ਨਵੀਂ ਦਿੱਲੀ, 20 ਸਤੰਬਰ
ਰਾਜ ਸਭਾ ’ਚ ਅੱਜ ਹੰਗਾਮੇ ਦਰਮਿਆਨ ਦੋ ਖੇਤੀ ਬਿੱਲ ਕਿਸਾਨੀ ਜਿਣਸ ਵਪਾਰ ਤੇ ਵਣਜ (ਉਤਸ਼ਾਹਿਤ ਕਰਨ ਤੇ ਸੁਖਾਲਾ ਬਣਾਉਣ) ਬਿੱਲ-2020 ਅਤੇ ਕਿਸਾਨਾਂ ਦੇ (ਸ਼ਕਤੀਕਰਨ ਅਤੇ ਰਾਖੀ ਲਈ) ਕੀਮਤਾਂ ਦੇ ਭਰੋਸੇ ਅਤੇ ਖੇਤੀਬਾੜੀ ਸੇਵਾਵਾਂ ਦੇ ਕਰਾਰ ਬਾਰੇ ਬਿੱਲ-2020 ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਇਹ ਬਿੱਲ ਪਾਸ ਕੀਤੇ ਜਾਣ ’ਤੇ ਵਿਰੋਧੀ ਧਿਰ ਨੇ ਹੰਗਾਮਾ ਕਰਦਿਆਂ ਸਦਨ ਦੇ ਉੱਪ ਚੇਅਰਮੈਨ ਤੋਂ ਰੂਲ ਬੁੱਕ ਖੋਹ ਕੇ ਪਾੜ ਦਿੱਤੀ ਤੇ ਉਨ੍ਹਾਂ ਦੇ ਪੋਡੀਅਮ ਤੋਂ ਮਾਈਕ ਵੀ ਪੁੱਟਣ ਦੀ ਕੋਸ਼ਿਸ਼ ਕੀਤੀ ਗਈ। ਵਿਰੋਧੀ ਧਿਰਾਂ ਨੇ ਉੱਪ ਚੇਅਰਮੈਨ ਤੋਂ ਵੋਟਾਂ ਦੀ ਵੰਡ ਕੀਤੇ ਜਾਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਲੋਕ ਸਭਾ ’ਚ ਪਾਸ ਹੋਣ ਮਗਰੋਂ ਇਹ ਦੋਵੇਂ ਬਿੱਲ ਅੱਜ ਰਾਜ ਸਭਾ ’ਚ ਪੇਸ਼ ਕੀਤੇ ਗਏ ਸਨ।
ਰਾਜ ਸਭਾ ’ਚ ਹੰਗਾਮਾ ਉਸ ਸਮੇਂ ਹੋਇਆ ਜਦੋਂ ਬਿੱਲਾਂ ਨੂੰ ਪਾਸ ਕਰਨ ਲਈ ਸਦਨ ਦੀ ਕਾਰਵਾਈ ਦਾ ਸਮਾਂ ਵਧਾ ਦਿੱਤਾ ਗਿਆ। ਵਿਰੋਧੀ ਧਿਰਾਂ ਨੇ ਅਜਿਹਾ ਕਦਮ ਸਰਬਸੰਮਤੀ ਨਾਲ ਚੁੱਕੇ ਜਾਣ ਦੀ ਮੰਗ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਇਨ੍ਹਾਂ ਬਿੱਲਾਂ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ। ਵਿਰੋਧੀ ਧਿਰ ਦੇ ਹੰਗਾਮੇ ਕਾਰਨ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਆਪਣਾ ਜਵਾਬ ਸਮੇਟਣਾ ਪਿਆ ਅਤੇ ਸਦਨ ਦੇ ਡਿਪਟੀ ਚੇਅਰਮੈਨ ਹਰਿਵੰਸ਼ ਨੇ ਬਿੱਲਾਂ ਨੂੰ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ। ਚਾਰ ਵਿਰੋਧੀ ਧਿਰਾਂ ਨੇ ਇਨ੍ਹਾਂ ਦੋਵਾਂ ਬਿੱਲਾਂ ਨੂੰ ਵਧੇਰੇ ਪੜਤਾਲ ਲਈ ਸਦਨ ਦੇ ਪੈਨਲ ਕੋਲ ਭੇਜਣ ਦੀ ਮੰਗ ਕੀਤੀ ਜਿਸ ਨੂੰ ਜ਼ੁਬਾਨੀ ਵੋਟਾਂ ਨਾਲ ਰੱਦ ਕਰ ਦਿੱਤਾ ਗਿਆ। ਕਾਂਗਰਸ, ਟੀਐੱਮਸੀ, ਸੀਪੀਆਈ (ਐੱਮ) ਤੇ ਡੀਐੱਮਕੇ ਦੇ ਮੈਂਬਰਾਂ ਨੇ ਇਸ ਮੁੱਦੇ ’ਤੇ ਵੋਟਾਂ ਦੀ ਵੰਡ ਦੀ ਵੀ ਮੰਗ ਕੀਤੀ। ਉਪ ਚੇਅਰਮੈਨ ਹਰਿਵੰਸ਼ ਨੇ ਇਹ ਕਹਿੰਦਿਆਂ ਇਸ ਤੋਂ ਇਨਕਾਰ ਕਰ ਦਿੱਤਾ ਕਿ ਵੋਟਾਂ ਦੀ ਵੰਡ ਤਾਂ ਹੀ ਹੋ ਸਕਦੀ ਹੈ ਜੇਕਰ ਮੈਂਬਰ ਆਪਣੀ ਸੀਟ ’ਤੇ ਹੋਣ। ਇਸ ਤੋਂ ਟੀਐੱਮਸੀ ਆਗੂ ਡੈਰੇਕ ਓ’ਬ੍ਰਾਇਨ ਪੋਡੀਅਮ ਵੱਲ ਵਧੇ ਤੇ ਉਨ੍ਹਾਂ ਉੱਪ ਚੇਅਰਮੈਨ ਤੋਂ ਰੂਲ ਬੁੱਕ ਖੋਹ ਕੇ ਪਾੜ ਸੁੱਟੀ। ਉਨ੍ਹਾਂ ਪੋਡੀਅਮ ’ਤੇ ਲੱਗੇ ਮਾਈਕ ਵੀ ਪੁੱਟਣ ਦੀ ਕੋਸ਼ਿਸ਼ ਕੀਤੀ ਪਰ ਮਾਰਸ਼ਲਾਂ ਨੇ ਅਜਿਹਾ ਹੋਣ ਤੋਂ ਰੋਕ ਦਿੱਤਾ।
ਓ’ਬ੍ਰਾਇਨ ਦੇ ਨਾਲ ਡੀਐੱਮਕੇ ਆਗੂ ਤਿਰੂਚੀ ਸ਼ਿਵਾ, ਕਾਂਗਰਸ ਦੇ ਕੇਸੀ ਵੇਣੂਗੋਪਾਲ ਅਤੇ ਸੀਪੀਆਈ (ਐੱਮ) ਦੇ ਕੇਕੇ ਰਾਗੇਸ਼ ਨੇ ਇਹ ਬਿੱਲ ਚੋਣ ਕਮੇਟੀ ਕੋਲ ਭੇਜਣ ਦਾ ਮਤਾ ਪਾਸ ਕਰਦਿਆਂ ਕਾਗਜ਼ ਪਾੜ ਕੇ ਹਵਾ ’ਚ ਸੁੱਟ ਦਿੱਤੇ। ਸਦਨ ’ਚ ਹੰਗਾਮਾ ਵਧਣ ਕਾਰਨ ਉੱਪ ਚੇਅਰਮੈਨ ਨੇ ਪਹਿਲਾਂ ਰਾਜ ਸਭਾ ਦੀ ਕਾਰਵਾਈ ਦੇ ਸਿੱਧੇ ਪ੍ਰਸਾਰਨ ਦੀ ਆਵਾਜ਼ ਬੰਦ ਕਰ ਦਿੱਤੀ ਪਰ ਜਦੋਂ ਵਿਰੋਧੀ ਧਿਰਾਂ ਨੇ ਹੰਗਾਮਾ ਕਰਨਾ ਜਾਰੀ ਰੱਖਿਆ ਤਾਂ ਉਨ੍ਹਾਂ ਸਦਨ ਦੀ ਕਾਰਵਾਈ 15 ਮਿੰਟਾਂ ਲਈ ਰੋਕ ਦਿੱਤੀ। ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਵਿਰੋਧੀ ਧਿਰਾਂ ਨੇ ਮੁੜ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਪਰ ਇਸ ਦੇ ਬਾਵਜੂਦ ਉਪ ਚੇਅਰਮੈਨ ਨੇ ਬਿੱਲ ਜ਼ੁਬਾਨੀ ਵੋਟਾਂ ਲਈ ਪੇਸ਼ ਕਰ ਦਿੱਤਾ। ਪਹਿਲੇ ਬਿੱਲ ਨੂੰ ਜਦੋਂ ਸਦਨ ਤੋਂ ਪ੍ਰਵਾਨਗੀ ਮਿਲ ਗਈ ਅਤੇ ਬਿੱਲਾਂ ਨੂੰ ਚੋਣ ਕਮੇਟੀ ਕੋਲ ਭੇਜਣ ਦੀ ਮੰਗ ਰੱਦ ਕਰ ਦਿੱਤੀ ਗਈ ਤਾਂ ਵਿਰੋਧੀ ਧਿਰ ਦੇ ਘੱਟੋ ਘੱਟ ਦੋ ਮੈਂਬਰਾਂ ਨੇ ਰਾਜ ਸਭਾ ਦੇ ਅਫਸਰਾਂ ਦੇ ਮੇਜ਼ ’ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਹੇਠਾਂ ਉਤਾਰ ਲਿਆ ਗਿਆ। ਇਸ ਹੰਗਾਮੇ ਦਰਮਿਆਨ ਹੀ ਦੋਵੇਂ ਖੇਤੀ ਬਿੱਲ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤੇ ਗਏ ਅਤੇ ਵਿਰੋਧੀ ਧਿਰਾਂ ਵੱਲੋਂ ਸੁਝਾਈਆਂ ਗਈਆਂ ਸੋਧਾਂ ਰੱਦ ਕਰ ਦਿੱਤੀਆਂ ਗਈਆਂ।
ਇਸ ਤੋਂ ਪਹਿਲਾਂ ਖੇਤੀ ਬਿੱਲਾਂ ’ਤੇ ਬਹਿਸ ਦੌਰਾਨ ਜਵਾਬ ਦਿੰਦਿਆਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਖੇਤੀ ਜਿਣਸਾਂ ’ਤੇ ਘੱਟੋ ਘੱਟ ਸਮਰਥਨ ਮੁੱਲ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ ਤੇ ਕਿਸਾਨਾਂ ਨੂੰ ਦੇਸ਼ ’ਚ ਕਿਤੇ ਵੀ ਜਾ ਕੇ ਆਪਣੀ ਜਿਣਸ ਵੇਚਣ ਦੀ ਆਜ਼ਾਦੀ ਹੋਵੇਗੀ। ਉਨ੍ਹਾਂ ਫਸਲਾਂ ਦੀ ਸਰਕਾਰੀ ਖਰੀਦ ਪ੍ਰਣਾਲੀ ਖਤਮ ਹੋਣ ਤੇ ਉਨ੍ਹਾਂ ਦੀ ਨਿੱਜੀ ਕੰਪਨੀਆਂ ਵੱਲੋਂ ਲੁੱਟ ਕੀਤੇ ਜਾਣ ਸਬੰਧੀ ਕਿਸਾਨਾਂ ਦੇ ਖਦਸ਼ਿਆਂ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੰਡੀਆਂ ਦਾ ਕੰਮ ਤੇ ਕਾਰੋਬਾਰ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ। ਨਵੇਂ ਬਿੱਲਾਂ ਤਹਿਤ ਕਿਸਾਨਾਂ ਨੂੰ ਆਪਣੀ ਜਿਣਸ ਦਾ ਭਾਅ ਆਪਣੀ ਮਰਜ਼ੀ ਅਨੁਸਾਰ ਤੈਅ ਕਰਨ ਦੀ ਪੂਰੀ ਖੁੱਲ੍ਹ ਹੋਵੇਗੀ ਤੇ ਉਸ ਨੂੰ ਤਿੰਨ ਦਿਨ ਅੰਦਰ ਆਪਣੀ ਵੇਚੀ ਜਿਣਸ ਦੀ ਕੀਮਤ ਮਿਲ ਜਾਵੇਗੀ। -ਪੀਟੀਆਈ