ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 15 ਸਤੰਬਰ
11 ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸ ਖ਼ਿਲਾਫ਼ ਦਿੱਤੇ ਸੱਦੇ ਤੇ ਅੱਜ ਇੱਥੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਕਿਸਾਨਾਂ ਅਤੇ ਆੜ੍ਹਤੀਆਂ ਨੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਦੋ ਘੰਟੇ ਚੱਕਾ ਜਾਮ ਕੀਤਾ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫ਼ਤਿਹਗੜ੍ਹ ਭਾਦਸੋਂ, ਜਨਰਲ ਸਕੱਤਰ ਰਣ ਸਿੰਘ ਚੱਠਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਅਵਤਾਰ ਸਿੰਘ ਗੁਰਬਖਸ਼ਪੁਰਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਸੂਬਾ ਸਕੱਤਰ ਮਲਕੀਤ ਸਿੰਘ ਲਖਮੀਰਵਾਲਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਬਨਭੌਰਾ ਤੇ ਇੰਡੀਅਨ ਫਾਰਮਰ ਐਸ਼ੋਸੀਏਸ਼ਨ ਦੇ ਸੂਬਾ ਜਨਰਲ ਹਰਦੇਵ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਿੰਨ ਆਰਡੀਨੈਂਸਾਂ ਕਾਰਨ ਪੰਜਾਬ ਦੀ ਕਿਸਾਨੀ, ਜਵਾਨੀ, ਆੜ੍ਹਤੀ ਤੇ ਸਮੁੱਚੀ ਆਰਥਿਕਤਾ ਤਬਾਹ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਗਲਤ ਨੀਤੀਆਂ ਬਣਾ ਕੇ ਕਿਸਾਨਾਂ ਸਮੇਤ ਸਾਰੇ ਵਰਗਾਂ ਦੇ ਮੂੰਹ ਵਿੱਚੋਂ ਰੋਟੀ ਖੋਹ ਕੇ ਵੱਡੇ ਘਰਾਣਿਆਂ ਨੂੰ ਉਤਸਾਹਿਤ ਕਰ ਰਹੀ ਹੈ। ਉਨ੍ਹਾਂ ਤਿੰਨ ਆਰਡੀਨੈਂਸਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਦਰਬਾਰ-ਏ-ਖਾਲਸਾ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ, ਅਕਾਲੀ ਦਲ ਡੈਮੋਕ੍ਰੈਟਿਕ ਦੇ ਆਗੂ ਗੁਰਤੇਜ ਸਿੰਘ ਝਨੇੜੀ, ਪੱਲੇਦਾਰ ਯੂਨੀਅਨ ਦੇ ਰਾਮ ਸਿੰਘ ਮੱਟਰਾਂ, ਆਪ ਦੇ ਨਰਿੰਦਰ ਕੌਰ ਭਰਾਜ, ਆੜਤੀਆ ਐਸ਼ੋਸੀਏਸ਼ਨ ਦੇ ਸੂਬਾ ਸਕੱਤਰ ਸ਼ੁਨੀਲ ਕੁਮਾਰ ਦਿੜਬਾ, ਰਾਜ ਸਿੰਘ ਖਾਲਸਾ ਸਮੇਤ ਕਈ ਆਗੂਆਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ।
ਪਾਤੜਾਂ (ਗੁਰਨਾਮ ਸਿੰਘ ਚੌਹਾਨ) ਕੇਂਦਰ ਸਰਕਾਰ ਦੇ ਖੇਤੀ ਸਬੰਧੀ ਤਿੰਨ ਆਰਡੀਨੈਂਸਾਂ ਤੇ ਬਿਜਲੀ ਸੋਧ ਬਿੱਲ ਖ਼ਿਲਾਫ਼ ਲੋਕਾਂ ’ਚ ਗੁੱਸਾ ਵਧਦਾ ਜਾ ਰਿਹਾ ਹੈ। ਅੱਜ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਭੁੱਲਰ ਦੀ ਅਗਵਾਈ ’ਚ ਵੱਖ ਵੱਖ ਜਨਤਕ ਜਥੇਬੰਦੀਆਂ ਵੱਲੋਂ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ’ਤੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ’ਚ ਦੋ ਘੰਟੇ ਲਈ ਸੜਕ ਜਾਮ ਕੀਤੀ। ਇਸੇ ਦੌਰਾਨ ਇਕੱਤਰ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਰਡੀਨੈਂਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਧਰਨੇ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸ਼ਹਿਰੀ ਤੇ ਦਿਹਾਤੀ ਇਕਾਈ ਦੇ ਨਾਲ ਨਾਲ ਆੜ੍ਹਤੀ ਐਸੋਸੀਏਸ਼ਨ, ਪੈਸਟੀਸਾਈਡਜ਼ ਯੂਨੀਅਨ ਤੇ ਵਪਾਰ ਮੰਡਲ ਵੱਲੋਂ ਵੀ ਸਹਿਯੋਗ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਿਰਮਲ ਸਿੰਘ ਹਰਿਆਊ, ਅਕਾਲੀ ਦਲ ਦੇ ਸਰਕਲ ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਖਾਂਗ, ਸ਼ਹਿਰੀ ਪ੍ਰਧਾਨ ਗੋਬਿੰਦ ਸਿੰਘ ਵਿਰਦੀ, ਪੀਏਡੀਬੀ ਚੇਅਰਮੈਨ ਗੁਰਬਚਨ ਸਿੰਘ ਮੌਲਵੀਵਾਲਾ, ਸਰਪੰਚ ਗੁਲਾਬ ਸਿੰਘ ਹਰਿਆਉ ਖੁਰਦ ਨੇ ਕਿਹਾ ਹੈ ਕਿ ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਇੱਥੋਂ ਦੇ ਲੋਕ ਖੇਤੀ ’ਤੇ ਨਿਰਭਰ ਹਨ। ਕੇਂਦਰ ਅਮੀਰ ਘਰਾਣਿਆਂ ਦਾ ਹੱਥ ਠੋਕਾ ਬਣ ਕੇ ਖੇਤੀ ਨੂੰ ਖ਼ਤਮ ਕਰਨ ਦੇ ਰਾਹ ਤੁਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਖੇਤੀ ਖਤਮ ਹੋਣ ਦੇ ਨਾਲ ਨਾਲ ਹੋਰ ਸਾਰੇ ਬਿਜਨੈਸ ਤਬਾਹ ਹੋ ਜਾਣਗੇ, ਆਪਣੇ ਰੁਜ਼ਗਾਰਾਂ ਨੂੰ ਬਚਾਉਣ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਖੇਤੀ ਮਾਰੂ ਕਾਨੂੰਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਆਗੂਆਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਕਰੋਨਾ ਦੀ ਆੜ ’ਚ ਲਿਆਂਦੇ ਜਾਣ ਵਾਲੇ ਇਨ੍ਹਾਂ ਆਰਡੀਨੈਂਸਾਂ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਸੀ।
ਆੜ੍ਹਤੀਆਂ ਨੇ ਧਰਨਾ ਦੇ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
ਲਹਿਰਾਗਾਗਾ (ਰਮੇਸ਼ ਭਾਰਦਵਾਜ) ਅੱਜ ਇਥੇ ਆੜ੍ਹਤੀ ਯੂਨੀਅਨ ਨੇ ਪ੍ਰਧਾਨ ਜੀਵਨ ਰੱਬੜ ਦੀ ਅਗਵਾਈ ’ਚ ਆੜ੍ਹਤੀਆਂ ਅਤੇ ਮੁਨੀਮ ਯੂਨੀਅਨ ਨੇ ਆਪਣੀਆਂ ਦੁਕਾਨਾਂ ਸੰਕੇਤਕ ਬੰਦ ਕਰਕੇ ਪੁਰਾਣੀ ਅਨਾਜ ਮੰਡੀ ’ਚ ਕੇਂਦਰੀ ਖੇਤੀ ਵਿਰੋਧੀ ਆਰਡੀਨੈਂਸਾਂ ਖ਼ਿਲਾਫ਼ ਧਰਨਾ ਦਿੱਤਾ ਅਤੇ ਕੇਂਦਰੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਧਰਨੇ ਨੂੰ ਮਾਰਕਿਟ ਕਮੇਟੀ ਦੇ ਉਪ ਚੇਅਰਮੈਨ ਜੀਵਨ ਸੇਖੂਵਾਸ ਵਾਲੇ, ਇੰਦਰਜੀਤ ਸਿੰਘ ਬੇਦੀ, ਨਰਾਤਾ ਰਾਮ ਫਤਿਹਗੜ੍ਹ, ਅਮਰ ਨਾਥ ਕੋਕੀ ਅਤੇ ਮੁਨੀਮ ਯੂਨੀਅਨ ਦੇ ਪ੍ਰਧਾਨ ਮੌਹਨ ਸਿੰਘ ਅਤੇ ਅੰਮ੍ਰਿਤ ਪਾਲ ਵਿੱਕੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੇ ਖੇਤੀ ਵਿਰੋਧੀ ਆਰਡੀਨੈਂਸ ਲਾਗੂ ਹੋਣ ਨਾਲ ਪੰਜਾਬ ਤੇ ਹਰਿਆਣਾ ਦੇ ਲੱਖਾਂ ਆੜ੍ਹਤੀ ਪਰਿਵਾਰ, ਮੁਨੀਮ, ਮਜ਼ਦੂਰ ਤਬਾਹ ਹੋ ਜਾਣਗੇ।