ਜੋਗਿੰਦਰ ਸਿੰਘ ਮਾਨ
ਮਾਨਸਾ, 19 ਨਵੰਬਰ
ਪਿੰਡ ਭੈਣੀਬਾਘਾ ਦੀ ਵਿਆਹੁਤਾ ਵੀਰਪਾਲ ਕੌਰ ਤੇ ਉਸ ਦੇ ਪਤੀ ਦੀ ਪੁਲੀਸ ਉੱਤੇ ਕਥਿਤ ਤੌਰ ‘ਤੇ ਕਰੰਟ ਲਾ ਕੇ ਕੁੱਟਮਾਰ ਲਾਉਣ ਦੇ ਮਾਮਲੇ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਵੀਰਵਾਰ ਨੂੰ ਪੁਲੀਸ ਚੌਕੀ ਠੂਠਿਆਂਵਾਲੀ ਅੱਗੇ ਧਰਨਾ ਲਾ ਕੇ ਬਠਿੰਡਾ-ਪਟਿਆਲਾ ਮੁੱਖ ਮਾਰਗ ਜਾਮ ਕਰ ਦਿੱਤਾ ਜਿਸ ਕਾਰਨ ਵਾਹਨਾਂ ਸਮੇਤ ਬੱਸਾਂ ਨੂੰ ਆਪਣਾ ਰਸਤਾ ਬਦਲਣਾ ਪਿਆ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਮਾਮਲੇ ਵਿੱਚ ਕਸੂਰਵਾਰ ਪੁਲੀਸ ਮੁਲਾਜ਼ਮਾਂ ‘ਤੇ ਮਾਮਲਾ ਦਰਜ ਕਰ ਕੇ ਕਾਰਵਾਈ ਨਹੀਂ ਕੀਤੀ ਜਾਂਦੀ, ਉਨ੍ਹਾਂ ਦਾ ਰੋਸ ਜਾਰੀ ਰਹੇਗਾ।
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਬਿਨਾਂ ਕਿਸੇ ਕਸੂਰ ਤੋਂ ਵੀਰਪਾਲ ਕੌਰ ਤੇ ਉਸ ਦੇ ਪਤੀ ਸੇਵਕ ਸਿੰਘ ਦੀ ਪੁਲੀਸ ਨੇ ਕੁੱਟਮਾਰ ਕੀਤੀ ਤੇ ਉਨ੍ਹਾਂ ’ਤੇ ਗੈਰ-ਮਨੁੱਖੀ ਤਸ਼ੱਦਦ ਵੀ ਢਾਹਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਮੁਲਜ਼ਮਾਂ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਉਲਟਾ ਪੀੜਤ ਪਰਿਵਾਰ ’ਤੇ ਮਾਮਲਾ ਰਫਾ ਦਫਾ ਕਰਨ ਦਾ ਦਬਾਅ ਪਾਇਆ। ਉਨ੍ਹਾਂ ਪੁਲੀਸ ਮੁਲਾਜ਼ਮਾਂ ‘ਤੇ ਕਾਰਵਾਈ ਦੀ ਮੰਗ ਕੀਤੀ। ਕਿਸਾਨਾਂ ਦਾ ਇਹ ਧਰਨਾ ਦੇਰ ਸ਼ਾਮ ਤੱਕ ਜਾਰੀ ਰਿਹਾ ਅਤੇ ਜਥੇਬੰਦੀ ਨੇ ਭਲਕੇ ਮੁੜ ਧਰਨਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪੀੜਤ ਲੜਕੀ ਦੇ ਪਿਤਾ ਸਿਆਰਾ ਸਿੰਘ,ਬਲਵਿੰਦਰ ਸਿੰਘ ਖਿਆਲਾ,ਰਾਜ ਸਿੰਘ ਅਕਲੀਆ,ਰੂਪ ਸਿੰਘ,ਬਿੰਦਰ ਸਿੰਘ ਤੇ ਅਮਰੀਕ ਸਿੰਘ ਨੇ ਵੀ ਸੰਬੋਧਨ ਕੀਤਾ। ਉਧਰ ਪੁਲੀਸ ਚੌਕੀ ਠੂਠਿਆਂਵਾਲੀ ਦੇ ਮੁਖੀ ਏਐੱਸਆਈ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਨੇ ਕਿਸੇ ਦੀ ਕੋਈ ਨਾਜਾਇਜ਼ ਕੁੱਟਮਾਰ ਨਹੀਂ ਕੀਤੀ।