ਪੱਤਰ ਪ੍ਰੇਰਕ
ਲੌਂਗੋਵਾਲ, 8 ਸਤੰਬਰ
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ 2020 ਖ਼ਿਲਾਫ਼ 14 ਸਤੰਬਰ ਨੂੰ ਬਰਨਾਲੇ ਹੋ ਰਹੀ ‘ਵੰਗਾਰ ਰੈਲੀ’ ਦੀ ਤਿਆਰੀ ਸਬੰਧੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਪਿੰਡ ਮੰਡੇਰ ਖੁਰਦ, ਸਾਹੋਕੇ ਅਤੇ ਰੱਤੋਕੇ ਵਿੱਚ ਰੈਲੀਆਂ ਕਰਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਭਜਨ ਸਿੰਘ ਢੱਡਰੀਆਂ, ਯੂਥ ਵਿੰਗ ਦੇ ਜ਼ਿਲ੍ਹਾ ਕੋ- ਕਨਵੀਨਰ ਮਨਿੰਦਰਪਾਲ ਸਿੰਘ ਬੱਬੂ ਨੇ ਕਿਹਾ ਕਿ ਮੋਦੀ ਸਰਕਾਰ ਦੁਆਰਾ ਆਉਣ ਵਾਲੇ ਪਾਰਲੀਮੈਂਟ ਇਜਲਾਸ ਵਿੱਚ ਖੇਤੀ ਵਿਰੋਧੀ ਆਰਡੀਨੈਂਸ ਪਾਸ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਪੱਕੇ ਤੌਰ ’ਤੇ ਕਾਨੂੰਨ ਬਣਾ ਕੇ ਕਿਸਾਨਾਂ ਦੀ ਕਿਸਮਤ ਕੰਪਨੀਆਂ ਦੇ ਹੱਥ ਦਿੱਤੀ ਜਾ ਸਕੇ ਤੇ ਜ਼ਮੀਨਾਂ ਦੇ ਮਾਲਕ ਕੰਪਨੀਆਂ ਨੂੰ ਬਣਾਇਆ ਜਾ ਸਕੇ । ਇਸੇ ਤਰ੍ਹਾਂ ਬਿਜਲੀ ਬਿੱਲ ਰਾਹੀਂ ਬਿਜਲੀ ਦਾ ਪ੍ਰਬੰਧ ਕੇਂਦਰ ਸਰਕਾਰ ਆਪਣੇ ਕੋਲ ਲੈ ਕੇ ਇਸ ਖੇਤਰ ਨੂੰ ਵੀ ਨਿੱਜੀ ਹੱਥਾਂ ਵਿਚ ਦੇਣਾ ਚਾਹੁੰਦੀ ਹੈ, ਜਿਸ ਨਾਲ ਆਮ ਗ਼ਰੀਬ ਲੋਕਾਂ ਅਤੇ ਕਿਸਾਨਾਂ ਉੱਪਰ ਬਿਜਲੀ ਬਿੱਲਾਂ ਦਾ ਵੱਡਾ ਬੋਝ ਪਵੇਗਾ। ਸਰਕਾਰ ਦੀਆਂ ਅਜਿਹੀਆਂ ਮਾਰੂ ਨੀਤੀਆਂ ਨੂੰ ਮੋੜਾ ਦੇਣ ਲਈ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਸਣੇ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਅੰਦਰ ਪੰਜ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਨ੍ਹਾਂ ਰੈਲੀਆਂ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਤਕੀਪੁਰ ਇਕਾਈ ਦੇ ਪ੍ਰਧਾਨ ਸਾਹਿਬ ਸਿੰਘ, ਮੰਗਾ ਸਿੰਘ , ਜਸਵੀਰ ਸਿੰਘ ਸਾਹੋਕੇ, ਬਲਿਹਾਰ ਸਿੰਘ ਤੇ ਸਰਜਾ ਸਿੰਘ ਰੱਤੋਕੇ ਨੇ ਵੀ ਸੰਬੋਧਨ ਕੀਤਾ ।