ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਚੌਲ ਉਤਪਾਦਕ: ਚੌਹਾਨ
ਚੀਨ ਨੂੁੰ ਪਿੱਛੇ ਧੱਕਿਆ; ਖੇਤੀ ਮੰਤਰੀ ਵੱਲੋਂ 25 ਫ਼ਸਲਾਂ ਦੀਆਂ 184 ਨਵੀਆਂ ਕਿਸਮਾਂ ਜਾਰੀ
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਭਾਰਤ, ਵਿਸ਼ਵ ਦਾ ਸਭ ਤੋਂ ਵੱਡਾ ਚੌਲ ਉਤਪਾਦਕ ਬਣ ਗਿਆ ਹੈ, ਜਿਸ ਨੇ ਚੀਨ ਨੂੰ ਵੀ ਪਿੱਛੇ ਧੱਕ ਦਿੱਤਾ ਹੈ। ਭਾਰਤ ਕੁੱਲ 150.18 ਮਿਲੀਅਨ ਟਨ ਚੌਲਾਂ ਦਾ ਉਤਪਾਦਨ ਕਰਦਾ ਹੈ। ਇੱਥੇ ਭਾਰਤੀ ਖੇਤੀਬਾੜੀ ਖੋਜ ਕੌਂਸਿਲ ਵੱਲੋਂ ਵਿਕਸਿਤ 25 ਫ਼ਸਲਾਂ ਦੀਆਂ 184 ਨਵੀਆਂ ਕਿਸਮਾਂ ਰਿਲੀਜ਼ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਇਹ ਨਵੀਆਂ ਵੱਧ ਉਤਪਾਦਨ ਵਾਲੀਆਂ ਕਿਸਮਾਂ ਫ਼ਸਲ ਦੀ ਪੈਦਾਵਾਰ ਵਿੱਚ ਵਾਧਾ ਕਰਨਗੀਆਂ ਤੇ ਕਿਸਾਨਾਂ ਦੀ ਆਮਦਨ ਵਧਾਉਣਗੀਆਂ। ਉਨ੍ਹਾਂ ਮੰਤਰਾਲੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹ ਨਵੀਂਆਂ ਕਿਸਮਾਂ ਕਿਸਾਨਾਂ ਤੱਕ ਤੇਜ਼ੀ ਨਾਲ ਪੁੱਜਣ। ਸਮਾਗਮ ਮੌਕੇ ਸ੍ਰੀ ਚੌਹਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ 3,236 ਉੱਚ ਪੈਦਾਵਾਰ ਵਾਲੀਆਂ ਕਿਸਮਾਂ ਨੂੁੰ ਮਾਨਤਾ ਦਿੱਤੀ ਗਈ ਹੈ, ਜਦਕਿ ਸੰਨ 1969 ਤੋਂ 2014 ਵਿਚਾਲੇ 3,969 ਕਿਸਮਾਂ ਨੂੰ ਮਾਨਤਾ ਦਿੱਤੀ ਗਈ ਸੀ।
‘ਵਿਸ਼ਵ ਦਾ ਢਿੱਡ ਭਰਨ ਵਾਲਾ ਦੇਸ਼ ਬਣਿਆ ਭਾਰਤ’
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਭਾਰਤ ਅਨਾਜ ਦੀ ਥੁੜ੍ਹ ਵਾਲੇ ਮੁਲਕ ਤੋਂ ਵਿਸ਼ਵ ਦਾ ਢਿੱਡ ਭਰਨ ਵਾਲਾ ਦੇਸ਼ ਬਣ ਗਿਆ ਹੈ। ਭਾਰਤ ਹੁਣ ਵਿਦੇਸ਼ੀ ਬਾਜ਼ਾਰਾਂ ਵਿੱਚ ਚੌਲਾਂ ਦੀ ਸਪਲਾਈ ਕਰ ਰਿਹਾ ਹੈ। ਮੁਲਕ ਕੋਲ ਵੱਡੀ ਮਾਤਰਾ ’ਚ ਅਨਾਜ ਭੰਡਾਰ ਹੈ, ਜਿਸ ਤੋਂ ਭਾਰਤ ’ਚ ਖ਼ੁਰਾਕ ਸੁਰੱਖਿਆ ਯਕੀਨੀ ਹੈ। ਇਸ ਮੌਕੇ ਉਨ੍ਹਾਂ ਵਿਗਿਆਨੀਆਂ ਨੂੰ ਦਾਲਾਂ ਤੇ ਤੇਲ ਬੀਜਾਂ ਦੀ ਪੈਦਾਵਾਰ ਵਧਾਉਣ ’ਤੇ ਧਿਆਨ ਕੇਂਦਰਤ ਕਰਨ ਲਈ ਕਿਹਾ ਤਾਂ ਕਿ ਭਾਰਤ ਇਸ ’ਚ ਵੀ ਸਵੈ-ਨਿਰਭਰ ਬਣ ਸਕੇ।
ਮਗਨਰੇਗਾ ਦੀ ਥਾਂ ਜੀ ਰਾਮ ਜੀ ਸਕੀਮ ਬਿਹਤਰ
ਨਵੀਂ ਦਿੱਲੀ: ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੋਸ਼ ਲਾਇਆ ਕਿ ‘ਮਗਨਰੇਗਾ’ ਅਧੀਨ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਚੱਲ ਰਿਹਾ ਸੀ, ਜਦਕਿ ਉਨ੍ਹਾਂ ਕਾਂਗਰਸ ’ਤੇ ਵੀ ਬੀ-ਜੀ ਰਾਮ ਜੀ ਸਕੀਮ ਬਾਰੇ ਗਲਤ ਪ੍ਰਚਾਰ ਕਰਨ ਦਾ ਦੋਸ਼ ਲਾਇਆ। ਇੱਥੇ ਪ੍ਰੈੱਸ ਕਾਨਫਰੰਸ ਮੌਕੇ ਉਨ੍ਹਾਂ ਕਾਂਗਰਸ ਵੱਲੋਂ ਵੀਬੀ-ਜੀ ਰਾਮ ਜੀ ਸਕੀਮ ਬਾਰੇ ਚਲਾਈ ਜਾਣ ਵਾਲੀ ਮੁਹਿੰਮ ਖ਼ਿਲਾਫ਼ ਨਿਸ਼ਾਨਾ ਸੇਧਦਿਆਂ ਪੁੱਛਿਆ ਕਿ ਲੋਕ ਸਭਾ ਵਿੱਚ ਇਸ ਮਸਲੇ ’ਤੇ ਬਹਿਸ ਦੌਰਾਨ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸਦਨ ’ਚ ਕਿਉਂ ਮੌਜੂਦ ਨਹੀਂ ਸਨ? ਉਨ੍ਹਾਂ ਕਿਹਾ ਕਿ ਕਾਂਗਰਸ ਨੇ ‘ਮਗਨਰੇਗਾ ਬਚਾਓ ਸੰਗਰਾਮ’ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ, ਪਰ ਅਸਲ ’ਚ ਇਹ ‘ਭ੍ਰਿਸ਼ਟਾਚਾਰ ਬਚਾਓ ਮੁਹਿੰਮ’ ਹੈ।

