DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਫ਼ਸਲਾਂ ਦੇ ਵਧੇਰੇ ਝਾੜ ਲਈ ਨਦੀਨਾਂ ਦੀ ਸੁਚੱਜੀ ਰੋਕਥਾਮ ਜ਼ਰੂਰੀ

ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਕਰਨ ਸਮੇਂ ਖੇਤਾਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ’ਚੋਂ ਨਦੀਨ ਕਈ ਵਾਰ ਕੀੜਿਆਂ ਅਤੇ ਬਿਮਾਰੀਆਂ ਨਾਲੋਂ ਵੀ ਵੱਧ ਨੁਕਸਾਨਦੇਹ ਸਾਬਤ ਹੁੰਦੇ ਹਨ। ਜੇਕਰ ਨਦੀਨ ਸਹੀ ਸਮੇਂ ’ਤੇ ਕਾਬੂ ਨਾ ਕੀਤੇ ਜਾਣ ਤਾਂ ਕਈ ਵਾਰੀ ਫ਼ਸਲ ਪੂਰੀ...

  • fb
  • twitter
  • whatsapp
  • whatsapp
Advertisement

ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਕਰਨ ਸਮੇਂ ਖੇਤਾਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ’ਚੋਂ ਨਦੀਨ ਕਈ ਵਾਰ ਕੀੜਿਆਂ ਅਤੇ ਬਿਮਾਰੀਆਂ ਨਾਲੋਂ ਵੀ ਵੱਧ ਨੁਕਸਾਨਦੇਹ ਸਾਬਤ ਹੁੰਦੇ ਹਨ। ਜੇਕਰ ਨਦੀਨ ਸਹੀ ਸਮੇਂ ’ਤੇ ਕਾਬੂ ਨਾ ਕੀਤੇ ਜਾਣ ਤਾਂ ਕਈ ਵਾਰੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਜਾਂਦੀ ਹੈ। ਨਦੀਨਾਂ ਦੀਆਂ ਕੁਝ ਕਿਸਮਾਂ ਫ਼ਸਲਾਂ ’ਤੇ ਕੀੜੇ ਅਤੇ ਬਿਮਾਰੀਆਂ ਨੂੰ ਵੀ ਸੱਦਾ ਦਿੰਦੀਆਂ ਹਨ। ਨਦੀਨ ਖ਼ੁਰਾਕੀ ਤੱਤਾਂ, ਪਾਣੀ, ਜਗ੍ਹਾ ਅਤੇ ਸੂਰਜੀ ਰੋਸ਼ਨੀ ਲਈ ਮੁਕਾਬਲਾ ਕਰਦੇ ਹਨ, ਜਿਸ ਨਾਲ ਫ਼ਸਲ ’ਤੇ ਮਾੜਾ ਅਸਰ ਪੈਂਦਾ ਹੈ ਅਤੇ ਝਾੜ ਕਾਫ਼ੀ ਹੱਦ ਤੱਕ ਘੱਟ ਜਾਂਦਾ ਹੈ ਅਤੇ ਫ਼ਸਲ ਦੀ ਗੁਣਵੱਤਾ ’ਤੇ ਵੀ ਮਾੜਾ ਅਸਰ ਪੈਂਦਾ ਹੈ। ਫ਼ਸਲ ਦੇ ਝਾੜ ਦਾ ਘਟਣਾ ਨਦੀਨ ਦੀ ਕਿਸਮ, ਗਿਣਤੀ ਅਤੇ ਫ਼ਸਲ ਦੇ ਵਾਧੇ ਦੀ ਅਵਸਥਾ ’ਤੇ ਨਿਰਭਰ ਕਰਦਾ ਹੈ। ਕਈ ਵਾਰ ਇਹ ਦੇਖਣ ਵਿੱਚ ਆਉਂਦਾ ਹੈ ਕਿ ਫ਼ਸਲ ਨੂੰ ਦਿੱਤੀਆਂ ਹੋਈਆਂ ਖਾਦਾਂ ਵਿੱਚੋਂ 25-75 ਫ਼ੀਸਦੀ ਤੱਕ ਹਿੱਸਾ ਨਦੀਨ ਹੀ ਲੈ ਜਾਂਦੇ ਹਨ। ਇਸ ਲਈ ਫ਼ਸਲਾਂ ਦਾ ਪੂਰਾ ਝਾੜ ਲੈਣ ਲਈ ਇਨ੍ਹਾਂ ਬੇਲੋੜੇ ਪੌਦਿਆਂ ਦੀ ਸਹੀ ਸਮੇਂ ’ਤੇ ਰੋਕਥਾਮ ਬਹੁਤ ਜ਼ਰੂਰੀ ਹੈ।

ਸਿੱਧੀ ਬਿਜਾਈ ਵਾਲਾ ਝੋਨਾ: ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਨਦੀਨ ਉੱਗਣ ਤੋਂ ਪਹਿਲਾਂ ਸਟੌਂਪ/ਬੰਕਰ 30 ਈ ਸੀ (ਪੈਂਡੀਮੈਥਾਲਿਨ) ਜਾਂ ਪੇਪੇ 25 ਐੱਸ ਈ (ਪਿਨੌਕਸੁਲਮ +ਪੈਂਡੀਮੈਥਾਲਿਨ) 1.0 ਲਿਟਰ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਜੇਕਰ ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਸਿੰਜਾਈ ਕਰੋ ਅਤੇ ਵੱਤਰ ਆਉਂਦਿਆਂ ਹੀ ਨਦੀਨਨਾਸ਼ਕ ਦਾ ਛਿੜਕਾਅ ਕਰੋ। ਜੇਕਰ ਸਵਾਂਕ, ਸਵਾਂਕੀ, ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 2-4 ਪੱਤਿਆਂ ਦੀ ਅਵਸਥਾ ’ਤੇ ਨੌਮਨੀਗੋਲਡ 10 ਐੱਸ ਸੀ (ਬਿਸਪਾਇਰੀਬੈਕ) 100 ਮਿਲੀਲਿਟਰ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ 15-25 ਦਿਨਾਂ ਅੰਦਰ-ਅੰਦਰ ਛਿੜਕਾਅ ਕਰੋ। ਜੇਕਰ ਸਵਾਂਕ, ਚੀਨੀ (ਘੋੜਾ) ਘਾਹ, ਚੌੜੇ ਪੱਤੇ ਵਾਲੇ ਨਦੀਨ, ਝੋਨੇ ਦੇ ਮੋਥੇ, ਗੰਢੀ ਵਾਲਾ ਡੀਲਾ/ਮੋਥਾ ਹੋਵੇ ਤਾਂ ਨੋਵਲੈਕਟ 12 ਈ ਸੀ (ਫਲੋਰਪਾਈਰਾਕਸੀਫ਼ੇਨ ਬੈਂਜ਼ਾਇਲ + ਸਾਈਹੈਲੋਫੌਪ ਬਿਊਟਾਇਲ) 500 ਮਿਲੀਲਿਟਰ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ 20-25 ਦਿਨਾਂ ਅੰਦਰ ਛਿੜਕਾਅ ਕਰੋ। ਗੁੜਤ ਮਧਾਣਾ, ਚੀਨੀ (ਘੋੜਾ) ਘਾਹ, ਚਿੜੀ ਘਾਹ ਤੇ ਤੱਕੜੀ ਘਾਹ ਦੀ ਸਮੱਸਿਆ ਲਈ ਰਾਈਸਸਟਾਰ 6.7 ਈ ਸੀ (ਫਿਨੌਕਸਾਪ੍ਰੌਪ-ਪੀ-ਇਥਾਇਲ) 400 ਮਿਲੀਲਿਟਰ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ 20-25 ਦਿਨਾਂ ਅੰਦਰ ਛਿੜਕਾਅ ਕਰੋ। ਜੇਕਰ ਚੌੜੇ ਪੱਤੀ ਵਾਲੇ ਨਦੀਨ, ਝੋਨੇ ਦੇ ਮੋਥੇ, ਗੰਢੀ ਵਾਲਾ ਡੀਲਾ/ਮੋਥਾ ਹੋਵੇ ਤਾਂ 2-4 ਪੱਤਿਆਂ ਦੀ ਅਵਸਥਾ ’ਤੇ ਐਲਮਿਕਸ 20 ਡਬਲਿਊ ਪੀ (ਕਲੋਰੀਮਿਯੂਰਨ ਇਥਾਇਲ + ਮੈਟਸਫੂਰਾਨ ਮਿਥਾਇਲ) 8 ਗ੍ਰਾਮ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ 20-25 ਦਿਨਾਂ ਅੰਦਰ ਛਿੜਕਾਅ ਕਰੋ। ਜੇਕਰ ਸਵਾਂਕ, ਝੋਨੇ ਦੇ ਮੋਥੇ, ਗੰਢੀ ਵਾਲਾ ਡੀਲਾ/ਮੋਥਾ, ਚੌੜੇ ਪੱਤੇ ਵਾਲੇ ਨਦੀਨਾਂ ਦੀ ਸਮੱਸਿਆ ਹੋਵੇ ਤਾਂ ਏਕੇਤਸੂ 43 ਡਬਲਿਊ ਜੀ (ਬਿਸਪਾਇਰੀਬੈਕ + ਕਲੋਰੀਮਿਯੂਰਾਨ + ਮੈਟਸਲਫੂਰਾਨ) 40 ਗ੍ਰਾਮ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ 20-25 ਦਿਨਾਂ ਅੰਦਰ ਛਿੜਕਾਅ ਕਰੋ। ਜੇਕਰ ਸਵਾਂਕ, ਸਵਾਂਕੀ, ਚੀਨੀ (ਘੋੜਾ) ਘਾਹ, ਚੌੜੇ ਪੱਤੇ ਵਾਲੇ, ਝੋਨੇ ਦੇ ਮੋਥੇ ਹੋਣ ਤਾਂ 1-2 ਪੱਤਿਆਂ ਦੀ ਅਵਸਥਾ ’ਤੇ ਵਿਵਾਇਆ 6 ਓ ਡੀ (ਪਿਨੌਕਸੁਲਮ + ਸਾਈਹੈਲੋਫੌਪ) 900 ਮਿਲੀਲਿਟਰ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ 15-25 ਦਿਨਾਂ ਅੰਦਰ ਛਿੜਕਾਅ ਕਰੋ। ਜੇਕਰ ਸਵਾਂਕ, ਸਵਾਂਕੀ ਅਤੇ ਚੀਨੀ ਘਾਹ, ਚੌੜੇ ਪੱਤੇ ਵਾਲੇ ਨਦੀਨ, ਝੋਨੇ ਦੇ ਮੋਥੇ ਦੇ ਨਾਲ ਗੰਡੀ ਵਾਲਾ ਮੋਥਾ ਹੋਵੇ ਤਾਂ 1-2 ਪੱਤਿਆਂ ਦੀ ਅਵਸਥਾ ’ਤੇ ਕੌਂਸਲ ਐਕਟਿਵ 30 ਡਬਲਿਊ ਜੀ (ਫਰਾਇਆਫੈਮੋਨ + ਇਥੌਕਸੀਸਲਫੂਰਾਨ) 90 ਗ੍ਰਾਮ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ 15-25 ਦਿਨਾ ਅੰਦਰ ਛਿੜਕਾਅ ਕਰੋ।

Advertisement

ਕੱਦੂ ਵਾਲਾ ਝੋਨਾ: ਕੱਦੂ ਵਾਲੇ ਝੋਨੇ ਦੀ ਲੁਆਈ ਤੋਂ 2-3 ਦਿਨਾਂ ਦੇ ਅੰਦਰ ਬੂਟਾਕਲੋਰ 50 ਈ ਸੀ 1200 ਮਿਲੀਲਿਟਰ ਜਾਂ ਅਨਿਲੋਫੋਸ 18 ਈ ਸੀ 850 ਮਿਲੀਲਿਟਰ ਜਾਂ ਅਨਿਲੋਫੋਸ 30 ਈ ਸੀ 500 ਮਿਲੀਲਿਟਰ ਜਾਂ ਪੈਂਡੀਮੈਥਾਲਿਨ 30 ਈ ਸੀ 1000 ਤੋਂ 1200 ਮਿਲੀਲਿਟਰ ਜਾਂ ਪ੍ਰੈਟੀਲਾਕਲੋਰ 50 ਈ ਸੀ 600 ਮਿਲੀਲਿਟਰ ਜਾਂ ਪ੍ਰੈਟੀਲਾਕਲੋਰ 37 ਈ ਡਬਲਿਊ 750 ਮਿਲੀਲਿਟਰ ਜਾਂ ਪਾਈਰੈਜ਼ੋਸਲਫੂਰਾਨ ਇਥਾਇਲ 10 ਡਬਲਿਊ ਪੀ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 60 ਕਿੱਲੋ ਰੇਤ ਵਿੱਚ ਮਿਲਾ ਕੇ ਖੜ੍ਹੇ ਪਾਣੀ ਵਿੱਚ ਛੱਟਾ ਦਿਉ। ਜਿਨ੍ਹਾਂ ਖੇਤਾਂ ਵਿੱਚ ਪਾਣੀ ਖੜ੍ਹਾ ਕਰਨ ਦੀ ਸਮੱਸਿਆ ਹੋਵੇ, ਉਥੇ ਝੋਨੇ ਦੀ ਲੁਆਈ ਤੋਂ 10-12 ਦਿਨਾਂ ਅੰਦਰ ਪਿਨੌਕਸੁਲਮ 240 ਐੱਸ ਸੀ 40 ਮਿਲੀਲਿਟਰ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਨਦੀਨਾਂ ਦੀ ਪਰਖ ਦੇ ਆਧਾਰ ’ਤੇ, ਹੇਠਾਂ ਲਿਖੇ ਕਿਸੇ ਵੀ ਇੱਕ ਨਦੀਨਨਾਸ਼ਕ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਨਦੀਨਾਂ ਦੀ ਸਹੀ ਰੋਕਥਾਮ ਲਈ ਨਦੀਨਨਾਸ਼ਕ ਦਾ ਛਿੜਕਾਅ ਲੁਆਈ ਤੋਂ 20-25 ਦਿਨਾਂ ਅੰਦਰ (ਜਦੋਂ ਨਦੀਨ 2-4 ਪੱਤਿਆਂ ’ਤੇ ਹੋਣ) ਕਰਨਾ ਲਾਜ਼ਮੀ ਹੈ। ਜੇਕਰ ਕੱਦੂ ਵਾਲੇ ਖੇਤ ਵਿੱਚ ਸਵਾਂਕ ਅਤੇ ਝੋਨੇ ਦੇ ਮੋਥੇ ਹੋ ਜਾਣ ਤਾਂ ਇਨ੍ਹਾਂ ਦੀ ਰੋਕਥਾਮ ਲਈ 100 ਮਿਲੀਲਿਟਰ ਪ੍ਰਤੀ ਏਕੜ ਨੌਮਿਨੀਗੋਲਡ/ਵਾਸ਼ ਆਊਟ/ਮਾਚੋਂ/ਤਾਰਕ 10 ਐੱਸ ਸੀ (ਬਿਸਪਾਇਰੀਬੈਕ) ਦਾ ਛਿੜਕਾਅ ਕਰੋ। ਚੀਨੀ ਘਾਹ ਦੀ ਸਮੱਸਿਆ ਲਈ 400 ਮਿਲੀਲਿਟਰ ਪ੍ਰਤੀ ਏਕੜ ਰਾਈਸਸਟਾਰ 6.7 ਈ ਸੀ (ਫਿਨੌਕਸਾਪ੍ਰੌਪ) ਦੀ ਵਰਤੋਂ ਕਰੋ। ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨ ਜਿਵੇਂ ਕਿ ਘਰਿੱਲਾ, ਸਣੀ ਆਦਿ ਦੀ ਸਮੱਸਿਆ ਹੋਵੇ ਤਾਂ 30 ਗ੍ਰਾਮ ਐਲਗਰਿੱਪ 20 ਡਬਲਿਊ ਜੀ (ਮੈਟਸਫੂਰਾਨ) ਜਾਂ 40 ਗ੍ਰਾਮ ਲੌਂਡੈਕਸ 60 ਡੀ ਐੱਫ (ਬੈਨਸਲਫੂਰਾਨ) ਜਾਂ 50 ਗ੍ਰਾਮ ਸਨਰਾਈਸ 15 ਡਬਲਿਊ ਜੀ (ਇਥੌਕਸੀਸਲਫੂਰਾਨ) ਜਾਂ 8 ਗ੍ਰਾਮ ਐਲਮਿਕਸ 20 ਡਬਲਿਊ ਪੀ (ਮੈਟਸਫੂਰਾਨ ਮਿਥਾਇਲ + ਕਲੋਰੀਮਿਯੂਰਾਨ ਇਥਾਇਲ) ਦਾ ਛਿੜਕਾਅ ਕਰੋ। ਜੇਕਰ ਸਵਾਂਕ, ਝੋਨੇ ਦੇ ਮੋਥੇ (ਛੱਤਰੀ ਵਾਲਾ ਮੋਥਾ, ਡੋਡੀਆਂ ਵਾਲਾ ਮੋਥਾ, ਘੂੰਈਂ) ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਸਮੱਸਿਆ ਹੋਵੇ ਤਾਂ 500 ਮਿਲੀਲਿਟਰ ਪ੍ਰਤੀ ਏਕੜ ਨੋਵੀਕਸਿਡ 3.25 ਓ ਡੀ (ਫਲੋਰਪਾਈਰਾਕਸੀਫੇਨ + ਪਿਨੌਕਸੁਲਮ) ਦੀ ਵਰਤੋਂ ਕਰੋ। ਸਵਾਂਕ, ਝੋਨੇ ਦੇ ਮੋਥੇ, ਗੰਢੀ ਵਾਲਾ ਡੀਲਾ/ਮੋਥਾ, ਚੌੜੇ ਪੱਤੇ ਵਾਲੇ ਨਦੀਨਾਂ ਦੀ ਸਮੱਸਿਆ ਹੋਵੇ ਤਾਂ 40 ਗ੍ਰਾਮ ਪ੍ਰਤੀ ਏਕੜ ਏਕੇਤਸੂ 43 ਡਬਲਿਊ ਜੀ (ਬਿਸਪਾਇਰੀਬੈਕ + ਕਲੋਰੀਮਿਯੂਰਨ + ਮੈਟਸਲਫੂਰਾਨ 2.5) ਦਾ ਛਿੜਕਾਅ ਕਰੋ।

Advertisement

ਮੱਕੀ: ਮੱਕੀ ਵਿੱਚ ਇੱਟਸਿਟ ਅਤੇ ਘਾਹ ਵਾਲੇ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 10 ਦਿਨ ਦੇ ਅੰਦਰ 800 ਗ੍ਰਾਮ ਪ੍ਰਤੀ ਏਕੜ ਐਟਰਾਜੀਨ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਅਤੇ 500 ਗ੍ਰਾਮ ਪ੍ਰਤੀ ਏਕੜ ਹਲਕੀਆਂ ਜ਼ਮੀਨਾਂ ਵਿੱਚ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਜਾਂ 105 ਮਿਲੀਲਿਟਰ ਪ੍ਰਤੀ ਏਕੜ ਲੌਡਿਸ 420 ਐੱਸ ਸੀ (ਟੈਂਬੋਟਰਾਇਨ) ਦਾ ਛਿੜਕਾਅ 150 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 20 ਦਿਨ ਬਾਅਦ ਕਰੋ। ਡੀਲੇ ਮੋਥੇ ਦੀ ਰੋਕਥਾਮ ਲਈ 400 ਮਿਲੀਲਿਟਰ ਪ੍ਰਤੀ ਏਕੜ 2,4-ਡੀ ਅਮਾਈਨ ਸਾਲਟ 58 ਐੱਸ ਐੱਲ ਬਿਜਾਈ ਤੋਂ 20-25 ਦਿਨਾਂ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਕਰੋ।

ਨਰਮਾ: ਨਰਮੇ ਵਿੱਚ ਨਦੀਨ ਪ੍ਰਬੰਧਨ ਦਾ ਢੁਕਵਾਂ ਸਮਾਂ 20-60 ਦਿਨ ਹੈ। ਇਸ ਸਮੇਂ ਦੌਰਾਨ ਨਦੀਨਾਂ ਦਾ ਖੇਤ ਵਿੱਚ ਰਹਿਣਾ ਫ਼ਸਲ ਦੇ ਵਾਧੇ ਅਤੇ ਝਾੜ ’ਤੇ ਮਾੜਾ ਅਸਰ ਪਾਉਂਦਾ ਹੈ। ਨਰਮੇ ਵਿੱਚ ਇੱਟਸਿਟ/ਚੁਪੱਤੀ ਅਤੇ ਮਧਾਣਾ/ਮੱਕੜਾ ਦੀ ਰੋਕਥਾਮ ਲਈ ਸਟੌਂਪ 30 ਈ ਸੀ (ਪੈਂਡੀਮੈਥਲਿਨ) 1.0 ਲਿਟਰ ਬਿਜਾਈ ਦੇ 24 ਘੰਟੇ ਅੰਦਰ ਛਿੜਕੋ। ਜਿਨ੍ਹਾਂ ਖੇਤਾਂ ਵਿੱਚ ਨਦੀਨ ਪਹਿਲਾ ਪਾਣੀ ਲਾਉਣ ਪਿਛੋਂ ਜਾਂ ਮੀਂਹ ਪੈਣ ’ਤੇ ਉੱਗਦੇ ਹਨ ਉਥੇ 1.0 ਲਿਟਰ ਪ੍ਰਤੀ ਏਕੜ ਸਟੌਂਪ ਦਾ ਛਿੜਕਾਅ ਪਾਣੀ ਲਾਉਣ ਤੋਂ ਬਾਅਦ ਚੰਗੇ ਵੱਤਰ ਵਿੱਚ ਕਰੋ। ਲਪੇਟਾ ਵੇਲ (ਗੁਆਰਾ ਵੇਲ), ਘਾਹ ਅਤੇ ਚੌੜੇ ਪੱਤੇ ਵਾਲੇ ਮੌਸਮੀ ਨਦੀਨਾਂ ਦੀ ਰੋਕਥਾਮ ਲਈ ਪਹਿਲੇ ਪਾਣੀ ਤੋਂ ਬਾਅਦ ਖੇਤ ਵੱਤਰ ਆਉਣ ’ਤੇ 500 ਮਿਲੀਲਿਟਰ ਪ੍ਰਤੀ ਏਕੜ ਹਿਟਵੀਡ ਮੈਕਸ 10 ਫ਼ੀਸਦੀ (ਪਾਇਰੀਥਾਇਉਬੈਕ ਸੋਡੀਅਮ+ਕੁਇਜ਼ਾਲੋਫਾਪ ਇਥਾਇਲ) ਦਾ ਛਿੜਕਾਅ ਕਰੋ। ਇਸ ਤੋਂ ਇਲਾਵਾ ਪ੍ਰਤੀ ਏਕੜ 500 ਮਿਲੀਲਿਟਰ ਗਰੈਮਕਸੋਨ 24 ਐੱਸ ਐੱਲ (ਪੈਰਾਕੁਐਟ) ਜਾਂ 900 ਮਿਲੀਲਿਟਰ ਸਵੀਪ ਪਾਵਰ 13.5 ਐੱਸ ਐੱਲ (ਗਲੂਫ਼ੋਸੀਨੇਟ ਅਮੋਨੀਅਮ) ਨੂੰ 100 ਲਿਟਰ ਪਾਣੀ ’ਚ ਘੋਲ ਕੇ 6-8 ਹਫ਼ਤੇ ਦੀ ਫ਼ਸਲ ਤੇ ਸੁਰੱਖਿਅਤ ਹੁੱਡ ਲਗਾ ਕੇ ਨਦੀਨਾਂ ’ਤੇ ਛਿੜਕਾਅ ਕਰੋ।

ਮੂੰਗੀ ਅਤੇ ਮਾਂਹ: ਮੂੰਗੀ ਅਤੇ ਮਾਂਹ ਵਿੱਚ ਘਾਹ, ਚੌੜੀ ਪੱਤੀ ਵਾਲੇ ਨਦੀਨ ਅਤੇ ਮੋਥੇ ਦੀ ਰੋਕਥਾਮ ਲਈ 300 ਮਿਲੀਲਿਟਰ ਪ੍ਰਤੀ ਏਕੜ ਇਮੇਜ਼ਥਾਪਾਇਰ 10 ਐੱਸ ਐੱਲ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 15-20 ਦਿਨਾਂ ’ਤੇ ਛਿੜਕਾਅ ਕਰੋ।

ਅਰਹਰ: ਅਰਹਰ ਵਿੱਚ ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੋਡੀ ਬਿਜਾਈ ਤੋਂ 3 ਹਫ਼ਤੇ ਅਤੇ ਦੂਸਰੀ 6 ਹਫ਼ਤੇ ਬਾਅਦ ਕਰੋ ਜਾਂ ਬਿਜਾਈ ਦੇ 2 ਦਿਨਾਂ ਦੇ ਅੰਦਰ ਪੈਂਡੀਮੈਥਾਲਿਨ 30 ਈ ਸੀ 1.0 ਲਿਟਰ ਪ੍ਰਤੀ ਏਕੜ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਜਾਂ 600 ਮਿਲੀਲਿਟਰ ਪੈਂਡੀਮੈਥਾਲਿਨ ਦਾ ਬਿਜਾਈ ਉਪਰੰਤ ਛਿੜਕਾਅ ਕਰਕੇ ਬਿਜਾਈ ਤੋਂ 6-7 ਹਫ਼ਤਿਆਂ ਪਿੱਛੋਂ ਇੱਕ ਗੋਡੀ ਕਰੋ।

ਸੋਇਆਬੀਨ: ਸੋਇਆਬੀਨ ਵਿੱਚ ਨਦੀਨਾਂ ਦੀ ਰੋਕਥਾਮ ਲਈ ਦੋ ਗੋਡੀਆਂ ਬਿਜਾਈ ਤੋਂ 20 ਅਤੇ 40 ਦਿਨਾਂ ਬਾਅਦ ਕਰੋ ਜਾਂ ਪੈਂਡੀਮੈਥਾਲ 30 ਈ ਸੀ 600 ਮਿਲੀਲਿਟਰ ਪ੍ਰਤੀ ਏਕੜ ਨੂੰ ਬਿਜਾਈ ਤੋਂ 2 ਦਿਨ ਦੇ ਅੰਦਰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਅਤੇ ਜੇ ਲੋੜ ਪਵੇ ਤਾਂ 40 ਦਿਨਾਂ ਬਾਅਦ ਇੱਕ ਗੋਡੀ ਕਰ ਦਿਓ ਜਾਂ ਬਿਜਾਈ ਤੋਂ 15-20 ਦਿਨਾਂ ਬਾਅਦ ਇਮੇਜ਼ਥਾਪਾਇਰ 10 ਐੱਸ ਐੱਲ 300 ਮਿਲੀਲਿਟਰ ਪ੍ਰਤੀ ਏਕੜ ਦਾ ਛਿੜਕਾਅ 150 ਲਿਟਰ ਪਾਣੀ ਵਰਤ ਕੇ ਕਰੋ।

ਨੋਟ: ਨਦੀਨ-ਨਾਸ਼ਕ ਦੀ ਚੋਣ ਕਰਨ ਤੋਂ ਪਹਿਲਾਂ ਨਦੀਨਾਂ ਦੀ ਪਛਾਣ ਅਤੇ ਨਦੀਨ ਦੀ ਅਵਸਥਾ ਦਾ ਧਿਆਨ ਰੱਖਣਾ ਜ਼ਰੂਰੀ ਹੈ। ਹਰ ਸਾਲ ਨਦੀਨ ਨਾਸ਼ਕਾਂ ਦਾ ਗਰੁੱਪ ਬਦਲ ਕੇ ਸਪਰੇਅ ਕਰਨੀ ਚਾਹੀਦੀ ਹੈ। ਇੱਕ ਗਰੁੱਪ ਦੇ ਨਦੀਨ ਨਾਸ਼ਕ ਵਰਤਣ ਨਾਲ ਨਦੀਨਾਂ ਵਿੱਚ ਸਹਿਣਸ਼ੀਲਤਾ ਆ ਜਾਂਦੀ ਹੈ।

ਬਿਜਾਈ ਸਮੇਂ ਨਦੀਨ ਨਾਸ਼ਕ ਦੀ ਸਪਰੇਅ ਕਰਨ ਲਈ ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ ਦੀ ਵਰਤੋਂ ਕਰੋ। ਖੜ੍ਹੀ ਫ਼ਸਲ ਵਿੱਚ ਨਦੀਨ ਨਾਸ਼ਕ ਦੀ ਸਪਰੇਅ ਕਰਨ ਲਈ ਸਿਰਫ਼ ਫਲੈਟ ਫੈਨ ਨੋਜ਼ਲ ਦੀ ਹੀ ਵਰਤੋਂ ਕਰੋ।ਬਿਜਾਈ ਦੇ ਨਾਲ ਸਪਰੇਅ ਕਰਨ ਵਾਲੇ ਨਦੀਨ ਨਾਸ਼ਕਾਂ ਲਈ 200 ਲਿਟਰ ਪਾਣੀ ਅਤੇ ਖੜ੍ਹੀ ਫ਼ਸਲ ਵਿੱਚ ਸਪਰੇਅ ਕਰਨ ਲਈ 150 ਲਿਟਰ ਪਾਣੀ ਪ੍ਰਤੀ ਏਕੜ ਵਰਤੋ।

ਨਦੀਨ ਨਾਸ਼ਕ ਦੇ ਵਧੀਆ ਨਤੀਜੇ ਲੈਣ ਲਈ ਇਹ ਧਿਆਨ ਰੱਖੋ ਕਿ ਨਦੀਨ ਨਾਸ਼ਕ ਦੀ ਸਪਰੇਅ ਸਮੇਂ ਖੇਤ ਚੰਗਾ ਵੱਤਰ ਹੋਵੇ ਅਤੇ ਸਪਰੇਅ ਸਵੇਰ ਜਾਂ ਸ਼ਾਮ ਸਮੇਂ ਹੀ ਕੀਤੀ ਜਾਵੇ। ਨਦੀਨ ਨਾਸ਼ਕ ਦੇ ਛਿੜਕਾਅ ਸਮੇਂ ਖੇਤ ਵਿੱਚ ਪਾਣੀ ਖੜ੍ਹਾ ਨਹੀਂ ਹੋਣਾ ਚਾਹੀਦਾ ਅਤੇ ਛਿੜਕਾਅ ਤੋਂ ਅਗਲੇ ਦਿਨ ਪਾਣੀ ਲਾਓ।

* ਜ਼ਿਲ੍ਹਾ ਐਕਸਟੈਨਸ਼ਨ ਸਾਇੰਟਿਸਟ, ਫਾਰਮ ਸਲਾਹਕਾਰ ਸੇਵਾ ਕੇਂਦਰ, ਬਰਨਾਲਾ

* ਪ੍ਰਮੁੱਖ ਫ਼ਸਲ ਵਿਗਿਆਨੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ

ਸੰਪਰਕ: 98140-81108

Advertisement
×