ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 29 ਜਨਵਰੀ
ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀਡੀਐੱਫਏ) ਵੱਲੋਂ 16ਵੇਂ ਕੌਮਾਂਤਰੀ ਡੇਅਰੀ ਤੇ ਖੇਤੀ ਐਕਸਪੋ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਉਂ ਵਿੱਚ ਹਾਈਵੇਅ ‘ਤੇ ਕਈ ਏਕੜ ਥਾਂ ‘ਚ ਬਣੀ ਹੋਈ ਪਸ਼ੂ ਮੰਡੀ ਵਿੱਚ ਇਹ ਮੇਲਾ 3 ਤੋਂ 5 ਫਰਵਰੀ ਤੱਕ ਲੱਗੇਗਾ। ਪੀਡੀਐੱਫਏ ਦੀ ਸਮੁੱਚੀ ਟੀਮ ਨੇ ਅੱਜ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ਹੇਠ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮਗਰੋਂ ਕੀਤੀ ਗਈ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਇਸ ਵਾਰ ਦੁੱਧ ਚੁਆਈ ਦੇ ਜੇਤੂ ਨੂੰ ਇਨਾਮ ਵਜੋਂ ਟਰੈਕਟਰ ਦੇਣ ਸਮੇਤ ਲੱਖਾਂ ਰੁਪਏ ਦੇ ਹੋਰ ਇਨਾਮਾਂ ਦੀ ਵੰਡ ਕੀਤੀ ਜਾਵੇਗੀ। ਡੇਅਰੀ ਤੇ ਖੇਤੀ ਕਿੱਤੇ ਨਾਲ ਜੁੜੇ ਕਿਸਾਨਾਂ ਨੂੰ ਅਤਿ ਆਧੁਨਿਕ ਤਕਨੀਕਾਂ ਦੇ ਹਾਣੀ ਬਣਾਉਣ ਲਈ ਖੇਤੀ ਮਾਹਿਰ ਅਤੇ ਵੱਡੀਆਂ ਵਿਦੇਸ਼ੀ ਕੰਪਨੀਆਂ ਮੇਲੇ ਵਿੱਚ ਸ਼ਾਮਲ ਹੋਣਗੀਆਂ।
ਸ੍ਰੀ ਸਦਰਪੁਰਾ ਨੇ ਦੱਸਿਆ ਕਿ ਜੇਤੂ ਨੂੰ ਜੌਹਨ-ਡੀਅਰ ਟਰੈਕਟਰ ਦੇਣ ਦੇ ਪ੍ਰਬੰਧ ਸਮੇਤ ਹੋਰਨਾਂ ਇਨਾਮਾਂ ਦੀ ਰਕਮ ਵੀ ਪਹਿਲਾਂ ਨਾਲੋਂ ਦੁੱਗਣੀ ਕਰ ਦਿੱਤੀ ਗਈ ਹੈ। ਇਸ ਮੇਲੇ ਵਿੱਚ ਕੈਨੇਡਾ, ਅਮਰੀਕਾ, ਯੂਰੋਪ, ਦੱਖਣੀ ਅਫ਼ਰੀਕਾ ਤੇ ਏਸ਼ੀਆ ਦੀਆਂ ਅਤਿ ਆਧੁਨਿਕ ਮਸ਼ੀਨਰੀ ਕੰਪਨੀਆਂ ਦੇ ਉਤਪਾਦ ਖਿੱਚ ਦਾ ਕੇਂਦਰ ਹੋਣਗੇ ਅਤੇ ਵੱਖ ਵੱਖ ਦੇਸ਼ਾਂ ਤੋਂ ਆਏ ਖੇਤੀ ਮਾਹਿਰ ਡੇਅਰੀ ਤੇ ਖੇਤੀ ਕਿੱਤੇ ਨੂੰ ਮੁਨਾਫ਼ੇ ‘ਚ ਲਿਜਾਣ ਸਬੰਧੀ ਨੁਕਤੇ ਸਾਂਝੇ ਕਰਨਗੇ। ਮੇਲੇ ਵਿੱਚ ਪਹਿਲੀ ਵਾਰ ਨੀਲੇ ਰਾਵੀ ਤੇ ਮੁੱਰ੍ਹਾ ਕਿਸਮ ਦੀਆਂ ਮੱਝਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ ਅਤੇ ਵੱਧ ਫੈਟ ਵਾਲਾ ਦੁੱਧ ਦੇਣ ਵਾਲੀ ਗਾਂ ਨੂੰ ਵਿਸ਼ੇਸ਼ ਇਨਾਮ ਦਿੱਤਾ ਜਾਵੇਗਾ।