ਬੀਕੇਯੂ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਧਰਨੇ ਚੁੱਕੇ

ਪਹਿਲੀ ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਮੁੜ ਰੇਲਾਂ ਰੋਕਾਂਗੇ: ਉਗਰਾਹਾਂ

ਬੀਕੇਯੂ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਧਰਨੇ ਚੁੱਕੇ

ਦਿੱਲੀ-ਫਿਰੋਜ਼ਪੁਰ ਰੇਲਵੇ ਟਰੈਕ ’ਤੇ ਮਾਨਸਾ ਵਿਚ ਧਰਨੇ ’ਤੇ ਬੈਠੇ ਕਿਸਾਨ। -ਫੋਟੋ: ਸੁਰੇਸ਼

ਪਰਸ਼ੋਤਮ ਬੱਲੀ

ਬਰਨਾਲਾ, 26 ਸਤੰਬਰ

ਖੇਤੀ ਤੇ ਬਿਜਲੀ ਕਾਨੂੰਨਾਂ ਖ਼ਿਲਾਫ਼ ਸਥਾਨਕ ਰੇਲਵੇ ਸਟੇਸ਼ਨ ’ਤੇ ਬਠਿੰਡਾ-ਦਿੱਲੀ ਰੇਲਵੇ ਟਰੈਕ ’ਤੇ ਲਗਾਤਾਰ ਤਿੰਨ ਦਿਨਾਂ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਡਟੇ ਕਿਸਾਨਾਂ ਨੇ ਕੇਂਦਰੀ ਹਾਕਮਾਂ ਨੂੰ ਮੁੜ ਆਉਣ ਦੀ ਲਲਕਾਰ ਮਾਰਦਿਆਂ ਧਰਨਾ ਸਮਾਪਤ ਕੀਤਾ।

ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਚਿਰਾਂ ਤੋਂ ਖੇਤੀ ਘਾਟੇਵੰਦ ਧੰਦਾ ਬਣੇ ਹੋਣ ਕਾਰਨ ਕਿਸਾਨੀ ਬੇਹੱਦ ਸੰਕਟ ‘ਚ ਹੈ। ਹੁਣ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਜਬਰੀ ਖੇਤੀ ਵਿਰੋਧੀ ਕਾਨੂੰਨ ਪਾਸ ਕਰ ਕੇ ਸਰਮਾਏਦਾਰਾਂ ਦੇ ਹੱਥੋਂ ਕਿਸਾਨੀ ਦੀ ਲੁੱਟਦਾ ਰਾਹ ਖੋਲ੍ਹ ਦਿੱਤਾ ਹੈ। ਇਸੇ ਤਰ੍ਹਾਂ ਬਿਜਲੀ ਬਿੱਲ-2020 ਤੇ ਮਜ਼ਦੂਰ ਵਿਰੋਧੀ ਕਿਰਤ ਕਾਨੂੰਨ ਬਣਾਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਮੇਂ ਦੇ ਹਾਕਮਾਂ ਨੇ ਜਨਤਾ ਦੀ ਹੂਕ ਨਾ ਸੁਣੀ ਤਾਂ ਮੁੜ 1 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਰੇਲ ਦਾ ਚੱਕਾ ਜਾਮ ਅੰਦੋਲਨ ਵਿੱਢਿਆ ਜਾਵੇਗਾ।

ਮਾਨਸਾ (ਜੋਗਿੰਦਰ ਸਿੰਘ ਮਾਨ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ 48 ਘੰਟਿਆਂ ਦੇ ਰੇਲ ਜਾਮ ਦੀ ਹਮਾਇਤ ਵਜੋਂ ਦਿੱਲੀ-ਫਿਰੋਜ਼ਪੁਰ ਰੇਲਵੇ ਲਾਈਨ ’ਤੇ ਤਿੰਨ ਦਿਨਾਂ ਤੋਂ ਲਾਇਆ ਧਰਨਾ ਅੱਜ ਸ਼ਾਮ ਨੂੰ ਚੁੱਕ ਲਿਆ। 31 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਤਹਿਤ ਪਹਿਲੀ ਅਕਤੂਬਰ ਤੋਂ ਦੁਬਾਰਾ ਅਣਮਿੱਥੇ ਸਮੇਂ ਲਈ ਮਾਨਸਾ ਵਿਚ ਮੋਰਚਾ ਲਾਇਆ ਜਾਵੇਗਾ। ਅੱਜ ਧਰਨਾ ਚੁੱਕਣ ਤੋਂ ਪਹਿਲਾਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੇਂਦਰ ਦੇ ਕਿਸਾਨ ਮਾਰੂ ਫ਼ੈਸਲੇ ਖ਼ਿਲਾਫ਼ ਕਿਸਾਨ ਪਰਿਵਾਰਾਂ ਸਮੇਤ ਕਾਫਲੇ ਬੰਨ੍ਹ ਕੇ ਸੰਘਰਸ਼ਾਂ ਵਿਚ ਸ਼ਾਮਲ ਹੋਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All