
ਮਾਨਸਾ ਨੇੜੇ ਪਿੰਡ ਭੈਣੀਬਾਘਾ ਦੇ ਇੱਕ ਖੇਤ ’ਚ ਵਿਛੀ ਹੋਈ ਕਣਕ।
ਜੋਗਿੰਦਰ ਸਿੰਘ ਮਾਨ
ਮਾਨਸਾ, 18 ਮਾਰਚ
ਮਾਲਵਾ ਪੱਟੀ ਵਿੱਚ ਦੂਰ-ਦੂਰ ਤੱਕ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਨਾਲ ਸੈਂਕੜੇ ਏਕੜ ਕਣਕ ਦੀ ਫ਼ਸਲ ਟੇਢੀ ਹੋ ਗਈ ਹੈੈ। ਟੇਢੀ ਹੋਈ ਇਸ ਕਣਕ ਦੇ ਮੁੜ ਖੜ੍ਹੇ ਹੋਣ ਦੀ ਘੱਟ ਹੀ ਉਮੀਦ ਵਿਖਾਈ ਦਿੰਦੀ ਹੈ, ਜਿਸ ਕਰਕੇ ਕਣਕ ਦਾ ਝਾੜ ਘੱਟਣ ਦਾ ਖਦਸ਼ਾ ਖੜ੍ਹਾ ਹੋ ਸਕਦਾ ਹੈ। ਉਧਰ ਮੌਸਮ ਮਹਿਕਮੇ ਵਲੋਂ ਅਗਲੇ 72 ਘੰਟੇ ਅਜਿਹਾ ਹੀ ਮੌਸਮ ਬਣੇ ਰਹਿਣ ਦੀ ਦਿੱਤੀ ਚਿਤਾਵਨੀ ਤੋਂ ਕਿਸਾਨ ਘਬਰਾ ਗਏ ਹਨ। ਅੱਧੀ ਰਾਤ ਮੌਸਮ ਵਿੱਚ ਆਈ ਤਬਦੀਲੀ ਕਾਰਨ ਮੀਂਹ ਤੇ ਤੇਜ਼ ਹਵਾ ਕਣਕ ਦੇ ਬੂਟੇ ਖੇਤਾਂ ਵਿਚ ਟੇਢੇ ਹੋਣੇ ਸ਼ੁਰੂ ਹੋ ਗਏ ਹਨ। ਜਿਹੜੀਆਂ ਕਣਕਾਂ ਨੂੰ ਤਾਜ਼ਾ ਨਹਿਰੀ ਜਾਂ ਟਿਊਬਵੈੱਲਾਂ ਦਾ ਪਾਣੀ ਲੱਗਿਆ ਸੀ, ਉਹ ਬਿਲਕੁਲ ਜ਼ਮੀਨ ’ਤੇ ਡਿੱਗ ਗਈਆਂ ਹਨ। ਸਰ੍ਹੋਂ ਦੀ ਵਾਢੀ ਦਾ ਕੰਮ ਹੋਇਆ ਪ੍ਰਭਾਵਿਤ ਹੈ।
ਖੇਤੀਬਾੜੀ ਵਿਭਾਗ ਦੇ ਮੁੱਖ ਖੇਤੀ ਅਫ਼ਸਰ ਡਾ. ਸੱਤਪਾਲ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਕਣਕ ਦੀ ਫ਼ਸਲ ਨੂੰ ਅਗਲੇ ਦੋ-ਤਿੰਨ ਦਿਨ ਪਾਣੀ ਦੇਣ ਤੋਂ ਬਿਲਕੁਲ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਮੌਸਮ ਮਹਿਕਮੇ ਵਲੋਂ ਪ੍ਰਾਪਤ ਹੋਈ ਜਾਣਕਾਰੀ ਤੋਂ ਪਤਾ ਲੱਗਿਆ ਕਿ ਅਗਲੇ ਹਫ਼ਤੇ ਤੱਕ ਇਸੇ ਤਰ੍ਹਾਂ ਦੀ ਮੌਸਮ ਹੀ ਰਹਿ ਸਕਦਾ ਹੈ।
ਇਸੇ ਦੌਰਾਨ ਖੇਤੀ ਮਹਿਕਮੇ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਮੀਂਹ ਨਾਲ ਜਿੱਥੇ ਅਗੇਤੀਆਂ ਕਣਕਾਂ ਡਿੱਗੀਆਂ ਹਨ, ਉਥੇ ਖੜ੍ਹੀਆਂ ਕਣਕਾਂ ਸਮੇਤ ਹੋਰ ਫਸਲਾਂ ਨੂੰ ਇਸ ਮੀਂਹ ਦਾ ਲਾਭ ਵੀ ਹੋਇਆ ਹੈ, ਇਸ ਨਾਲ ਤੇਲੇ ਸਮੇਤ ਕਈ ਹੋਰ ਬਿਮਾਰੀਆਂ ਦਾ ਖਾਤਮਾ ਹੋ ਚੁੱਕਿਆ ਹੈ। ਉਧਰ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਫਸਲਾਂ ਦੇ ਨੁਕਸਾਨ ਲਈ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਨਿਹਾਲ ਸਿੰਘ ਵਾਲਾ ਦੇ ਪਿੰਡਾਂ ਵਿੱਚ ਮੀਂਹ ਤੇ ਹਨੇਰੀ ਕਾਰਨ ਕਣਕਾਂ ਪੂਰੀ ਤਰ੍ਹਾਂ ਵਿਛ ਗਈਆਂ। ਪਿੰਡ ਮਾਛੀ ਕੇ, ਹਿੰਮਤਪੁਰਾ, ਭਾਗੀ ਕੇ ਆਦਿ ਪਿੰਡਾਂ ਵਿੱਚ ਕਈ ਥਾਂਵਾਂ ’ਤੇ ਅਸਮਾਨੀ ਬਿਜਲੀ ਵੀ ਡਿੱਗੀ। ਜਿਸ ਕਾਰਨ ਬਿਜਲੀ ਦੇ ਸਾਮਾਨ ਇਨਵਰਟਰ ਆਦਿ ਵੱਡੀ ਗਿਣਤੀ ਵਿੱਚ ਸੜ ਗਏ।
ਫਸਲਾਂ ਦੇ ਖਰਾਬੇ ਦੀ ਗਿਰਦਾਵਰੀ ਦੀ ਮੰਗ
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਝੱਖੜ ਅਤੇ ਮੀਂਹ ਕਾਰਨ ਬਹੁਤ ਸਾਰੀਆਂ ਥਾਵਾਂ ’ਤੇ ਕਣਕ ਅਤੇ ਸਰ੍ਹੋਂ ਦੀ ਫਸਲ ਧਰਤੀ ’ਤੇ ਵਿਛ ਗਈ ਹੈ ਅਤੇ ਵੱਡੀ ਪੱਧਰ ’ਤੇ ਨੁਕਸਾਨ ਹੋਣ ਦੀ ਸੰਭਾਵਨਾ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਆਗੂ ਗੁਰਵਿੰਦਰ ਸਿੰਘ ਨਾਮਧਾਰੀ ਨੇ ਡਿੱਗੀ, ਖਰਾਬ ਹੋਈ ਕਣਕ ਲਈ ਵਿਸ਼ੇਸ਼ ਗਿਰਦਾਵਰੀ ਦੀ ਮੰਗ ਕੀਤੀ ਹੈ। ਸਥਾਨਕ ਚੂੰਘਾਂ ਰੋਡ ’ਤੇ ਕਿਸਾਨ ਗੁਰਮੇਲ ਸਿੰਘ, ਦੇਵ ਸਿੰਘ, ਹਾਕਮ ਸਿੰਘ, ਭਗਵੰਤ ਸਿੰਘ ਦੀ ਕਣਕ ਦੀ ਖੜ੍ਹੀ ਫਸਲ ਝਖੜ ਕਾਰਨ ਵਿਛ ਗਈ ਹੈ। ਜਿਨ੍ਹਾਂ ਕਿਸਾਨਾਂ ਨੇ ਕਣਕ ਨੂੰ ਪਾਣੀ ਲਾਇਆ ਹੋਇਆ ਸੀ, ਉਨ੍ਹਾਂ ਦਾ ਵੱਧ ਨੁਕਸਾਨ ਹੋਇਆ ਹੈ। ਬੁਰਜ ਰੋਡ ਅਤੇ ਨੈਣੇਵਾਲ ਰੋਡ ’ਤੇ ਵੀ ਖੇਤਾਂ ਵਿੱਚ ਕਣਕ ਦੀ ਫਸਲ ਝੱਖੜ ਕਾਰਨ ਡਿੱਗ ਪਈ ਹੈ। ਕਸਬਾ ਸ਼ਹਿਣਾ ’ਚ ਤੇਜ਼ ਬਾਰਿਸ਼ ਕਾਰਨ ਮੰਡੀ ਕੋਲ ਅਤੇ ਸਟੇਡੀਅਮ ਕੋਲ ਪਾਣੀ ਖੜ੍ਹਾ ਗਿਆ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ