ਕਿਸਾਨ ਮੋਰਚਿਆਂ ਵਿੱਚ ਕੇਂਦਰ ਖ਼ਿਲਾਫ਼ ਗਰਜੇ ਕਿਸਾਨ

ਕਿਸਾਨ ਮੋਰਚਿਆਂ ਵਿੱਚ ਕੇਂਦਰ ਖ਼ਿਲਾਫ਼ ਗਰਜੇ ਕਿਸਾਨ

ਬੁਢਲਾਡਾ ’ਚ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਮਹਿੰਦਰ ਸਿੰਘ ਦਿਆਲਪੁਰਾ। -ਫੋਟੋ: ਐੱਨਪੀ ਸਿੰਘ

ਪੱਤਰ ਪ੍ਰੇਰਕ
ਬੁਢਲਾਡਾ, 16 ਅਕਤੂਬਰ

ਇੱਥੇ ਅੱਜ ਖੇਤੀ ਵਿਰੋਧੀ ਤੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰਨ ਵਾਲੇ ਤਿੰਨੇ ਕਾਲੇ ਕਾਨੂੰਨਾਂ ਖ਼ਿਲਾਫ਼ ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ 16ਵੇਂ ਦਿਨ ਵੀ ਜਾਰੀ ਰਿਹਾ। ਵੱਖ-ਵੱਖ ਪਿੰਡਾਂ ਤੋਂ ਕਿਸਾਨਾਂ ਦੇ ਕਾਫ਼ਲੇ ਤਿੱਖੀ ਨਾਹਰੇਬਾਜ਼ੀ ਕਰਦੇ ਹੋਏ ਕੌਮੀ ਮਾਰਗ ’ਤੇ ਸਥਿਤ ਧਰਨੇ ਵਾਲੀ ਥਾਂ ’ਚ ਸ਼ਾਮਲ ਹੋਏ। ਧਰਨੇ ਦੀ ਅਗਵਾਈ ਕਰ ਰਹੇ ਕਿਸਾਨ ਜਥੇਬੰਦੀ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਸੀ.ਪੀ.ਆਈ ਦੀ ਕਿਸਾਨ ਸਭਾ ਦੇ ਆਗੂ ਸੀਤਾ ਰਾਮ, ਸੀ.ਆਈ.ਐਮ ਕਿਸਾਨ ਸਭਾ ਦੇ ਆਗੂ ਕਾਮਰੇਡ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਨੂੰ ਕਿਸਾਨਾਂ ਨਾਲ ਮੱਥਾ ਲਾਉਣਾ ਮਹਿੰਗਾ ਪਵੇਗਾ।

ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਨੂੰਨਾਂ ਖ਼ਿਲਾਫ਼ ਲਹਿਰਾ ਬੇਗਾ ਟੌਲ ਪਲਾਜ਼ਾ, ਬੈਸਟ ਪ੍ਰਾਈਸ ਮਾਲ ਤੇ ਐੱਸਆਰ ਪੈਟਰੋਲ ਪੰਪ ਅੱਗੇ ਲਾਏ ਮੋਰਚੇ ਭਰਵੇਂ ਇਕੱਠਾਂ ਨਾਲ 16ਵੇਂ ਦਿਨ ਵੀ ਜਾਰੀ ਰਹੇ। ਇਸ ਮੌਕੇ ਔਰਤਾਂ ਵਿੱਚ ਭਾਰੀ ਉਤਸ਼ਾਹ ਸੀ। ਉਨ੍ਹਾਂ ਮੋਦੀ ਸਰਕਾਰ ਵਿਰੁੱਧ ਭਾਰੀ ਨਾਅਰੇਬਾਜ਼ੀ ਕੀਤੀ।

ਬਰੇਟਾ ਰਿਲਾਇੰਸ ਪੰਪ ’ਤੇ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਬੁਲਾਰਾ। -ਫੋਟੋ: ਸਿੰਗਲਾ

ਬਰੇਟਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਜੋਗਿੰਦਰ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਇੱਥੇ ਦੇ ਰਿਲਾਇਸ ਪੰਪ ’ਤੇ ਅਣਮਿੱਥੇ ਸਮੇਂ ਤੇ ਧਰਨੇ ਦੇ 16ਵੇਂ ਦਿਨ ਵੀ ਇਹ ਧਰਨਾ ਜਾਰੀ ਸੀ ਜਿਸ ਵਿੱਚ ਲੋਕ ਪੱਖੀ ਨਾਟਕਕਾਰ, ਹੰਸਾ ਸਿੰਘ ਦੇ ਸਦੀਵੀਂ ਵਿਛੋੜੇ ਸਬੰਧੀ ਸ਼ੋਕ ਮਤਾ ਪਾਸ ਕਰਕੇ ਸ਼ਰਧਾਜਲੀਂ ਭੇਟ ਕੀਤੀ ਗਈ।

ਝੁਨੀਰ (ਪੱਤਰ ਪ੍ਰੇਰਕ): ਅੱਜ ਇਸ ਖੇਤਰ ਦੇ ਪਿੰਡ ਨੰਦਗੜ੍ਹ ਵਿਖੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨਾਲ ਸਬੰਧਿਤ ਕਿਸਾਨਾਂ ਨੇ ਬਲਾਕ ਇਕਾਈ ਦੇ ਪ੍ਰਧਾਨ ਮਲਕੀਤ ਸਿੰਘ ਕੋਟਧਰਮੂ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਤੇ ਕਿਸਾਨ ਵਿਰੋਧੀ ਐਕਟਾਂ ਵਿਰੁੱਧ ਸਾਰੇ ਪਿੰਡ ਵਿੱਚ ਗੇੜਾ ਲਾ ਕੇ ਲਲਕਾਰ ਰੈਲੀ ਕੱਢੀ।

ਚਾਉਕੇ (ਪੱਤਰ ਪ੍ਰੇਰਕ): ਖੇਤੀ ਬਿੱਲਾਂ ਦਾ ਵਿਰੋਧ ਕਰਨ ਲਈ ਰੇਲ ਪਟੜੀਆਂ, ਟੌਲ ਪਲਾਜ਼ਿਆਂ, ਵੱਡੀਆਂ ਦੁਕਾਨਾਂ ਤੇ ਪੰਪਾਂ ਦੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਰਹੇ ਪੇਂਡੂਆਂ ਵਿੱਚ ਸੰਵਾਦ ਦੀ ਰੁਚੀ ਪੈਦਾ ਹੋਣ ਨਾਲ ਕਿਸਾਨ ਸਿਰ ਜੋੜ ਕੇ ਬੈਠਣ ਲੱਗ ਪਏ ਹਨ। ਕਿਸਾਨਾਂ ਅਤੇ ਕੇਂਦਰ ਸਰਕਾਰ ਵਿੱਚ ਵੱਧ ਰਹੇ ਪਾੜੇ ਤੇ ਹਿੰਸਾ ਤੋਂ ਅਲੱਗ ਹੋ ਕੇ ਮਸਲਿਆ ਦੀ ਪੜਚੋਲ ਕਰਦੇ ਨੌਜਵਾਨ ਸੱਥਾਂ, ਗਰਾਉਂਡਾਂ ਵਿੱਚ ਆਮ ਵੇਖੇ ਜਾ ਰਹੇ ਹਨ।

ਬਰਨਾਲਾ (ਖੇਤਰੀ ਪ੍ਰਤੀਨਿਧ): ਕੇਂਦਰੀ ਸਰਕਾਰ ਦੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਰੇਲਵੇ ਸਟੇਸ਼ਨ ਬਰਨਾਲਾ ’ਤੇ ਲੱਗੇ ਮੋਰਚੇ ਵਿੱਚ ਅੱਜ 16ਵੇਂ ਦਿਨ ਕਿਸਾਨ ਔਰਤਾਂ ਤੇ ਬੱਚਿਆ ਵੀ ਭਰਵੀਂ ਸ਼ਿਰਕਤ ਕਰਦਿਆਂ ਕੇਂਦਰੀ ਮੋਦੀ ਹਕੂਮਤ ਨੂੰ ਲਲਕਾਰਿਆ। ਬੁਲਾਰਿਆਂ ਨੇ ਕਿਹਾ ਕਿ ਸੰਘਰਸ਼ ਭਾਵੇਂ ਕਿੰਨਾਂ ਵੀ ਲੰਮਾ ਚੱਲੇ, ਮੰਗ ਪ੍ਰਾਪਤੀ ਤੋਂ ਬਿਨਾਂ ਪਿੱਛੇ ਨਹੀਂ ਹਟਿਆ ਜਾਵੇਗਾ।

ਰਾਮਪੁਰਾ ਫੂਲ (ਨਿੱਜੀ ਪੱਤਰ ਪ੍ਰੇਰਕ): ਕਿਸਾਨ ਜਥੇਬੰਦੀਆਂ ਦੁਆਰਾ ਆਰਡੀਨੈਂਸ ਰੱਦ ਕਰਵਾਉਣ ਲਈ ਸਮੂਹ ਵਰਗਾਂ ਦੇ ਸਹਿਯੋਗ ਨਾਲ ਰੇਲ ਰੋਕੋ ਮੋਰਚਾ 10ਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ ਦੁਆਰਾ ਲਗਾਏ ਗਏ ਧਰਨੇ ਅੰਦਰ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਮੂਹ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਚੱਲ ਰਿਹਾ ਰੇਲ ਰੋਕੋ ਮੋਰਚਾ ਲਗਾਤਾਰ 16ਵੇਂ ਦਿਨ ਵੀ ਜਾਰੀ ਰਿਹਾ।

ਮੰਡੀ ਲੱਖੇਵਾਲੀ (ਪੱਤਰ ਪ੍ਰੇਰਕ): ਪਿੰਡ ਲੱਖੇਵਾਲੀ ਵਿੱਚ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਥਾਨਕ ਇਕਾਈ ਦੀ ਅਗਵਾਈ ਹੇਠ ਅੱਜ ਪਿੰਡ ਦੇ ਕਿਸਾਨਾਂ ਦਾ ਇਕੱਠ ਪਿੰਡ ਦੀ ਧਰਮਸ਼ਾਲਾ ਵਿੱਚ ਹੋਇਆ। ਜਿਸ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਕੇ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਸੱਦੀ ਮੀਟਿੰਗ ਵਿੱਚ ਸੀਨੀਅਰ ਲੀਡਰਸ਼ਿਪ ਦੀ ਸ਼ਮੂਲੀਅਤ ਨਾ ਕਰਕੇ ਕਿਸਾਨਾਂ ਦੇ ਨੁਮਾਇੰਦਿਆਂ ਨਾਲ ਭੱਦਾ ਮਜ਼ਾਕ ਕੀਤਾ ਗਿਆ ਹੈ।

ਸਿਰਸਾ (ਪੱਤਰ ਪ੍ਰੇਰਕ): ਬਿਜਲੀ ਮੰਤਰੀ ਦੇ ਘਰ ਦਾ ਘੇਰਾਓ ਕਰਨ ’ਤੇ ਘਰ ਅੱਗੇ ਧਰਨਾ ਦੇਣ ਜਾਂਦੇ ਕਿਸਾਨਾਂ ਨੂੰ ਪੁਲੀਸ ਨੇ ਬਾਬਾ ਭੂਮਣ ਸ਼ਹਾ ਚੌਕ ’ਚ ਰੋਕ ਲਿਆ। ਪੁਲੀਸ ਵੱਲੋਂ ਲਾਏ ਗਏ ਬੈਰੀਕੇਟਸ ਤੋਂ ਕਿਸਾਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਾ ਦਿੱਤੇ ਜਾਣ ਤੋਂ ਰੋਹ ਵਿੱਚ ਆਏ ਕਿਸਾਨਾਂ ਨੇ ਉਥੇ ਹੀ ਧਰਨਾ ਸ਼ੁਰੂ ਕਰ ਦਿੱਤਾ ਹੈ।

ਬੋਹਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਬਲਾਕ ਪੱਧਰੀ ਮੀਟਿੰਗ ਸਥਾਨਕ ਗੁਰਦਵਾਰਾ ਸਾਹਿਬ ਵਿੱਚ ਹੋਈ, ਜਿਸ ਵਿਚ ਕੇਂਦਰ ਸਰਕਾਰ ਦੇ ਮੰਡੀਕਰਨ ਸਿਸਟਮ ਦੇ ਪੜਾਅ ਵਾਰ ਖਾਤਮੇ ਸਬੰਧੀ ਪਾਸ ਕੀਤੇ ਗਏ ਬਿੱਲਾਂ ਵਿਰੁੱਧ ਯੂਨੀਅਨ ਵੱਲੋਂ ਕੀਤੇ ਜਾ ਰਹੇ ਸੰਘਰਸ਼ ਬਾਰੇ ਵਿਚਾਰ ਵਟਾਦਰਾਂ ਕੀਤਾ ਗਿਆ ਅਤੇ ਇਸ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਣ ਦਾ ਫੈ਼ਸਲਾ ਲਿਆ ਗਿਆ।

ਜਲਾਲਾਬਾਦ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਬਲਾਕ ਜਲਾਲਾਬਾਦ ਵਲੋਂ ਜਲਾਲਾਬਾਦ-ਫਿਰੋਜਪੁਰ ਰੋਡ ’ਤੇ ਟੌਲ ਪਲਾਜ਼ਾ ਮਾਹਮੂਜੋਈਆ, ਈਜੀਡੇ, ਰਿਲਾਇੰਸ ਪੰਪ ਜਲਾਲਾਬਾਦ ਅਤੇ ਜਲਾਲਾਬਾਦ-ਫਾਜਿਲਕਾ ਰੋਡ ’ਤੇ ਥੇਹ ਕਲੰਦਰ ਟੌਲ ਪਲਾਜ਼ਾ ਦਾ ਘੈਰਾਓ ਲਗਾਤਾਰ 16ਵੇਂ ਦਿਨ ਵੀ ਜਾਰੀ ਰਿਹਾ। ਕ

ਭਗਤਾ ਭਾਈ (ਪੱਤਰ ਪ੍ਰੇਰਕ): ਖੇਤੀ ਮਾਰੂ ਕਾਨੂੰਨਾਂ ਖਿਲਾਫ਼ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਵੱਲੋਂ ਸਥਾਨਕ ਰਿਲਾਇੰਸ ਪੰਪ ਅੱਗੇ ਪਿਛਲੇ ਸੱਤ ਦਿਨਾਂ ਤੋਂ ਲਗਾਤਾਰ ਲਗਾਏ ਜਾ ਰਹੇ ਧਰਨੇ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਵਿਸ਼ੇਸ਼ ਤੌਰ ’ਤੇ ਪਹੁੰਚੇ।

ਕੋਟਕਪੁਰਾ (ਨਿੱਜੀ ਪੱਤਰ ਪ੍ਰੇਰਕ): ਇਸੇ ਦੌਰਾਨ ਭਾਜਪਾ ਦੀ ਸੂਬਾਈ ਸਕੱਤਰ ਸੁਨੀਤਾ ਰਾਣੀ ਗਰਗ ਦੀ ਰਿਹਾਇਸ਼ ਅੱਗੇ ਪੰਦਰਾਂ ਦਿਨਾਂ ਤੋਂ ਚੱਲ ਰਹੇ ਧਰਨੇ ਵਿਚ ’ਚ ਅੱਜ ਪੰਜਾਬ ਲੋਕ ਸੰਗਰਾਮੀ ਕਲਾਕਾਰ ਜਗਸੀਰ ਜੀਦਾ ਨੇ ਹਾਜ਼ਰੀ ਲੁਆਈ।

ਅਕਾਲੀ-ਕਾਂਗਰਸੀ ਮੂਕ ਦਰਸ਼ਕ ਬਣੇ: ਮੰਗਲ ਢਿੱਲੋਂ

ਕੋਟਕਪੂਰਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਦੇ ਪਿੰਡ ਵਾਂਦਰ ਜਟਾਣਾ ਦੇ ਜੰਮਪਲ ਵਾਲੀਵੁਡ ਅਦਾਕਾਰ ਅਤੇ ਨਿਰਦੇਸ਼ਕ ਮੰਗਲ ਢਿੱਲੋਂ ਨੇ ਪੰਜਾਬ ਅੰਦਰ ਚੱਲ ਰਹੇ ਕਿਸਾਨੀ ਅੰਦੋਲਨ ਦੇ ਸਬੰਧ ਵਿਚ ਪੰਜਾਬ ਦੀਆਂ ਸਿਆਸੀ ਧਿਰਾਂ ਤੋਂ ਕੁਝ ਤਿੱਖੇ ਸਵਾਲ ਕੀਤੇ ਕਰਦਿਆਂ ਆਖਿਆ ਕਿ ਆਖ਼ਰ ਪੰਜਾਬੀ ਕਦੋਂ ਤੱਕ ਮੂਰਖ਼ ਬਣਦੇ ਰਹਿਣਗੇ, ਸਾਰੀਆਂ ਸਿਆਸੀ ਧਿਰਾਂ ਇਸ ਅੰਦੋਲਨ ਨੂੰ ਕੈਸ਼ ਕਰ ਕੇ ਆਪੋ-ਆਪਣੀਆਂ ਸਿਆਸੀ ਰੋਟੀਆਂ ਸੇਕਣ ਵਿਚ ਲੱਗੀਆਂ ਹੋਈਆਂ ਹਨ। ਉਨ੍ਹਾਂ ਆਪਣੀ ਵੀਡੀਓ ਜਾਰੀ ਕਰਦਿਆਂ ਆਖਿਆ ਕਿ ਪੰਜਾਬ ਦੀਆਂ ਸਿਆਸੀ ਧਿਰਾਂ ਉਦੋਂ ਕਿਥੇ ਗਈਆਂ ਸਨ ਜਦੋਂ ਇਨ੍ਹਾਂ ਕਾਨੂੰਨਾਂ ਨੂੰ ਦੇਸ਼ ਦੀ ਸੰਸਦ ਵੱਲੋਂ ਪਾਸ ਕੀਤਾ ਜਾ ਰਿਹਾ ਸੀ। ਹਾਲਾਂਕਿ ਕਾਨੂੰਨਾਂ ਨੂੰ ਪਾਸ ਕਰਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵੀ ਕੇਂਦਰ ਦੀਆਂ ਉਨ੍ਹਾਂ ਮੀਟਿੰਗਾਂ ਵਿਚ ਸ਼ਿਕਰਤ ਕਰਦੀ ਰਹੀ ਹੈ, ਜਿਨ੍ਹਾਂ ਵਿਚ ਇਨ੍ਹਾਂ ਕਾਨੂੰਨਾਂ ਨੂੰ ਪਾਸ ਕਰਨ ਦੀ ਚਰਚਾ ਹੁੰਦੀ ਸੀ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All