ਮਨੋਜ ਸ਼ਰਮਾ
ਬਠਿੰਡਾ, 21 ਸਤੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਥਾਨਕ ਖੇਤਰੀ ਖੋਜ ਕੇਂਦਰ ਵਿਖੇ 27 ਸਤੰਬਰ ਨੂੰ ਕਿਸਾਨ ਮੇਲਾ ਲੱਗ ਰਿਹਾ ਹੈ। ਮੇਲੇ ਦੀ ਪ੍ਰਧਾਨਗੀ ਵਾਈਸ ਚਾਂਸਲਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਡਾ. ਸਤਵੀਰ ਸਿੰਘ ਗੋਸਲ ਵਲੋਂ ਕੀਤੀ ਜਾਵੇਗੀ। ਨਿਰਦੇਸ਼ਕ ਖੇਤਰੀ ਖੋਜ ਕੇਂਦਰ ਡਾ. ਕਰਮਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਮੇਲੇ ਦਾ ਮੁੱਖ ਉਦੇਸ਼ ਵਿਗਿਆਨਕ ਖੇਤੀ ਦੇ ਰੰਗ, ਪੀਏਯੂ ਦੇ ਕਿਸਾਨ ਮੇਲਿਆਂ ਸੰਗ ਹੈ। ਮੇਲੇ ਦੌਰਾਨ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਕਿਸਮਾਂ ਦੇ ਬੀਜ, ਸਬਜ਼ੀਆਂ ਦੀਆਂ ਕਿੱਟਾਂ ਤੇ ਫ਼ਲਦਾਰ ਬੂਟੇ ਮੁਹੱਈਆ ਕਰਵਾਏ ਜਾਣਗੇ ਅਤੇ ਖਾਸ ਤੌਰ ਤੇ ਸਬਜ਼ੀਆਂ ਦੀ ਪਨੀਰੀ ਵੀ ਵੰਡੀ ਜਾਵੇਗੀ। ਖੇਤੀਬਾੜੀ ਯੂਨੀਵਰਸਿਟੀ ਤੇ ਖੇਤੀਬਾੜੀ ਨਾਲ ਸਬੰਧਤ ਅਦਾਰਿਆਂ ਵੱਲੋ ਵੱਖ-ਵੱਖ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਮਾਹਿਰਾਂ ਵੱਲੋ ਕਿਸਾਨਾਂ ਨੂੰ ਖੇਤੀ ਤੇ ਹੋਰ ਸਹਾਇਕ ਧੰਦਿਆਂ ਬਾਰੇ ਤਕਨੀਕੀ ਜਾਣਕਾਰੀ ਵੀ ਦਿੱਤੀ ਜਾਵੇਗੀ। ਡਾ. ਸੇਖੋਂ ਨੇ ਦੱਸਿਆ ਕਿ ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਫ਼ਸਲਾਂ, ਸਬਜ਼ੀਆਂ ਅਤੇ ਫ਼ਲਾਂ ਸਬੰਧੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਅਤੇ ਸੁਆਣੀਆਂ ਨੂੰ ਘਰੇਲੂ ਕੰਮਾਂ ਅਤੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਖੇਤੀ ਸਾਹਿਤ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਪਰਿਵਾਰ ਸਮੇਤ ਇਸ ਮੇਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਅਪੀਲ ਕੀਤੀ ਹੈ।