DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪਸ਼ੂ ਪਾਲਣ ਮੇਲੇ ਦਾ ਲਾਹਾ ਲੈਣ ਦੀ ਲੋੜ

ਮੇਲਿਆਂ ਦੇ ਸਰੂਪ ਬਦਲ ਗਏ ਹਨ, ਲੋਕਾਂ ਦੀਆਂ ਲੋੜਾਂ ਬਦਲ ਗਈਆਂ ਹਨ, ਪਰ ਮੇਲੇ ਅਜੇ ਵੀ ਲੱਗਦੇ ਹਨ। ਮੇਲਿਆਂ ਵਿੱਚ ਨਵਾਂ ਰੂਪ ਜੁੜ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਹੈ ਵਿਗਿਆਨ, ਪਸ਼ੂ ਪਾਲਣ ਅਤੇ ਖੇਤੀ ਮੇਲਿਆਂ ਦਾ। ਮੇਲਾ ਸ਼ਬਦ ਜਿੱਥੇ ਸਾਡੀਆਂ...

  • fb
  • twitter
  • whatsapp
  • whatsapp
Advertisement

ਮੇਲਿਆਂ ਦੇ ਸਰੂਪ ਬਦਲ ਗਏ ਹਨ, ਲੋਕਾਂ ਦੀਆਂ ਲੋੜਾਂ ਬਦਲ ਗਈਆਂ ਹਨ, ਪਰ ਮੇਲੇ ਅਜੇ ਵੀ ਲੱਗਦੇ ਹਨ। ਮੇਲਿਆਂ ਵਿੱਚ ਨਵਾਂ ਰੂਪ ਜੁੜ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਹੈ ਵਿਗਿਆਨ, ਪਸ਼ੂ ਪਾਲਣ ਅਤੇ ਖੇਤੀ ਮੇਲਿਆਂ ਦਾ। ਮੇਲਾ ਸ਼ਬਦ ਜਿੱਥੇ ਸਾਡੀਆਂ ਅੱਖਾਂ ਅੱਗੇ ਖ਼ੁਸ਼ੀ ਵਿੱਚ ਘੁੰਮਦੇ, ਮੇਲ-ਜੋਲ ਕਰਦੇ ਲੋਕਾਂ ਦੇ ਸਮੂਹ ਦਾ ਦ੍ਰਿਸ਼ ਸਿਰਜਦਾ ਹੈ, ਉੱਥੇ ਕੁਝ ਝਾਕੀਆਂ, ਵਸਤਾਂ ਅਤੇ ਹੋਰ ਦ੍ਰਿਸ਼ ਵੀ ਸਾਡੇ ਸਾਹਮਣੇ ਰੂਪਮਾਨ ਹੋ ਜਾਂਦੇ ਹਨ। ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਾਲ ਵਿੱਚ ਦੋ ਵਾਰ ਮਾਰਚ ਅਤੇ ਸਤੰਬਰ ਦੇ ਮਹੀਨੇ ਕਰਵਾਇਆ ਜਾਣ ਵਾਲਾ ‘ਪਸ਼ੂ ਪਾਲਣ ਮੇਲਾ’ ਅੱਜ ਦੇ ਦੌਰ ਵਿੱਚ ਗਿਆਨ ਤੇ ਵਿਗਿਆਨ ਨੂੰ ਪ੍ਰਦਰਸ਼ਿਤ ਕਰਨ ਵਾਲੇ ਮੇਲਿਆਂ ਵਿੱਚ ਸ਼ੁਮਾਰ ਹੈ। ਇਹ ਮੇਲਾ ਯੂਨੀਵਰਸਿਟੀ ਦੇ ਕੈਂਪਸ ਲੁਧਿਆਣਾ ’ਚ ਲਾਇਆ ਜਾਂਦਾ ਹੈ। ਸੰਨ 2006 ਵਿੱਚ ਬਣੀ ਇਹ ਯੂਨੀਵਰਸਿਟੀ ਪਸ਼ੂ ਪਾਲਣ ਕਿੱਤਿਆਂ ਨਾਲ ਸਬੰਧਿਤ ਹਰ ਕਾਰਜ ਨੂੰ ਬੜੇ ਵਿਉਂਤਬੱਧ ਤਰੀਕੇ ਰਾਹੀਂ ਪਸ਼ੂ ਪਾਲਕਾਂ ਨਾਲ ਸਾਂਝਾ ਕਰ ਰਹੀ ਹੈ। ਇਸ ਵਾਰ ਸਤੰਬਰ ਮਹੀਨੇ ਦਾ ਮੇਲਾ 18 ਅਤੇ 19 ਤਾਰੀਖ਼ ਨੂੰ ਲਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਪਸ਼ੂ ਪਾਲਣ ਕਿੱਤੇ ਨਾਲ ਜੁੜੇ ਪਸ਼ੂ ਪਾਲਕਾਂ ਦੀ ਹਰ ਲੋੜ, ਸਮੱਸਿਆ ਅਤੇ ਜਗਿਆਸਾ ਸਬੰਧੀ ਭਿੰਨ-ਭਿੰਨ ਵਸਤਾਂ ਅਤੇ ਜਾਣਕਾਰੀ ਪ੍ਰਦਰਸ਼ਿਤ ਕੀਤੀ ਜਾਂਦੀ ਹੈ। ਐਤਕੀਂ ਮੇਲੇ ਵਿੱਚ ਗਊਆਂ ਪਾਲਣ, ਮੁਰਗੀ ਪਾਲਣ ਅਤੇ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨ ਦੇ ਖੇਤਰ ਵਿੱਚ ਜੇਤੂ ਪ੍ਰਗਤੀਸ਼ੀਲ ਕਿਸਾਨਾਂ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਇਨਾਮਾਂ ਵਿੱਚ ਨਕਦ ਰਾਸ਼ੀ ਅਤੇ ਸਨਮਾਨ ਪੱਤਰ ਭੇਟ ਕੀਤੇ ਜਾਣਗੇ। ਯੂਨੀਵਰਸਿਟੀ ਦੇ ਵਧੀਆ ਪਸ਼ੂ ਜਿਨ੍ਹਾਂ ਵਿੱਚ ਮੱਝਾਂ, ਗਾਵਾਂ, ਬੱਕਰੀਆਂ, ਮੁਰਗੀਆਂ, ਬਟੇਰ, ਖ਼ਰਗੋਸ਼ ਅਤੇ ਮੱਛੀਆਂ ਦੀਆਂ ਵੱਖ-ਵੱਖ ਕਿਸਮਾਂ ਮੇਲੇ ਦਾ ਸ਼ਿੰਗਾਰ ਹੁੰਦੇ ਹਨ। ਪਸ਼ੂਆਂ ਦੇ ਵਧੀਆ ਨਸਲ ਦੇ ਬੱਚੇ ਲੈਣ ਲਈ ਪਸ਼ੂ ਪਾਲਕਾਂ ਨੂੰ ਕਿਹੜੇ ਤਰੀਕੇ ਅਤੇ ਨਸਲ ਸੁਧਾਰ ਦੇ ਢੰਗ ਵਰਤਣੇ ਚਾਹੀਦੇ ਹਨ, ਉਹ ਜਾਣਕਾਰੀ ਵੀ ਮੇਲੇ ’ਚ ਦਿੱਤੀ ਜਾਂਦੀ ਹੈ। ਪਸ਼ੂਆਂ ਦੇ ਬਿਹਤਰ ਖੁਰਾਕੀ ਪ੍ਰਬੰਧ ਲਈ ਧਾਤਾਂ ਦਾ ਚੂਰਾ ਅਤੇ ਪਸ਼ੂ ਚਾਟ ਬਣਾਉਣ ਲਈ ਸਮੱਗਰੀ ਦਾ ਮੁਕੰਮਲ ਵੇਰਵਾ ਦੱਸਿਆ ਜਾਂਦਾ ਹੈ। ਪਸ਼ੂਆਂ ਦਾ ਉਤਪਾਦਨ ਵਧਾਉਣ ਲਈ ਕਿਹੜੀਆਂ ਖੁਰਾਕੀ ਵਸਤਾਂ ਦਾ ਉਪਯੋਗ ਲਾਹੇਵੰਦ ਹੁੰਦਾ ਹੈ, ਇਸ ਦੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਯੂਨੀਵਰਸਿਟੀ ਦੇ ਕਾਲਜ, ਕਾਲਜ ਆਫ ਵੈਟਰਨਰੀ ਸਾਇੰਸਿਜ਼, ਕਾਲਜ ਆਫ ਫਿਸ਼ਰੀਜ਼ ਅਤੇ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਕਾਲਜ ਦੇ ਡਾਕਟਰ ਤੇ ਵਿਗਿਆਨੀ ਆਪੋ-ਆਪਣੇ ਵਿਭਾਗਾਂ ਵੱਲੋਂ ਨੁਮਾਇਸ਼ ਲਾਉਂਦੇ ਹਨ। ਇਸ ਨੁਮਾਇਸ਼ ਵਿੱਚ ਪਸ਼ੂਆਂ ਦੀ ਜਾਂਚ ਕਰਨ ਤੋਂ ਇਲਾਵਾ ਉਨ੍ਹਾਂ ਦੇ ਗੋਹੇ, ਥੁੱਕ, ਖ਼ੂਨ ਅਤੇ ਪਿਸ਼ਾਬ ਦੀ ਜਾਂਚ ਵੀ ਕੀਤੀ ਜਾਂਦੀ ਹੈ। ਇਸ ਜਾਂਚ ਰਾਹੀਂ ਬਿਮਾਰੀ ਦਾ ਪਤਾ ਲੱਗਣ ’ਤੇ ਉਨ੍ਹਾਂ ਨੂੰ ਸਹੀ ਤੇ ਸਟੀਕ ਇਲਾਜ ਸਬੰਧੀ ਮਾਹਿਰ ਡਾਕਟਰ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਪਸ਼ੂ ਪਾਲਣ ਸਬੰਧੀ ਗਿਆਨ ਨੂੰ ਵਧਾਉਣ ਵਾਸਤੇ ਯੂਨੀਵਰਸਿਟੀ ਵੱਲੋਂ ਕਈ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਹ ਕਿਤਾਬਾਂ ਸੌਖੀ ਪੰਜਾਬੀ ’ਚ ਅਤੇ ਘੱਟ ਕੀਮਤ ’ਤੇ ਇਸ ਮੇਲੇ ਵਿੱਚ ਮਿਲ ਜਾਂਦੀਆਂ ਹਨ। ਯੂਨੀਵਰਸਿਟੀ ਵੱਲੋਂ ਛਾਪਿਆ ਜਾਂਦਾ ਮਹੀਨਾਵਾਰ ਰਸਾਲਾ ‘ਵਿਗਿਆਨਕ ਪਸ਼ੂ ਪਾਲਣ’ ਵੀ ਪਸ਼ੂ ਪਾਲਕ ਇੱਥੋਂ ਖਰੀਦ ਸਕਦੇ ਹਨ, ਜਿਸ ਵਿੱਚ ਹਰ ਮਹੀਨੇ ਕਾਫ਼ੀ ਨਵੀਂ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਅਜਿਹਾ ਰਸਾਲਾ ਸਾਲਾਨਾ ਜਾਂ ਜੀਵਨ ਚੰਦੇ ’ਤੇ ਘਰ ਵੀ ਪਹੁੰਚਦਾ ਕੀਤਾ ਜਾਂਦਾ ਹੈ। ਪਸ਼ੂਆਂ ਦੇ ਦੁੱਧ ਅਤੇ ਮੀਟ ਤੋਂ ਨਵੀਆਂ ਵਸਤਾਂ ਤਿਆਰ ਕਰਕੇ ਉਨ੍ਹਾਂ ਨੂੰ ਬਾਜ਼ਾਰ ਵਿੱਚ ਵੇਚਣ ਸਬੰਧੀ ਸਿਖਲਾਈ ਦੀ ਨੁਮਾਇਸ਼ ਵੀ ਲਾਈ ਜਾਂਦੀ ਹੈ। ਇਹ ਵਸਤਾਂ ਸੁਆਦ ਦੇਖਣ ਅਤੇ ਖਰੀਦਣ ਵਾਸਤੇ ਵੀ ਉਪਲਬਧ ਹੁੰਦੀਆਂ ਹਨ। ਪਸ਼ੂ ਪਾਲਣ ਦੇ ਕਿਸੇ ਵੀ ਕਿੱਤੇ ਸਬੰਧੀ ਸਿਖਲਾਈ ਲੈਣ ਲਈ ਪਸ਼ੂ ਪਾਲਕ ਮੇਲੇ ਵਿੱਚ ਬਿਨਾਂ ਕਿਸੇ ਖਰਚ ਤੋਂ ਆਪਣਾ ਨਾਂ ਵੀ ਦਰਜ ਕਰਵਾ ਸਕਦੇ ਹਨ। ਯੂਨੀਵਰਸਿਟੀ ਨਾਲ ਜੁੜੇ ਪਸ਼ੂ ਪਾਲਕਾਂ ਨੇ ਆਪੋ-ਆਪਣੀਆਂ ਜਥੇਬੰਦੀਆਂ ਵੀ ਬਣਾਈਆਂ ਹੋਈਆਂ ਹਨ। ਡੇਅਰੀ, ਮੱਛੀ ਪਾਲਣ, ਸੂਰ ਪਾਲਣ ਅਤੇ ਬੱਕਰੀਆਂ ਪਾਲਣ ਵਾਲੇ ਪਸ਼ੂ ਪਾਲਕਾਂ ਦੀਆਂ ਜਥੇਬੰਦੀਆਂ ਲਈ ਕਿਸਾਨ ਆਪਣਾ ਨਾਂ ਲਿਖਵਾ ਸਕਦੇ ਹਨ ਅਤੇ ਉਨ੍ਹਾਂ ਦੀਆਂ ਮਹੀਨੇਵਾਰ ਮੀਟਿੰਗਾਂ ਵਿੱਚ ਸ਼ਾਮਿਲ ਹੋ ਸਕਦੇ ਹਨ। ਇਨ੍ਹਾਂ ਮੀਟਿੰਗਾਂ ਵਿੱਚ ਪਸ਼ੂ ਪਾਲਕ ਆਪਸ ਵਿੱਚ ਵਿਚਾਰ-ਵਟਾਂਦਰਾ ਵੀ ਕਰਦੇ ਹਨ ਅਤੇ ਮਾਹਿਰ ਡਾਕਟਰ ਕਈ ਮਹੱਤਵਪੂਰਨ ਵਿਸ਼ਿਆਂ ’ਤੇ ਭਾਸ਼ਣ ਵੀ ਦਿੰਦੇ ਹਨ। ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗ ਜਿਵੇਂ ਡੇਅਰੀ ਵਿਕਾਸ ਵਿਭਾਗ, ਮੱਛੀ ਪਾਲਣ ਵਿਭਾਗ, ਮਿਲਕਫੈੱਡ, ਮਾਰਕਫੈੱਡ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਵੀ ਉਚੇਚੇ ਤੌਰ ’ਤੇ ਇੱਥੇ ਪਹੁੰਚਦੇ ਹਨ ਅਤੇ ਸਰਕਾਰੀ ਸਕੀਮਾਂ ਤੇ ਸਬਸਿਡੀਆਂ ਸਬੰਧੀ ਰੌਸ਼ਨੀ ਪਾਉਂਦੇ ਹਨ। ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਪਸ਼ੂ ਪਾਲਕਾਂ ਦੀਆਂ ਮੁਸ਼ਕਿਲਾਂ ਅਤੇ ਜਗਿਆਸਾਵਾਂ ਦੇ ਮੱਦੇਨਜ਼ਰ ਇੱਕ ਸੁਆਲ-ਜੁਆਬ ਸੈਸ਼ਨ ਵੀ ਰੱਖਿਆ ਜਾਂਦਾ ਹੈ, ਜਿਸ ਵਿੱਚ ਪਸ਼ੂ ਪਾਲਕ ਆਪਣੀ ਕਿਸੇ ਵੀ ਸਮੱਸਿਆ ਦਾ ਹੱਲ ਪਤਾ ਕਰ ਸਕਦੇ ਹਨ।

ਪਸ਼ੂਆਂ ਦੇ ਇਲਾਜ ਅਤੇ ਖੁਰਾਕ ਨਾਲ ਜੁੜੀਆਂ ਕਈ ਕੰਪਨੀਆਂ ਆਪਣੀਆਂ ਦਵਾਈਆਂ ਅਤੇ ਉਤਪਾਦਾਂ ਦੀ ਨੁਮਾਇਸ਼ ਕਰਦੀਆਂ ਹਨ। ਇਨ੍ਹਾਂ ਕੰਪਨੀਆਂ ਦੀ ਨੁਮਾਇਸ਼ ਵਿੱਚ ਪਸ਼ੂਆਂ ਦੇ ਫੀਡ ਨਿਰਮਾਤਾ, ਪਸ਼ੂ ਪਾਲਣ ਧੰਦਿਆਂ ਦੀ ਮਸ਼ੀਨਰੀ ਬਣਾਉਣ ਵਾਲੇ, ਪਸ਼ੂ ਚਾਰੇ ਦੇ ਬੀਜਾਂ ਵਾਲੇ, ਬੈਂਕ ਅਤੇ ਹੋਰ ਵਿੱਤੀ ਸੰਸਥਾਵਾਂ ਕਿਸਾਨਾਂ ਲਈ ਲਾਹੇਵੰਦ ਜਾਣਕਾਰੀ ਦਿੰਦੀਆਂ ਹਨ। ਇੱਥੇ ਇਹ ਦਵਾਈਆਂ ਅਤੇ ਉਤਪਾਦ ਪਸ਼ੂ ਪਾਲਕਾਂ ਨੂੰ ਬਾਜ਼ਾਰ ਤੋਂ ਘੱਟ ਕੀਮਤ ’ਤੇ ਇੱਕੋ ਥਾਂ ਤੋਂ ਪ੍ਰਾਪਤ ਹੋ ਜਾਂਦੇ ਹਨ। ਪਸ਼ੂ ਪਾਲਣ ਮੇਲੇ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਹਰ ਉਮਰ ਵਰਗ ਦੇ ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਰੁਚੀ ਸਬੰਧੀ ਕੁਝ ਨਾ ਕੁਝ ਜ਼ਰੂਰ ਪ੍ਰਦਾਨ ਕਰਦਾ ਹੈ। ਕਈ ਬੱਚਿਆਂ ਦੀ ਪੜ੍ਹਾਈ ਦੇ ਕੋਰਸ ਵਿੱਚ ਪਸ਼ੂ ਪਾਲਣ ਵਿਸ਼ਾ ਪੜ੍ਹਾਇਆ ਜਾਂਦਾ ਹੈ। ਉਹ ਇੱਥੋਂ ਕਈ ਕਿਸਮ ਦੀ ਜਾਣਕਾਰੀ ਇਕੱਤਰ ਕਰ ਸਕਦੇ ਹਨ। ਘਰੇਲੂ ਸੁਆਣੀਆਂ ਕਈ ਤਰ੍ਹਾਂ ਦੇ ਪਕਵਾਨ ਅਤੇ ਪੀਣ ਵਾਲੇ ਪਦਾਰਥ ਬਣਾਉਣ ਦੀਆਂ ਤਕਨੀਕਾਂ ਸਬੰਧੀ ਗਿਆਨ ਹਾਸਿਲ ਕਰ ਸਕਦੀਆਂ ਹਨ। ਵੈਟਰਨਰੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਕਈ ਸ਼ਾਕਾਹਾਰੀ ਅਤੇ ਮਾਸਾਹਾਰੀ ਵਸਤਾਂ ਖਰੀਦ ਵਾਸਤੇ ਉਪਲਬਧ ਹੁੰਦੀਆਂ ਹਨ। ਇਨ੍ਹਾਂ ਨੂੰ ਖਾਣ ਦੇ ਸ਼ੌਕੀਨ ਲੋਕ ਬੜੀ ਵਾਜਬ ਕੀਮਤ ’ਤੇ ਖਰੀਦ ਸਕਦੇ ਹਨ। ਪਸ਼ੂ ਪਾਲਣ ਮੇਲੇ ਦਾ ਮੁੱਖ ਮੰਤਵ ਇਹੋ ਹੈ ਕਿ ਪਸ਼ੂ ਪਾਲਣ ਕਿੱਤਿਆਂ ਨੂੰ ਵਿਗਿਆਨਕ ਲੀਹਾਂ ’ਤੇ ਘੱਟ ਖਰਚ ਨਾਲ ਅਤੇ ਸੁਚਾਰੂ ਢੰਗ ਨਾਲ ਚਲਾਇਆ ਜਾਵੇ। ਲੋਕ ਨਕਲੀ ਵਸਤਾਂ ਦੇ ਪ੍ਰਯੋਗ ਬਾਰੇ ਸਾਵਧਾਨ ਹੋਣ ਅਤੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਾਲੇ ਪਸ਼ੂਆਂ ਨੂੰ ਪੌਸ਼ਟਿਕ ਅਤੇ ਸ਼ੁੱਧ ਖੁਰਾਕ ਮਿਲ ਸਕੇ।

Advertisement

* ਪ੍ਰੋਫੈਸਰ, ਸੰਚਾਰ

Advertisement

ਸੰਪਰਕ: 98159-09003

Advertisement
×