨੇ ਦੀ ਕਾਸ਼ਤ ਅਧੀਨ ਕੁਝ ਰਕਬੇ ਨੂੰ ਕੱਢ ਕੇ ਸਪੈਸ਼ਲਿਟੀ ਕੌਰਨ (ਬੇਬੀ ਕੌਰਨ, ਪੌਪ ਕੌਰਨ ਅਤੇ ਸਵੀਟ ਕੌਰਨ) ਦੀ ਕਾਸ਼ਤ ਕਿਸਾਨਾਂ ਲਈ ਲਾਹੇਵੰਦ ਸਿੱਧ ਹੋ ਸਕਦੀ ਹੈ, ਪਰ ਇਸ ਲਈ ਕਿਸਾਨਾਂ ਨੂੰ ਉੱਨਤ ਤਕਨਾਲੋਜੀ, ਬੁਨਿਆਦੀ ਢਾਂਚੇ ਅਤੇ ਮਾਰਕੀਟਿੰਗ ਦੀ ਲੋੜ ਹੈ। ਬੇਬੀ ਕੌਰਨ ਮੱਕੀ ਦੀ ਅਜਿਹੀ ਛੱਲੀ ਹੈ, ਜਿਸ ਨੇ ਅਜੇ ਸੂਤ ਕੱਢਣਾ (ਬੂਰ ਆਉਣਾ) ਸ਼ੁਰੂ ਹੀ ਕੀਤਾ ਹੋਵੇ ਪਰ ਉਸ ਵਿੱਚ ਦਾਣੇ ਬਣਨ ਦੀ ਪ੍ਰਕਿਰਿਆ ਹਾਲੇ ਸ਼ੁਰੂ ਨਾ ਹੋਈ ਹੋਵੇ। ਇਸ ਨਰਮ ਛੱਲੀ ਨੂੰ ਤੋੜ ਕੇ ਬੇਬੀ ਕੌਰਨ ਦੇ ਤੌਰ ’ਤੇ ਵਰਤਿਆ ਜਾਂਦਾ ਹੈ। ਬੇਬੀ ਕੌਰਨ ਨੂੰ ਸਬਜ਼ੀ, ਅਚਾਰ, ਪਕੌੜੇ ਅਤੇ ਸੂਪ ਆਦਿ ਤਿਆਰ ਕਰਨ ਵਾਸਤੇ ਵਰਤਿਆ ਜਾਂਦਾ ਹੈ। ਬੇਬੀ ਕੌਰਨ ਦੀ ਫ਼ਸਲ ਤਕਰੀਬਨ 60-65 ਦਿਨਾਂ ਵਿੱਚ ਖ਼ਤਮ ਹੋ ਜਾਂਦੀ ਹੈ।
ਬੇਬੀ ਕੌਰਨ ਤੋੜਨ ਤੋਂ ਬਾਅਦ ਬਚੇ ਹੋਏ ਟਾਂਡਿਆਂ ਨੂੰ ਪਸ਼ੂਆਂ ਦੇ ਹਰੇ ਚਾਰੇ ਵਜੋਂ ਵਰਤਿਆ ਜਾ ਸਕਦਾ ਹੈ। ਸਬਜ਼ੀ ਦੇ ਤੌਰ ’ਤੇ ਬੇਬੀ ਕੌਰਨ ਇਸ ਕਰਕੇ ਵੀ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਇਹ ਪੱਤਿਆਂ ਵਿੱਚ ਲਪੇਟਿਆ ਹੋਣ ਕਾਰਨ ਕੀਟਨਾਸ਼ਕ ਜ਼ਹਿਰਾਂ ਦੇ ਮਾਰੂ ਅਸਰ ਤੋਂ ਮੁਕਤ ਹੁੰਦੀ ਹੈ।
ਸੰਭਾਵੀ ਫ਼ਸਲੀ ਚੱਕਰ: ਬੇਬੀ ਕੌਰਨ ਦੀ ਫ਼ਸਲ ਸਿਰਫ਼ 60-65 ਦਿਨਾਂ ਦੀ ਹੈ। ਇਉਂ ਅਪਰੈਲ ਤੋਂ ਸਤੰਬਰ ਤੱਕ ਦੋ ਜਾਂ ਤਿੰਨ ਫ਼ਸਲਾਂ ਲਗਾਤਾਰ ਇੱਕੋ ਖੇਤ ’ਚੋਂ ਲਈਆਂ ਜਾ ਸਕਦੀਆਂ ਹਨ। ਅਪਰੈਲ ਵਿੱਚ ਬੀਜੀ ਬੇਬੀ ਕੌਰਨ ਤੋਂ ਬਾਅਦ ਜੂਨ-ਜੁਲਾਈ ਵਿੱਚ ਝੋਨਾ ਜਾਂ ਬਾਸਮਤੀ ਦੀ ਵੀ ਕਾਸ਼ਤ ਕੀਤੀ ਜਾ ਸਕਦੀ ਹੈ ਜਾਂ ਫਿਰ ਬੇਬੀ ਕੌਰਨ ਤੋਂ ਬਾਅਦ ਪਕਾਵੀਂ ਮੱਕੀ ਦੀ ਹੋਰ ਫ਼ਸਲ ਲੈ ਸਕਦੇ ਹੋ। ਬੇਬੀ ਕੌਰਨ ਦੀਆਂ ਲਗਾਤਾਰ ਦੋ ਫ਼ਸਲਾਂ ਲੈਣ ਤੋਂ ਬਾਅਦ ਸਤੰਬਰ ਵਿੱਚ ਅਗੇਤੇ ਮਟਰ ਜਾਂ ਅਕਤੂਬਰ ਵਿੱਚ ਆਲੂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਬੇਬੀ ਕੌਰਨ ਖੇਤੀ ਆਮਦਨ ਵਧਾਉਣ ਅਤੇ ਖੇਤੀ ਵੰਨ-ਸੁਵੰਨਤਾ ਵਿੱਚ ਅਹਿਮ ਯੋਗਦਾਨ ਪਾ ਸਕਦੀ ਹੈ।
ਬਿਜਾਈ ਦਾ ਸਮਾਂ ਅਤੇ ਢੰਗ: ਬੇਬੀ ਕੌਰਨ ਦੀ ਕਾਸ਼ਤ ਅਪਰੈਲ ਤੋਂ ਅਗਸਤ ਦੇ ਪਹਿਲੇ ਹਫ਼ਤੇ ਤੱਕ ਕੀਤੀ ਜਾ ਸਕਦੀ ਹੈ। ਬਿਜਾਈ ਸਿੱਧੀਆਂ ਕਤਾਰਾਂ ਵਿੱਚ ਕਰੋ। ਕਤਾਰ ਤੋਂ ਕਤਾਰ 30 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 20 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਸਾਰਾ ਖੇਤ ਇੱਕੋ ਵਾਰ ਨਹੀਂ ਬੀਜਣਾ ਚਾਹੀਦਾ, ਖੇਤ ਨੂੰ ਦੋ ਜਾਂ ਤਿੰਨ ਹਿੱਸਿਆਂ ਵਿੱਚ ਵੰਡ ਲਓ ਅਤੇ ਥੋੜ੍ਹੇ-ਥੋੜ੍ਹੇ ਵਕਫ਼ੇ ਮਗਰੋਂ ਬਿਜਾਈ ਕਰੋ ਤਾਂ ਜੋ ਸਮੇਂ-ਸਮੇਂ ਸਿਰ ਮੰਡੀ ਦੀ ਮੰਗ ਅਨੁਸਾਰ ਸਪਲਾਈ ਕੀਤੀ ਜਾ ਸਕੇ।
ਢੁੱਕਵੀਂ ਕਿਸਮ: ਬੇਬੀ ਕੌਰਨ ਦੀ ਕਾਸ਼ਤ ਲਈ ਛੇਤੀ ਪੱਕਣ ਵਾਲੀ ਇੱਕ ਦੋਗਲੀ ਕਿਸਮ ਪੰਜਾਬ ਬੇਬੀ ਕੌਰਨ-1 ਦੀ ਸਿਫ਼ਾਰਿਸ਼ ਕੀਤੀ ਗਈ ਹੈ। ਇਹ ਕਿਸਮ ਵਧੇਰੇ ਝਾੜ ਅਤੇ ਵਧੀਆ ਗੁਣਵੱਤਾ ਦੀ ਬੇਬੀ ਕੌਰਨ ਦਿੰਦੀ ਹੈ। ਇਨ੍ਹਾਂ ਦੇ ਬੇਬੀ ਕੌਰਨ ਇਕਸਾਰ ਆਕਾਰ ਦੇ ਹੁੰਦੇ ਹਨ। ਕਿਸਮ ਪੰਜਾਬ ਬੇਬੀ ਕੌਰਨ 1 ਦਾ ਝਾੜ 8.4 ਕੁਇੰਟਲ ਪ੍ਰਤੀ ਏਕੜ ਹੈ।
ਖਾਦਾਂ ਦੀ ਵਰਤੋਂ: ਖੁਰਾਕੀ ਤੱਤਾਂ ਦੀ ਵਰਤੋਂ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਫ਼ਸਲੀ ਚੱਕਰ ਅਨੁਸਾਰ ਕਰੋ। ਚੰਗਾ ਝਾੜ ਲੈਣ ਲਈ 52 ਕਿਲੋ ਯੂਰੀਆ, 75 ਕਿਲੋ ਸੁਪਰਫਾਸਫੇਟ ਜਾਂ 27 ਕਿਲੋ ਡੀ ਏ ਪੀ ਅਤੇ 15 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੀ ਵਰਤੋਂ ਕਰੋ। ਜੇਕਰ ਖੇਤ ਵਿੱਚ ਜ਼ਿੰਕ ਦੀ ਘਾਟ ਹੋਵੇ ਤਾਂ 10 ਕਿਲੋ ਜ਼ਿੰਕ ਸਲਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਜੇਕਰ ਡੀ ਏ ਪੀ 27 ਕਿਲੋ ਪਾਈ ਹੋਵੇ ਤਾਂ ਯੂਰੀਆ 10 ਕਿਲੋ ਘਟਾ ਦਿਓ। ਖਾਦਾਂ ਦੀ ਸਮੇਂ ਸਿਰ ਵਰਤੋਂ ਫ਼ਸਲ ਦਾ ਝਾੜ ਵਧਾਉਂਦੀ ਹੈ। ਸਾਰੀ ਫਾਸਫੋਰਸ, ਪੋਟਾਸ਼ ਅਤੇ ਅੱਧਾ ਹਿੱਸਾ ਯੂਰੀਆ ਖਾਦ ਬਿਜਾਈ ਸਮੇਂ ਪਾਓ। ਬਾਕੀ ਦੀ ਰਹਿੰਦੀ ਯੂਰੀਆ ਖਾਦ ਜਦੋਂ ਫ਼ਸਲ ਗੋਡੇ-ਗੋਡੇ ਹੋ ਜਾਵੇ ਉਸ ਵੇਲੇ ਪਾਓ।
ਬੇਬੀ ਕੌਰਨ ਵਿੱਚ ਖੁਰਾਕੀ ਤੱਤ: ਬੇਬੀ ਕੌਰਨ ਵਿੱਚ ਉਹ ਸਾਰੇ ਜ਼ਰੂਰੀ ਖੁਰਾਕੀ ਤੱਤ ਹੁੰਦੇ ਹਨ, ਜੋ ਦੂਸਰੀਆਂ ਸਬਜ਼ੀਆਂ ਵਿੱਚ ਹੁੰਦੇ ਹਨ। ਬੇਬੀ ਕੌਰਨ ਵਿੱਚ ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ ਤੇ ਆਇਰਨ ਆਦਿ ਹੁੰਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਵੀ ਫਾਸਫੋਰਸ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ।
ਬੇਬੀ ਕੌਰਨ ਦੀ ਤੁੜਾਈ: ਸੂਤ ਨਿਕਲਣ ਸਾਰ ਨਰਮ ਕੱਚੀਆਂ ਛੱਲੀਆਂ ਨੂੰ ਤੋੜ ਲੈਣਾ ਚਾਹੀਦਾ ਹੈ। ਤੁੜਾਈ ਲੇਟ ਹੋਣ ਨਾਲ ਇਹ ਛੱਲੀਆਂ ਸਖ਼ਤ ਅਤੇ ਮੋਟੀਆਂ ਹੋ ਜਾਂਦੀਆਂ ਹਨ। ਇਸ ਨਾਲ ਬੇਬੀ ਕੌਰਨ ਦੀ ਗੁਣਵੱਤਾ ਘਟ ਜਾਂਦੀ ਹੈ ਅਤੇ ਮੰਡੀ ਵਿੱਚ ਘੱਟ ਭਾਅ ਮਿਲਦਾ ਹੈ। ਇੱਕ ਬੂਟੇ ਤੋਂ ਦੋ ਜਾਂ ਤਿੰਨ ਵਾਰ ਛੱਲੀਆਂ ਤੋੜਨੀਆਂ ਚਾਹੀਦੀਆਂ ਹਨ। ਇਸ ਤੋਂ ਵੱਧ ਲੱਗਣ ਵਾਲੀਆਂ ਛੱਲੀਆਂ ਦੀ ਗੁਣਵੱਤਾ ਚੰਗੀ ਨਹੀਂ ਹੁੰਦੀ। ਤੁੜਾਈ ਵੇਲੇ ਬੇਬੀ ਕੌਰਨ ’ਤੇ ਪਰਦੇ ਦੀ ਇੱਕ ਪਰਤ ਰਹਿਣ ਦੇਣੀ ਚਾਹੀਦੀ ਹੈ ਤਾਂ ਜੋ ਮੰਡੀ ਵਿੱਚ ਵੇਚਣ ਵੇਲੇ ਇਸ ਦੀ ਦਿੱਖ ਪ੍ਰਭਾਵਸ਼ਾਲੀ ਰਹੇ ਅਤੇ ਕੁਆਲਿਟੀ ’ਤੇ ਮਾੜਾ ਅਸਰ ਨਾ ਪਵੇ।
ਮੰਡੀਕਰਨ: ਬੇਬੀ ਕੌਰਨ ਦੀ ਵਧੇਰੇ ਮੰਗ ਹੋਟਲਾਂ ਵਿੱਚ ਹੈ। ਕੁਝ ਪ੍ਰਾਈਵੇਟ ਕੰਪਨੀਆਂ ਵੱਲੋਂ ਵੀ ਬੇਬੀ ਕੌਰਨ ਦਾ ਨਿਰਯਾਤ ਕੀਤਾ ਜਾ ਰਿਹਾ ਹੈ। ਅਜਿਹੀ ਕੰਪਨੀਆਂ ਠੇਕੇ ਦੇ ਆਧਾਰ ’ਤੇ ਕਿਸਾਨਾਂ ਕੋਲੋਂ ਬੇਬੀ ਕੌਰਨ ਪੈਦਾ ਕਰਵਾ ਕੇ ਮਿੱਥੇ ਭਾਅ ਉਪਰ ਖ਼ਰੀਦਣ ਦਾ ਕਾਰੋਬਾਰ ਕਰ ਰਹੀਆਂ ਹਨ। ਕਿਸਾਨਾਂ ਨੂੰ ਚਾਹੀਦਾ ਹੈ ਕਿ ਬੇਬੀ ਕੌਰਨ ਦੀ ਕਾਸ਼ਤ ਕਰਨ ਤੋਂ ਪਹਿਲਾਂ ਅਜਿਹੀਆਂ ਕੰਪਨੀਆਂ ਨਾਲ ਸੰਪਰਕ ਕਰ ਲੈਣ ਤਾਂ ਜੋ ਉਨ੍ਹਾਂ ਨੂੰ ਮੰਡੀਕਰਨ ਵਿੱਚ ਕੋਈ ਦਿੱੱਕਤ ਨਾ ਆਵੇ।
*ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ (ਮੱਕੀ ਸੈਕਸ਼ਨ)

