ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਲੋਹੜੀ

ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਲੋਹੜੀ

ਮਾਨਸਾ ’ਚ ਲੋਹੜੀ ਮੌਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਦੇ ਹੋਏ ਕਿਸਾਨ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ
ਮਾਨਸਾ, 13 ਜਨਵਰੀ

ਮਾਲਵੇ ਵਿੱਚ ਕਿਸਾਨ ਜਥੇਬੰਦੀਆਂ ਨੇ ਅੱਜ ਕੇਂਦਰ ਸਰਕਾਰ ਖ਼ਿਲਾਫ਼ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਧੂਣੀਆਂ ਪਾ ਕੇ ਇਨ੍ਹਾਂ ’ਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅੱਜ ਮਾਲਵਾ ਖੇਤਰ ਦੇ ਹਰ ਪਿੰਡ ਵਿੱਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਦਾ (ਭੁੱਗਾ) ਬਾਲ ਕੇ ਲੋਹੜੀ ਮਨਾਈ ਗਈ। ਜਥੇਬੰਦੀਆਂ ਨੇ ਭਾਜਪਾ ਨੇਤਾਵਾਂ ਦਾ ਪਿੰਡਾਂ ਵਿੱਚ ਬਕਾਇਦਾ ਵੜਨ ਤੇ ਬਾਈਕਾਟ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ।

ਉੱਧਰ ਮਾਨਸਾ ’ਚ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਕਿਸਾਨ ਜਥੇਬੰਦੀਆਂ ਨੇ ਲੋਹੜੀ ਬਾਲ ਕੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਕਿਸਾਨ ਆਗੂਆ ਨੇ ਕਿਹਾ ਕਿ ਇਕ ਯੁੱਧ ਚੱਲ ਰਿਹਾ ਹੈ, ਇਹ ਉਦੋਂ ਤੱਕ ਚੱਲਦਾ ਰਹੇਗਾ, ਜਦੋਂ ਤੱਕ ਕਾਰਪੋਰੇਟਾਂ ਦੀ ਦਲਾਲ ਮੋਦੀ ਸਰਕਾਰ ਇਨ੍ਹਾਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਕਰਦੀ। ਇਸ ਤੋਂ ਪਹਿਲਾਂ ਅੱਜ ਸਵੇਰੇ ਇਨ੍ਹਾਂ ਕਾਲੇ ਕਨੂੰਨਾਂ ਦੀਆਂ ਕਾਪੀਆਂ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਪਹੁੰਚਾਈਆਂ ਸਨ ਅਤੇ ਰਵਾਇਤ ਤੋਂ ਉਲਟ ਪਿੰਡਾਂ ਵਿੱਚ ਲੋਹੜੀ ਮੌਕੇ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਦੁੱਲਾ ਭੱਟੀ ਦੇ ਗੀਤ ਗਾਏ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਤੋਂ ਬਾਅਦ 18 ਜਨਵਰੀ ਨੂੰ ਮਹਿਲਾ ਦਿਵਸ ਨੂੰ ਕਿਸਾਨ ਦਿਵਸ ਵਜੋਂ ਪਿੰਡਾਂ ਵਿੱਚ ਟਰੈਕਟਰ ਮਾਰਚ ਕਰਕੇ ਮਨਾਇਆ ਜਾਵੇਗਾ ਅਤੇ 26 ਜਨਵਰੀ ਨੂੰ ਦਿੱਲੀ ’ਚ ਬਹੁਤ ਵੱਡੀ ਗਿਣਤੀ ਵਿਚ ਟਰੈਕਟਰ ਮਾਰਚ ਕੀਤਾ ਜਾਵੇਗਾ।

ਇਸ ਮੌਕੇ ਬਲਵਿੰਦਰ ਸ਼ਰਮਾ ਖਿਆਲਾ, ਮੱਖਣ ਸਿੰਘ ਉੱਡਤ, ਇਕਬਾਲ ਮਾਨਸਾ, ਮੇਜਰ ਸਿੰਘ ਦੂਲੋਵਾਲ, ਬੋਹੜ ਸਿੰਘ ਮਾਨਸਾ, ਕੁਲਵਿੰਦਰ ਸਿੰਘ ਉੱਡਤ, ਤੇਜ਼ ਚਕੇਰੀਆਂ, ਕ੍ਰਿਸ਼ਨ ਚੌਹਾਨ, ਗੁਰਮੇਲ ਸਿੰਘ ਖੋਖਰਾ, ਬਲਵੀਰ ਕੌਰ, ਰਾਜਵਿੰਦਰ ਰਾਣਾ, ਗੁਰਜੰਟ ਸਿੰਘ ਮਾਨਸਾ, ਸੀਤਾ ਰਾਮ ਗੋਇਲ, ਕ੍ਰਿਸ਼ਨ ਜੋਗਾ, ਰਤਨ ਭੋਲਾ, ਲਾਭ ਸਿੰਘ ਮਾਨਸਾ, ਭਜਨ ਸਿੰਘ ਘੁੰਮਣ ਨੇ ਵੀ ਸੰਬੋਧਨ ਕੀਤਾ।

ਬਰਨਾਲਾ (ਪਰਸ਼ੋਤਮ ਬੱਲੀ): ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਸਥਾਨਕ ਰੇਲਵੇ ਸਟੇਸ਼ਨ ਦੀ ਪਾਰਕਿੰਗ ’ਚ ਲੱਗੇ ਸਾਂਝੇ ਕਿਸਾਨ ਮੋਰਚੇ ਦੌਰਾਨ ਕੇਂਦਰੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਜਿੱਥੇ ਦੁੱਲੇ ਭੱਟੀ ਨੂੰ ਯਾਦ ਕੀਤਾ ਉੱਥੇ ਮੋਦੀ ਹਕੂਮਤ ਵੱਲੋਂ ਖੇਤੀ ਸਮੇਤ ਪੇਂਡੂ ਸੱਭਿਆਚਾਰ ਦੇ ਉਜਾੜੇ ਲਈ ਲਿਆਂਦੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ ਗਿਆ| ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਬਲਵੰਤ ਸਿੰਘ ਉੱਪਲੀ, ਬਾਬੂ ਸਿੰਘ ਖੁੱਡੀਕਲਾਂ, ਗੁਰਦੇਵ ਸਿੰਘ ਮਾਂਗੇਵਾਲ, ਬਾਰਾ ਸਿੰਘ ਬਦਰਾ, ਜਸਵਿੰਦਰ ਸਿੰਘ ਮੰਡੇਰ, ਗੁਰਚਰਨ ਸਿੰਘ, ਗੁਰਮੇਲ ਰਾਮ ਸ਼ਰਮਾ, ਉਜਾਗਰ ਸਿੰਘ ਬੀਹਲਾ, ਨਛੱਤਰ ਸੰਘ ਸਹੌਰ ਨੇ ਕਿਹਾ ਕਿ ਦੁੱਲੇ ਭੱਟੀ ਦੇ ਵਾਰਸਾਂ ਨੇ ਪੂਰੇ ਜੋਸ਼ ਨਾਲ ਕਾਲੇ ਕਾਨੂੰਨਾਂ ਦੀ ਲੋਹੜੀ ਬਾਲੀ ਹੈ| ਲੋਹੜੀ ਨੂੰ ਕਾਲੇ ਕਾਨੂੰਨਾਂ ਸਮੇਤ ਅਡਾਨੀ,ਅੰਬਾਨੀ, ਮੋਦੀ ਅਤੇ ਸ਼ਾਹ ਦੀਆਂ ਤਸਵੀਰਾਂ ਨਾਲ ਲਪੇਟਿਆ ਹੋਇਆ ਸੀ| ਅੱਜ ਭੁੱਖ ਹੜਤਾਲ ਦਾ ਪ੍ਰੋਗਰਾਮ ਮੁਲਤਵੀ ਕੀਤਾ ਗਿਆ| ਨਰਿੰਦਪਾਲ ਸਿੰਗਲਾ, ਅਜਮੇਰ ਅਕਲੀਆਂ, ਹੇਮ ਰਾਜ ਠੁੱਲੀਵਾਲ, ਬਹਾਦਰ ਸਿੰਘ, ਸਿੰਦਰ ਸਿੰਘ ਧੌਲਾ, ਗੁਲਾਬ ਸਿੰਘ, ਬੱਗਾ ਸਿੰਘ ਭਦੌੜ ਨੇ ਇਨਕਲਾਬੀ ਗੀਤ ਪੇਸ਼ ਕੀਤੇ| ਇਸੇ ਹੀ ਤਰ੍ਹਾਂ ਭਾਕਿਯੂ ਏਕਤਾ ਡਕੌਂਦਾ ਦੀ ਅਗਵਾਈ ਹੇਠ ਰਿਲਾਇੰਸ ਮਾਲ ਬਾਜਾਖਾਨਾ ਰੋਡ ਬਰਨਾਲਾ ’ਚ ਚੱਲ ਰਹੇ ਘਿਰਾਓ ਸਮੇਂ ਮੇਜਰ ਸਿੰਘ ਸੰਘੇੜਾ ਦੀ ਅਗਵਾਈ ਵਿੱਚ ਕਾਲੇ ਕਾਨੂੰਨਾਂ ਦੀ ਅਰਥੀ ਸਾੜੀ ਗਈ|

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All