ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 18 ਅਪਰੈਲ
ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਅੱਜ ਪਿੰਡ ਪੱਬੀਆਂ ਸਮੇਤ ਹੋਰ ਮੰਡੀਆਂ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਵਾਈਸ ਚੇਅਰਮੈਨ ਕਰਨ ਵੜਿੰਗ, ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਮੁੱਲਾਂਪੁਰ, ਡਾਇਰੈਕਟਰ ਹਰਪਾਲ ਸਿੰਘ ਹਾਂਸ, ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਕਿਸਾਨਾਂ ਵਲੋਂ ਖਰੀਦ ਅਤੇ ਚੁਕਾਈ ਦੀ ਰਫਤਾਰ ਮੱਠੀ ਹੋਣ ਦੀ ਸ਼ਿਕਾਇਤ ਕੀਤੇ ਜਾਣ ’ਤੇ ਉਨ੍ਹਾਂ ਅਧਿਕਾਰੀਆਂ ਨੂੰ ਦੋਹਾਂ ਕੰਮਾਂ ’ਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਮੰਡੀਆਂ ’ਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦੇਵੇਗੀ।
ਇਸ ਮਗਰੋਂ ਉਨ੍ਹਾਂ ਖੇਤੀਬਾੜੀ ਸਹਿਕਾਰੀ ਸਭਾ ਚੌਕੀਮਾਨ ਦੇ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੈਪਟਨ ਸੰਦੀਪ ਸੰਧੂ ਨੇ ਸਰਬਸੰਮਤੀ ਨਾਲ ਸਹਿਕਾਰੀ ਸਭਾ ਦੇ ਬਣੇ ਪ੍ਰਧਾਨ ਅਮੋਲਕ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਭੋਲਾ, ਜੂਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਬਿੱਲੂ ਅਤੇ ਸਹਿਕਾਰੀ ਸਭਾ ਦੇ ਮੈਂਬਰਾਂ ਹਰਜਾਪ ਸਿੰਘ, ਯਾਦਵਿੰਦਰ ਸਿੰਘ ਮਾਨ, ਹਰਪ੍ਰੀਤ ਸਿੰਘ ਬਦੇਸਾ, ਗੁਰਦੀਪ ਸਿੰਘ ਮਾਨ, ਅੱਛਰਾ ਸਿੰਘ ਧਾਲੀਵਾਲ, ਜਰਨੈਲ ਸਿੰਘ, ਜਸਵਿੰਦਰ ਕੌਰ ਮਾਨ ਅਤੇ ਰਾਜਿੰਦਰ ਕੌਰ ਦਾ ਸਨਮਾਨ ਕੀਤਾ। ਉਪਰੰਤ ਕੈਪਟਨ ਸੰਧੂ ਨੇ ਭਨੋਹੜ ਸਹਿਕਾਰੀ ਸਭਾ ਦੇ ਮੁਨਾਫ਼ਾ ਵੰਡ ਸਮਾਗਮ ’ਚ ਸ਼ਿਰਕਤ ਕੀਤੀ। ਸਭਾ ਦੇ ਪ੍ਰਧਾਨ ਸੁਖਪਾਲ ਸਿੰਘ ਸੈਂਪੀ ਭੱਠਲ ਅਤੇ ਹੋਰਨਾਂ ਅਹੁਦੇਦਾਰਾਂ ਨਾਲ ਮਿਲ ਕੇ ਉਨ੍ਹਾਂ ਪਸ਼ੂ ਪਾਲਕਾਂ ਨੂੰ ਦੋ ਸਾਲ ਦਾ 5 ਲੱਖ 80 ਹਜ਼ਾਰ ਰੁਪਏ ਦਾ ਮੁਨਾਫ਼ਾ ਵੰਡਿਆ। ਖੇਤੀ ਦੇ ਨਾਲ ਪਸ਼ੂ ਪਾਲਣ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਵੇਰਕਾ ਦੁੱਧ ਦਾ ਢੁੱਕਵਾਂ ਮੁੱਲ ਅਤੇ ਸਰਕਾਰ ਮੱਝਾਂ ਗਾਵਾਂ ਲਈ ਡਾਕਟਰੀ ਸਹਾਇਤਾ ਸਮੇਤ ਸਬਸਿਡੀ ਦੀਆਂ ਕਈ ਸਕੀਮਾਂ ਰਾਹੀਂ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਮੌਕੇ ਮਨਪ੍ਰੀਤ ਸਿੰਘ ਈਸੇਵਾਲ, ਗੁਰਮੀਤ ਸਿੰਘ ਮਿੰਟੂ ਰੂਮੀ, ਸੁਸਾਇਟੀ ਪ੍ਰਧਾਨ ਜੁਗਰਾਜ ਸਿੰਘ ਸੋਹੀ, ਗੁਰਚਰਨ ਸਿੰਘ ਕਾਕੂ ਫ਼ੌਜੀ, ਸਰਪੰਚ ਕੁਲਦੀਪ ਸਿੰਘ ਰੂਮੀ, ਉਜਾਗਰ ਸਿੰਘ, ਜਗਰਾਜ ਸਿੰਘ ਟੀਟੂ ਆਦਿ ਮੌਜੂਦ ਸਨ।