ਰਮਨਦੀਪ ਸਿੰਘ
ਚਾਉਕੇ, 6 ਅਗਸਤ
ਭਾਰਤੀ ਕਿਸਾਨ ਯੂਨੀਅਨ ਸਿੱਧੂਪਰ ਵੱਲੋਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਿੰਨ ਆਰਡੀਨੈਂਸ ਦੇ ਵਿਰੁੱਧ 10 ਅਗਸਤ ਨੂੰ ਜੇਲ੍ਹਾਂ ਭਰਨ ਲਈ ਦਿੱਤੀਆਂ ਜਾਣ ਵਾਲੀਆਂ ਗ੍ਰਿਫ਼ਤਾਰੀਆਂ ਲਈ ਕਿਸਾਨਾਂ ਦੀ ਲਾਮਬੰਦੀ ਲਈ ਬਲਾਕ ਰਾਮਪੁਰਾ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੱਢਿਆ ਗਿਆ। ਕਿਸਾਨਾਂ ਆਗੂ ਨੇ ਦੱਸਿਆ ਕਿ ਕੇਂਦਰ ਸਰਕਾਰ ਇਨ੍ਹਾਂ ਤਿੰਨ ਆਰਡੀਨੈਂਸਾਂ ਲਿਆ ਕਿ ਆਉਣ ਵਾਲੇ ਸਮੇਂ ਵਿੱਚ ਖਰੀਦ ਨੀਤੀ ਨੂੰ ਖਤਮ ਕਰਕੇ ਮਾਰਕੀਟ ਕਮੇਟੀ ਅਤੇ ਐੱਫਸੀਆਈ ਨੂੰ ਭੰਗ ਕਰਨ ਜਾ ਰਹੀ ਹੈ, ਜਿਸ ਨਾਲ ਦੇਸ਼ ਦੇ ਵੰਡੇ ਵਪਾਰੀ ਕਿਸਾਨਾਂ ਤੋਂ ਮਨਮਰਜ਼ੀ ਨਾਲ ਫਸਲਾਂ ਦੀ ਖਰੀਦ ਕਰਕੇ ਆਮ ਵਰਗ ਨੂੰ ਮਨਮਰਜ਼ੀ ਦੇ ਭਾਅ ਵੇਚਣਗੇ। ਇਹ ਆਰਡੀਨੈਂਸ ਕਿਸਾਨੀ ਨੂੰ ਹੀ ਨਹੀਂ ਸਗੋਂ ਦੇਸ ਦੇ ਹਰ ਵਰਗ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪ੍ਰਭਾਵਿਤ ਕਰਨਗੇ। ਦੂਸਰਾ ਮਾਰਕੀਟ ਕਮੇਟੀ ਭੰਗ ਹੋਣ ਨਾਲ ਮਾਰਕੀਟ ਕਮੇਟੀ ਵੱਲੇ ਪਿੰਡ ਚ ਕੀਤੇ ਜਾਣ ਵਾਲੇ ਵਿਕਾਸ ਵੀ ਠੱਪ ਹੋ ਜਾਣਗੇ। ਉਨ੍ਹਾਂ ਕਿਹਾ ਕਿ ਹਮ ਖ਼ਿਆਲੀ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ 10 ਅਗਸਤ ਤੋਂ ਡੀਸੀ ਦਫ਼ਤਰਾਂ ਅੱਗੇ ਕਿਸਾਨ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਜਾ ਰਹੇ ਹਨ, ਜਿਸ ਸਬੰਧੀ ਹੀ ਅੱਜ ਪਿੰਡ ਵਿੱਚ ਝੰਡਾ ਮਾਰਚ ਕੀਤਾ ਜਾ ਰਿਹਾ ਹੈ। ਇਸ ਮੌਕੇ ਭੋਲਾ ਸਿੰਘ ਕੋਟੜਾ ਜ਼ਿਲ੍ਹਾ ਪ੍ਰਧਾਨ, ਕਰਮ ਸਿੰਘ ਬਲਾਕ ਪ੍ਰਧਾਨ, ਮੰਗੂ ਸਿੰਘ ਖੋਖਰ, ਜਲੌਰ ਸਿੰਘ, ਜਸਪ੍ਰੀਤ ਸਿੰਘ ਭੂੰਦੜ, ਸਾਧਾ ਸਿੰਘ, ਬਲਵੀਰ ਚਾਉਕੇ, ਗੁਰਦੇਵ ਕਰਾੜਵਾਲਾ, ਹਰਦੇਵ ਦੌਲਤਪੁਰਾ, ਗੁਰਤੇਜ ਢੱਡੇ, ਰਜਿੰਦਰ ਪਿੱਥੋ ਤੇ ਭੋਲਾ ਕਿਸ਼ਨਪੁਰਾ ਹਾਜ਼ਰ ਸਨ।
ਵਿਧਾਇਕ ਤੇ ਸੰਸਦ ਮੈਂਬਰਾਂ ਦਾ ਘਿਰਾਓ ਕਰਨ ਦਾ ਐਲਾਨ
ਬਠਿੰਡਾ (ਮਨੋਜ ਸ਼ਰਮਾ): ਅੱਜ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ਉੱਪਰ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਕਾ. ਹਰਨੇਕ ਸਿੰਘ ਆਲੀਕੇ ਜਿਲ੍ਹਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਦੀ ਪ੍ਰਧਾਨਗੀ ਹੇਠ ਸੀਪੀਆਈ ਦਫ਼ਤਰ ਬਠਿੰਡਾ ਵਿੱਚ ਹੋਈ, ਜਿਸ ਵਿੱਚ ਜ਼ਿਲ੍ਹੇ ਦੀਆਂ ਪੰਜ ਕਿਸਾਨ ਜਥੇਬੰਦੀਆਂ ਵੱਲੋਂ ਬਲਕਰਨ ਸਿੰਘ ਬਰਾੜ ਸੂਬਾ ਕਾਰਜਕਾਰੀ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਬਲਦੇਵ ਸਿੰਘ ਭਾਈ ਰੂਪਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਦਰਸ਼ਨ ਸਿੰਘ ਫੁੱਲੋਮਿੱਠੀ ਜਿਲ੍ਹਾ ਪ੍ਰਧਾਨ ਜਮਹੂਰੀ ਕਿਸਾਨ ਸਭਾ, ਅਮਰਜੀਤ ਸਿੰਘ ਹਨੀ ਜਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਜਗਦੀਸ਼ ਸਿੰਘ ਗੁੰਮਟੀ ਕਲਾ ਜਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸ਼ਾਮਲ ਹੋਏ। ਬਲਕਰਨ ਸਿੰਘ ਬਰਾੜ ਸੂਬਾ ਕਾਰਜਕਾਰੀ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਨੇ ਦੱਸਿਆ ਕਿ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਦੇ ਮੌਕੇ ‘ਕਾਰਪੋਰੇਟੋ ਖੇਤੀ ਛੱਡੋ’ ਦੇ ਨਾਅਰੇ ਹੇਠ 10 ਅਗਸਤ, ਨੂੰ ਕਿਸਾਨ ਜਥੇਬੰਦੀਆਂ ਦੇ ਸਾਰੇ ਵਰਕਰ ਇਕੱਠੇ ਹੋ ਕੇ ਮੋਟਰਸਾਈਕਲਾਂ, ਕਾਰਾਂ-ਜੀਪਾਂ ਰਾਹੀ ਵਿਧਾਇਕਾਂ ਅਤੇ ਪਾਰਲੀਮੈਂਟ ਮੈਂਬਰਾਂ ਦੇ ਘਰਾਂ ਜਾਂ ਫ਼ਤਰਾਂ ਵੱਲ ਮਾਰਚ ਕਰਨਗੇ ਅਤੇ ਖੇਤੀ ਨਾਲ ਸਬੰਧਤ ਆਰਡੀਨੈਂਸ ਰੱਦ ਕਰਵਾਉਣ ਲਈ ਚਿਤਾਵਨੀ ਪੱਤਰ ਦੇਣਗੇ। ਜ਼ਿਲ੍ਹਾ ਬਠਿੰਡਾ ਦੇ ਸਾਰੇ ਵਿਧਾਨ ਸਭਾ ਹਲਕਿਆਂ ਜਿਨ੍ਹਾਂ ਵਿੱਚ ਕਰਮਵਾਰ ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਰਾਮਪੁਰਾ ਫੂਲ, ਭੁੱਚੋ ਮੰਡੀ, ਮੌੜ, ਤਲਵੰਡੀ ਸਾਬੋ ਦੇ ਸਾਰੇ ਵਿਧਾਇਕਾਂ ਅਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮਿਲ ਕੇ ਚਿਤਾਵਨੀ ਪੱਤਰ ਦਿੱਤੇ ਜਾਣਗੇ।
ਹਰਿਆਣਾ ਤੇ ਪੰਜਾਬ ਦੇ ਆੜ੍ਹਤੀਆਂ ਦੀ ਆਨਲਾਈਨ ਮੀਟਿੰਗ
ਸਿਰਸਾ (ਪ੍ਰਭੂ ਦਿਆਲ): ਕੇਂਦਰ ਸਰਕਾਰ ਦੇ ਤਿੰਨ ਆਰਡੀਨੈਂਸਾਂ ਖ਼ਿਲਾਫ਼ ਹਰਿਆਣਾ, ਪੰਜਾਬ, ਚੰਡੀਗੜ੍ਹ ਅਤੇ ਰਾਜਸਥਾਨ ਦੀਆਂ ਅਨਾਜ ਮੰਡੀਆਂ ਦੇ ਆੜ੍ਹਤੀਆਂ ਦੀ ਇੱਕ ਆਨਲਾਈਨ ਮੀਟਿੰਗ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਹਰਿਆਣਾ ਸਟੇਟ ਅਨਾਜ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਸ਼ੋਕ ਗੁਪਤਾ ਨੇ ਕੀਤੀ। ਇਸ ਆਨਲਾਈਨ ਮੀਟਿੰਗ ਵਿੱਚ ਫੈਡਰੇਸ਼ਨ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ, ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ, ਰਾਜਸਥਾਨ ਖਾਧ ਪਦਾਰਥ ਵਪਾਰ ਸੰਘ ਦੇ ਪ੍ਰਧਾਨ ਬਾਬੂ ਲਾਲ ਗੁਪਤਾ ਅਤੇ ਰਤਨ ਲਾਲ ਗੋਇਲ, ਚੰਡੀਗੜ੍ਹ ਗਰੇਨ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਮਿੱਤਲ, ਬਿੱਟੂ ਕਾਲੜਾ, ਰਜਨੀਸ਼ ਚੌਧਰੀ, ਹਰਸ਼ ਕੁਮਾਰ ਵਾਸੂਦੇਵ, ਵਿਕਾਸ ਅਗਰਵਾਲ, ਰਾਮ ਅਵਤਾਰ ਤਾਇਲ, ਸ਼ਿਵ ਕੁਮਾਰ ਕੰਬੋਜ ਤੇ ਗੁਰਦੀਪ ਕਾਮਰਾ ਨੇ ਭਾਗ ਲਿਆ। ਇਸ ਮੀਟਿੰਗ ਦਾ ਸੰਚਾਲਨ ਹਰਿਆਣਾ ਅਨਾਜ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਅਤੇ ਸਿਰਸਾ ਅਨਾਜ ਮੰਡੀ ਦੇ ਪ੍ਰਧਾਨ ਹਰਦੀਪ ਸਿੰਘ ਸਰਕਾਰੀਆ ਨੇ ਕੀਤਾ। ਇਸ ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਜਾਰੀ ਤਿੰਨਾਂ ਆਰਡੀਨੈਂਸਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਮਤਾ ਪਾਸ ਕੀਤਾ ਕਿ ਅਗਲੀ ਮੀਟਿੰਗ ਸਿਰਸਾ ਵਿੱਚ 16 ਅਗਸਤ ਨੂੰ ਕੀਤੀ ਜਾਵੇਗੀ, ਜਿਸ ਵਿੱਚ ਹਰਿਆਣਾ, ਪੰਜਾਬ, ਰਾਜਸਥਾਨ ਤੋਂ 15-15 ਅਹੁਦੇਦਾਰ ਭਾਗ ਲੈਣਗੇ ਅਤੇ 4 ਚੰਡੀਗੜ੍ਹ ਤੋਂ ਹੋਣਗੇ। ਮੀਟਿੰਗ ਵਿੱਚ ਅਗਲੀ ਰਣਨੀਤੀ ਬਣਾਈ ਜਾਵੇਗੀ।
15 ਅਗਸਤ ਨੂੰ ਕਾਲੇ ਝੰਡੇ ਲਹਿਰਾਉਣ ਦਾ ਐਲਾਨ
ਭਾਈਰੂਪਾ (ਅਵਤਾਰ ਸਿੰਘ ਧਾਲੀਵਾਲ): ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ ਦੀ ਅਗਵਾਈ ਵਿੱਚ ਪਿੰਡ ਸੇਲਬਰਾਹ ਵਿੱਚ ਹੋਈ। ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਅਤੇ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ ਨੇ ਕਿਹਾ ਕਿ 6 ਅਗਸਤ ਤੋਂ 13 ਅਗਸਤ ਤੱਕ ਪਿੰਡਾਂ ਵਿੱਚ ਜਨ ਸਭਾਵਾਂ, ਮੀਟਿੰਗਾਂ ਤੇ ਜਨ ਸੰਪਰਕ ਮੁਹਿੰਮ ਚਲਾਕੇ 15 ਅਗਸਤ ਦੇ ਐਕਸ਼ਨ ਪ੍ਰੋਗਰਾਮ ਦੀ ਤਿਆਰੀ ਕੀਤੀ ਜਾਵੇਗੀ, 15 ਅਗਸਤ ਨੂੰ ਕਾਲੇ ਝੰਡੇ ਲੈ ਕੇ ਪਿੰਡਾਂ ਵਿੱਚ ਦੀ ਮੋਟਰਸਾਈਕਲ ਮਾਰਚ ਕਰਦਿਆਂ ਭਗਤਾ ਭਾਈ ਤੇ ਰਾਮਪੁਰਾ ਵਿੱਚ ਕਾਲੀ ਆਜ਼ਾਦੀ ਸਮਾਗਮ/ਕਾਨਫ਼ਰੰਸਾਂ ਕੀਤੀਆਂ ਜਾਣਗੀਆਂ ਅਤੇ ਸਮਾਗਮਾਂ ਦੇ ਅੰਤ ਉੱਤੇ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ ਅਤੇ ਕਾਲੇ ਝੰਡੇ ਕੋਠਿਆਂ ਉਪਰ ਪੱਕੇ ਤੌਰ ’ਤੇ ਲਹਿਰਾਏ ਜਾਣਗੇ।
ਕਿਸਾਨ ਜਥੇਬੰਦੀ ਨੇ ਕੌਮੀ ਸੰਘਰਸ਼ ਦੀ ਰੂਪ-ਰੇਖਾ ਉਲੀਕੀ
ਝੁਨੀਰ (ਪੱਤਰ ਪ੍ਰੇਰਕ): ਕੁੱਲ ਹਿੰਦ ਕਿਸਾਨ ਸਭਾ ਸੰਘਰਸ਼ ਤਾਲਮੇਲ ਕਮੇਟੀ ਨਾਲ ਸਬੰਧਿਤ ਚਾਰ ਕਿਸਾਨ ਜਥੇਬੰਦੀਆਂ ਦੀ ਵਿਸ਼ੇਸ਼ ਮੀਟਿੰਗ ਕਿਸਾਨ ਆਗੂ ਕਾਮਰੇਡ ਜਗਦੀਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਸਥਾਨਕ ਬਾਬਾ ਧਿਆਨ ਦਾਸ ਦੇ ਡੇਰੇ ਵਿੱਚ ਹੋਈ। ਮੀਟਿੰਗ ਵਿੱਚ ਕੁੱਲ ਹਿੰਦ ਕਿਸਾਨ ਸਭਾ, ਪੰਜਾਬ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨਾਲ ਸਬੰਧਿਤ ਆਗੂਆਂ ਨੇ ਭਾਗ ਲਿਆ। ਸੂਬਾਈ ਕਿਸਾਨ ਆਗੂ ਜੁਗਰਾਜ ਸਿੰਘ ਹੀਰਕਾ ਨੇ ਕਿਹਾ ਕਿ ਕੇਂਦਰ ਸਰਕਾਰ ਖ਼ਿਲਾਫ਼ 9 ਅਗਸਤ ਨੂੰ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜਨ ਦੇ ਨਾਲ-ਨਾਲ ਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਵੀ ਦਿੱਤੇ ਜਾਣਗੇ।