ਸੱਥਾਂ ਵਿੱਚ ‘ਈਸ਼ਰ ਆਏ, ਮੋਦੀ ਜਾਏ’ ਦੇ ਗੀਤ ਗਾਏ

ਸੱਥਾਂ ਵਿੱਚ ‘ਈਸ਼ਰ ਆਏ, ਮੋਦੀ ਜਾਏ’ ਦੇ ਗੀਤ ਗਾਏ

ਪਿੰਡ ਟੱਲੇਵਾਲ ਦੀ ਵੱਡੀ ਸੱਥ ਵਿੱਚ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜਦੇ ਹੋਏ ਕਿਸਾਨ।

ਲਖਵੀਰ ਸਿੰਘ ਚੀਮਾ
ਟੱਲੇਵਾਲ, 13 ਜਨਵਰੀ

ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਤਹਿਤ ਅੱਜ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਚੀਮਾ, ਟੱਲੇਵਾਲ ਅਤੇ ਰਾਮਗੜ੍ਹ ਵਿੱਚ ਲੋਹੜੀ ਦੀਆਂ ਧੂਣੀਆਂ ਵਿੱਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਪਾੜ ਕੇ ਮਚਾਈਆਂ ਗਈਆਂ। ਇਸ ਵਾਰ ਲੋਹੜੀ ਮੌਕੇ ਗਾਇਆ ਜਾਂਦਾ ਗੀਤ ਵੀ ਬਦਲ ਕੇ ਗਾਇਆ ਗਿਆ। ਕਿਸਾਨਾਂ ਵਲੋਂ ‘ਈਸ਼ਰ ਆਏ ਮੋਦੀ ਜਾਏ, ਮੋਦੀ ਦੀ ਜੜ੍ਹ ਚੁੱਲ੍ਹੇ ਪਾਏ’ ਗੀਤ ਗਾ ਕੇ ਤਿਲਾਂ ਦੀ ਥਾਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਦੀ ਧੂਣੀ ਵਿੱਚ ਸੁੱਟੀਆਂ ਗਈਆਂ।

ਜ਼ੀਰਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਭਾਗ ਸਿੰਘ ਮਰਖਾਈ ਦੀ ਅਗਵਾਈ ਹੇਠ ਰਿਲਾਇੰਸ ਪੰਪ ਵਲੂਰ ਵਿੱਚ ਲਗਾਏ ਗਏ ਧਰਨੇ ’ਤੇ ਲੋਹੜੀ ਮੌਕੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸੇ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਬੀਬੀਆਂ ਨੇ ਸ਼ਮੂਲੀਅਤ ਕੀਤੀ। ਜ਼ਿਲ੍ਹਾ ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਗਿੱਲ ਅਤੇ ਪ੍ਰਧਾਨ ਮਰਖਾਈ ਨੇ 26 ਜਨਵਰੀ ਨੂੰ ਵੱਧ ਤੋਂ ਵੱਧ ਟਰੈਕਟਰ ਟਰਾਲੀਆਂ ਰਾਹੀਂ ਦਿੱਲੀ ਪੁੱਜਣ ਦੀ ਵੀ ਅਪੀਲ ਕੀਤੀ ਗਈ।

ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਆਮ ਆਦਮੀ ਪਾਰਟੀ ਬਲਾਕ ਨਿਹਾਲ ਸਿੰਘ ਵਾਲਾ ਵੱਲੋਂ ਇੱਥੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਅਗਵਾਈ ਹੇਠ ਸਨੀ ਦਿਦਾਰੇ ਵਾਲਾ ਤੇ ਵਰਕਰਾਂ ਵੱਲੋਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕਿਸਾਨ ਸੰਘਰਸ਼ ਨੂੰ ਸਮਰਪਿਤ ਲੋਹੜੀ ਮਨਾਈ ਗਈ।

ਬਠਿੰਡਾ (ਮਨੋਜ ਸ਼ਰਮਾ): ਸ਼ਹੀਦ ਭਾਈ ਮਨੀ ਸਿੰਘ ਹਸਪਤਾਲ ਬਠਿੰਡਾ ਦੇ ਸਮੂਹ ਸਟਾਫ ਨੇ ਇਸ ਵਾਰ ਲੋਹੜੀ ਮੌਕੇ ਕੇਂਦਰ ਸਰਕਾਰ ਵੱਲੋਂ ਗੈਰ ਸੰਵਿਧਾਨਕ ਤਰੀਕੇ ਨਾਲ ਪਾਸ ਕੀਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕਿਸਾਨ ਸੰਘਰਸ਼ ਦਾ ਸਮਰਥਨ ਕੀਤਾ।

ਤਲਵੰਡੀ ਸਾਬੋ ਵਿੱਚ ਕਾਨੂੰਨਾਂ ਦੀਆਂ ਕਾਪੀਆਂ ਫੂਕਦੇ ਹੋਏ ਕਿਸਾਨ।

ਤਲਵੰਡੀ ਸਾਬੋ (ਜਗਜੀਤ ਸਿੱਧੂ): ਆਲ ਪੰਜਾਬ ਆਂਗਣਵਾੜੀ ਯੂਨੀਅਨ ਬਲਾਕ ਤਲਵੰਡੀ ਸਾਬੋ ਵੱਲੋਂ ਪਿੰਡ ਪੱਧਰ ’ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ। ਅੱਜ ਕਿਸਾਨ ਬੀਕੇਯੂ (ਸਿੱਧੂਪੁਰ) ਦੇ ਬਲਾਕ ਪ੍ਰਧਾਨ ਮਹਿਮਾ ਸਿੰਘ ਚੱਠੇਵਾਲਾ ਦੀ ਅਗਵਾਈ ਵਿੱਚ ਸਥਾਨਕ ਨਿਸ਼ਾਨ ਏ ਖਾਲਸਾ ਚੌਕ ਵਿੱਚ ਇਕੱਠੇ ਹੋਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਅਤੇ ਨਵੇਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ।

ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਪਿੰਡ ਕੋਠਾ ਗੁਰੂ ਵਿੱਚ ਆਮ ਆਦਮੀ ਪਾਰਟੀ ਵੱਲੋਂ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਭੱਲਾ ਨੇ ਮੋਦੀ ਸਰਕਾਰ ਖ਼ਿਲਾਫ਼ ਭੜਾਸ ਕੱਢੀ।

ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਰੇਲਵੇ ਸਟੇਸ਼ਨ ’ਤੇ ਲਗਾਇਆ ਪੱਕਾ ਮੋਰਚਾ 105ਵੇਂ ਦਿਨ ’ਚ ਪਹੁੰਚ ਗਿਆ ਹੈ, ਜਿਸ ਵਿਚ ਲੜੀਵਾਰ ਭੁੱਖ ਹੜਤਾਲ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪਿੰਡ ਪਿੱਥੋ ਦੇ 7 ਕਿਸਾਨ ਬੈਠੇ ਹਨ।

ਦੋਦਾ (ਜਸਵੀਰ ਸਿੰਘ ਭੁੱਲਰ): ਇਸ ਖੇਤਰ ਦੀਆਂ ਕਿਸਾਨ ਜਥੇਬੰਦੀਆਂ ਨੇ ਪਿੰਡ ਦੋਦਾ, ਕਾਉਣੀ ਤੇ ਲੁਹਾਰਾ ਵਿੱਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ।

ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਖੁਈਆਂ ਮਲਕਾਣਾ ਟੌਲ ਪਲਾਜ਼ਾ ’ਤੇ ਹਰਿਆਣਾ ਕਿਸਾਨ ਏਕਤਾ ਦੇ ਬੈਨਰ ਹੇਠ ਵੱਡੀ ਗਿਣਤੀ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਰੋਸ ਮੁਜ਼ਾਹਰਾ ਕੀਤਾ।

‘ਆਪ’ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫੂਕੀਆਂ

ਬਰਨਾਲਾ (ਪਰਸ਼ੋਤਮ ਬੱਲੀ): ਆਮ ਆਦਮੀ ਪਾਰਟੀ ਦੇ ਕੌਮੀ ਸੱਦੇ ‘ਤੇ ਅੱਜ ਪਾਰਟੀ ਨੇ ਕਿਸਾਨ ਸੰਘਰਸ਼ ਦੀ ਹਮਾਇਤ ‘ਚ ਸਥਾਨਕ ਕਚਹਿਰੀ ਚੌਕ ਵਿੱਚ ਬਰਨਾਲਾ ਦੇ ਵਿਧਾਇਕ ਅਤੇ ‘ਆਪ’ ਦੇ ਯੂਥ ਵਿੰਗ ਦੇ ਸੂਬਾਈ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ‘ਚ ਇਕੱਤਰਤਾ ਕਰਨ ਉਪਰੰਤ ਕਾਰਪੋਰੇਟਾਂ ਅਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਕੇ ਲੋਹੜੀ ਮਨਾਈ| ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਮੀਤ ਹੇਅਰ, ਸੂਬਾਈ ਆਗੂ ਮਾਸਟਰ ਪ੍ਰੇਮ ਕੁਮਾਰ, ਜ਼ਿਲ੍ਹਾ ਆਗੂ ਗੁਰਦੀਪ ਸਿੰਘ ਬਾਠ ਤੇ ਲਾਭ ਸਿੰਘ ਉਗੋਕੇ ਨੇ ਕਿਹਾ ਕਿ ‘ਆਪ’ ਸ਼ੁਰੂ ਤੋਂ ਕਿਸਾਨੀ ਸੰਘਰਸ਼ ਦਾ ਸਾਥ ਦੇ ਰਹੀ ਹੈ ਅਤੇ ਕਾਨੂੰਨ ਰੱਦ ਹੋਣ ਤੱਕ ਸਾਥ ਜਾਰੀ ਰਹੇਗਾ| ਜਦੋਂ ਕਿ ਕਾਂਗਰਸ ਤੇ ਅਕਾਲੀ ਜੋ ਪਹਿਲਾਂ ਕਾਨੂੰਨਾਂ ਦੇ ਹੱਕ ‘ਚ ਖੜ੍ਹੇ ਸਨ ਹੁਣ ਸਿਆਸੀ ਜ਼ਮੀਨ ਖੁੱਸਦੀ ਦੇਖਕੇ ਕਿਸਾਨਾਂ ਦੇ ਹੱਕ ‘ਚ ਦਰਸਾਉਣ ਦਾ ਨਾਟਕ ਕਰ ਰਹੇ ਹਨ|

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All