ਐੱਸਆਰ ਪੰਪ ਉੱਤੇ ਬੇਮਿਆਦੀ ਧਰਨਾ ਸ਼ੁਰੂ

ਐੱਸਆਰ ਪੰਪ ਉੱਤੇ ਬੇਮਿਆਦੀ ਧਰਨਾ ਸ਼ੁਰੂ

ਐੱਸਆਰ ਪੰਪ ’ਤੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਕਿਸਾਨ ਆਗੂ।

ਗੁਰਨਾਮ ਸਿੰਘ ਚੌਹਾਨ
ਪਾਤੜਾਂ, 16 ਅਕਤੂਬਰ

ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਲਾਗੂ ਕੀਤੇ ਗਏ ਨਵੇਂ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਸੰਘਰਸ਼ ਲਗਾਤਾਰ ਜਾਰੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰਿਲਾਇੰਸ ਪੰਪ ਪਹਿਲਾਂ ਤੋਂ ਹੀ ਬੰਦ ਚੱਲ ਰਿਹਾ ਹੈ ਇਸੇ ਦੌਰਾਨ ਅੱਜ ਜਥੇਬੰਦੀ ਨੇ ਸ਼ਹਿਰ ਦੇ ਜਾਖਲ ਰੋਡ ਉਤੇ ਪਿੰਡ ਹਾਮਝੇੜੀ ਦੇ ਨਜ਼ਦੀਕ ਐੱਸਸਾਰ ਕੰਪਨੀ ਦੇ ਪੈਟਰੋਲ ਪੰਪ ਨੂੰ ਵੀ ਅੱਜ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਵੱਡੀ ਗਿਣਤੀ ਵਿੱਚ ਇਕੱਤਰ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨੇ ਵਿੱਚ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਨੇ ਵੀ ਹਿੱਸਾ ਲਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨਵੇਂ ਖੇਤੀ ਕਾਨੂੰਨ ਲਾਗੂ ਕਰਕੇ ਕਿਸਾਨਾਂ ਨੂੰ ਉਜਾੜਨ ਦੇ ਰਾਹ ਤੇ ਤੁਰੀ ਹੋਈ ਹੈ। ਇਨ੍ਹਾਂ ਮਾਰੂ ਕਾਨੂੰਨਾਂ ਖ਼ਿਲਾਫ਼ ਲਗਾਤਾਰ ਚੱਲ ਰਹੇ ਸੰਘਰਸ਼ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਬਹੁਕੌਮੀ ਕੰਪਨੀਆਂ ਦੇ ਪੈਟਰੋਲ ਪੰਪ ਤੇ ਟੌਲ ਪਲਾਜ਼ੇ ਬੰਦ ਕਰਨ ਦੇ ਕੀਤੇ ਗਏ ਫੈਸਲੇ ਤਹਿਤ ਏਸਾਰ ਦਾ ਪੰਪ ਬੰਦ ਕੀਤਾ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਮਾਮਲਾ ਕਿਸੇ ਪਾਸੇ ਨਹੀਂ ਲੱਗਦਾ ਉਨੀ ਦੇਰ ਤੱਕ ਪੈਟਰੋਲ ਪੰਪ ਬੰਦ ਰਹੇਗਾ ਅਤੇ ਕਿਸਾਨ ਦਿਨ ਰਾਤ ਦਾ ਧਰਨਾ ਜਾਰੀ ਰੱਖਣਗੇ। ਇਸ ਮੌਕੇ ਬਲਵਿੰਦਰ ਸਿੰਘ ਚੁਨਾਗਰਾ, ਸ਼ੁਰੇਸ਼ ਖਾਂਗ, ਲਾਭ ਸਿੰਘ ਹਰਿਆਉ, ਮੁਖਤਿਆਰ ਸਿੰਘ , ਅਜਮੇਰ ਸਿੰਘ ਚਿੱਚੜਵਾਲਾ, ਤੇਜਾ ਸਿੰਘ ਹਾਜ਼ਰ ਸਨ।

ਲਹਿਰਾਗਾਗਾ (ਰਮੇਸ਼ ਭਾਰਦਵਾਜ) ਇਥੇ ਕਿਸਾਨਾਂ ਨੇ ਕੇਂਦਰੀ ਖੇਤੀ ਵਿਰੋਧੀ ਕਾਨੂੰਨ ਖ਼ਿਲਾਫ਼ ਭਾਕਿਯੂ ਏਕਤਾ (ਉਗਰਾਹਾਂ) ਵੱਲੋਂ ਲਹਿਲ ਖੁਰਦ ਦੇ ਰਿਲਾਇੰਸ ਪੰਪ ਨੂੰ ਸੋਲ੍ਹਵੇਂ ਦਿਨ ਵੀ ਘੇਰੀ ਰੱਖਿਆ। ਕਿਸਾਨਾਂ, ਔਰਤਾਂ ਤੇ ਨੌਜਵਾਨਾਂ ਵੱਲੋਂ ਕੇਂਦਰ ਖ਼ਿਲਾਫ਼ ਮਘਾਇਆ ਆਖਾੜਾ ਸਿਖਰ ਨੂੰ ਛੂਹਣ ਲੱਗਾ ਹੈ। ਔਰਤਾਂ ਧਰਨੇ ’ਚ ਸ਼ਮੂਲੀਅਤ ਸਮੇਂ ਧਰਨਾਕਾਰੀਆਂ ਲਈ ਖਾਣਾ ਵੀ ਘਰੋਂ ਖੁਦ ਬਣਾ ਕੇ ਲਿਆ ਰਹੀਆਂ ਹਨ। ਅੱਜ ਅਣਮਿਥੇ ਸਮੇਂ ਦੇ ਧਰਨੇ ਨੂੰ ਜ਼ਿਲ੍ਹਾ ਆਗੂ ਦਰਸ਼ਨ ਸਿੰਘ, ਬਲਾਕ ਪ੍ਰਧਾਨ ਧਰਮਿੰਦਰ ਪਿਸੋਰ, ਸੀਨੀਅਰ ਆਗੂ ਲੀਲਾ ਸਿੰਘ ਚੋਟੀਆਂ ਆਦਿ ਨੇ ਤਿੰਨੇ ਖੇਤੀ ਵਿਰੋਧੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ ਨੂੰ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਪੂਰੀ ਖੇਤੀ ਮੰਡੀ ਨੂੰ ਦੇਸ਼ੀ-ਵਿਦੇਸ਼ੀ ਸਾਮਰਾਜੀ ਕਾਰਪੋਰੇਟਾਂ ਦੀ ਮੁੱਠੀ ’ਚ ਦੇਣ ਤੇ ਵਾਹੀਯੋਗ ਜ਼ਮੀਨਾਂ ਹਥਿਆ ਕੇ ਵੱਡੇ ਕਾਰਪੋਰੇਟ ਖੇਤੀ ਫਾਰਮ ਉਸਾਰਨ ਦੇ ਸੰਦ ਹਨ। ਬੁਲਾਰਿਆਂ ਨੇ ਐਲਾਨ ਕੀਤਾ ਕਿ ਮੌਜੂਦਾ ਅਣਮਿਥੇ ਸਮੇਂ ਦੇ ਸੰਘਰਸ਼ ਨੂੰ ਵਿਸ਼ਾਲ ਕਰਦਿਆਂ ਅੱਜ ਤੋਂ ਸ਼ਹਿਰਾਂ ’ਚ ਭਾਜਪਾ ਆਗੂਆਂ ਦੇ ਘਰਾਂ ਦੇ 12 ਤੋਂ 3 ਵਜੇ ਤੱਕ ਕੀਤੇ ਘਿਰਾਓ ਦੇ ਸਮੇਂ ’ਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕੇਂਦਰ ਸਰਕਾਰ ਤੇ ਕਿਸਾਨੀ ਵਫ਼ਦ ਦਰਮਿਆਨ ਹੋਈ ਅਣਸੁਖਾਵੀਂ ਗੱਲਬਾਤ ਬਾਰੇ ਕਿਹਾ ਕਿ ਕੇਂਦਰ ਮਾਮਲੇ ਦੇ ਹੱਲ ਲਈ ਸੰਜੀਦਾ ਨਹੀਂ। ਜਿਸ ਕਰਕੇ ਇਸ ਘਟਨਾਕ੍ਰਮ ਨੇ ਕਿਸਾਨੀ ਘੋਲ ਨੂੰ ਹੋਰ ਸਖ਼ਤ ਕਰ ਦਿੱਤਾ ਹੈ।

‘ਖੇਤੀ ਕਾਨੂੰਨ ਕਿਸਾਨਾਂ ਨੂੰ ਖੇਤੀ ਧੰਦੇ ਤੋਂ ਬਾਹਰ ਕਰਨਗੇ’

ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ) ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਮਾਲੇਰਕੋਟਲਾ ਇਕਾਈ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਮਾਲੇਰਕੋਟਲਾ-ਧੂਰੀ ਸੜਕ ਸਥਿਤ ਰਿਲਾਇੰਸ ਪੈਟਰੋਲ ਪੰਪ ਅੱਗੇ ਦਿੱਤੇ ਜਾ ਧਰਨੇ ਦੇ ਸੋਲਵੇਂ ਦਿਨ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਧਰਨੇ ਵਿੱਚ ਸ਼ਿਰਕਤ ਕਰਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਤਿੰਨੇ ਖੇਤੀ ਕਾਨੂੰਨ ਤੁਰੰਤ ਵਾਪਸ ਲਏ ਜਾਣ। ਧਰਨੇ ਨੂੰ ਸੰਬੋਧਨ ਕਰਦਿਆਂ ਕਾਨੂੰਨਗੋ ਯੂਨੀਅਨ ਦੇ ਕਮਿੱਕਰ ਸਿੰਘ, ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿਘ ਛੋਕਰਾਂ, ਪੁਰਾਣੀ ਪੈਨਸ਼ਨ ਸਕੀਮ ਯੂਨੀਅਨ ਦੇ ਰਣਬੀਰ ਸਿੰਘ ਢੰਡੇ, ਅਧਿਆਪਕ ਆਗੂ ਤੇਜਿੰਦਰ ਸਿੰਘ, ਕਿਸਾਨ ਅਗੂ ਕੁਲਵਿੰਦਰ ਸਿੰਘ ਭੂਦਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨੇ ਖੇਤੀ ਬਿੱਲ ਕਿਸਾਨਾਂ ਨੂੰ ਖੇਤੀ ਧੰਦੇ ਤੋਂ ਬਾਹਰ ਕਰਕੇ ਕਿਸਾਨਾਂ ਨੂੰ ਮਜ਼ਦੂਰ ਬਣਾ ਦੇਣਗੇ। ਮੋਦੀ ਸਰਕਾਰ ਦੇਸ਼ ਦੇ ਹਿੱਤਾਂ ਨੂੰ ਤਰਜੀਹ ਦੇਣ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੇ ਹਿੱਤ ਪਾਲ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਵਰਗ ਨੂੰ ਕਿਸਾਨ ਸੰਘਰਸ਼ ‘ਚ ਸ਼ਮੂਲੀਅਤ ਕਰਨੀ ਚਾਹੀਦੀ ਹੈ।

ਭਾਜਪਾ ਆਗੂਆਂ ਨੂੰ ਪਿੰਡ ’ਚ ਦਾਖਲ ਨਾ ਹੋਣ ਦੀ ਚਿਤਾਵਨੀ

ਲਹਿਰਾਗਾਗਾ (ਪੱਤਰ ਪ੍ਰੇਰਕ) ਇਲਾਕੇ ਦੇ ਪਿੰਡਾਂ ਵਿੱਚ ਖੇਤੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਪੂਰੇ ਪਿੰਡ ਵਾਸੀਆਂ ਨੇ ਕੇਂਦਰ ਸਰਕਾਰ ਦਾ ਵਿਰੋਧ ਕਰਦੇ ਹੋਏ ਵੱਖ ਵੱਖ ਪਿੰਡਾਂ ਦੇ ਬਣੇ ਦਰਸ਼ਨੀ ਗੇਟਾਂ ’ਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਾ ਕੇ ਭਾਜਪਾ ਦਾ ਕੋਈ ਆਗੂ ਜਾਂ ਭਾਜਪਾ ਨਾਲ ਸਬੰਧ ਰੱਖਣ ਵਾਲੇ ਨੂੰ ਪਿੰਡ ਅੰਦਰ ਦਾਖਲ ਨਾ ਹੋਣ ਦੀ ਚਿਤਾਵਨੀ ਦਿੰਦੇ ਕਿਹਾ ਕਿ ਅਜਿਹਾ ਕਰਨ ਵਾਲਾ ਆਪਣੇ ਜਾਨੀ ਮਾਲੀ ਨੁਕਸਾਨ ਦਾ ਖੁਦ ਜ਼ਿੰਮੇਵਾਰ ਹੋਵੇਗਾ। ਨੇੜਲੇ ਪਿੰਡ ਕਾਲਬੰਜਾਰਾ ਦੇ ਸਮੂਹ ਪਿੰਡ ਵਾਸੀਆਂ ਨੇ ਖੇਤੀ ਵਿਰੋਧੀ ਕਾਨੂੰਨਾਂ ਦਾ ਜਨਤਕ ਵਿਰੋਧ ਕਰਦੇ ਹੋਏ ਅਜਿਹੇ ਹੋਰਡਿੰਗ ਫਲੈਕਸ ਛਪਵਾ ਕੇ ਮੁੱਖ ਗੇਟਾਂ ’ਤੇ ਲਾ ਕੇ ਗੁੱਸੇ ਦਾ ਇਜਹਾਰ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All