DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਣਕ ਦੀ ਖਰੀਦ ਸ਼ੁਰੂ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ 17 ਅਪਰੈਲ ਨੂੰ ਰੇਲਾਂ ਰੋਕਣ ਦਾ ਐਲਾਨ 

ਬੇਮੌਸਮੇ ਮੀਂਹ ਅਤੇ ਗੜੇਮਾਰੀ ਕਾਰਨ ਕਣਕ ਤੇ ਹੋਰ ਫਸਲਾਂ ਦੇ ਹੋਏ ਭਾਰੀ ਨੁਕਸਾਨ ਦੇ ਬਾਵਜੂਦ ਕਣਕ ਖਰੀਦ ਸ਼ੁਰੂ ਨਾ ਹੋਣ ਕਰਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਕਿਸਾਨ ਧਿਰਾਂ ਕਣਕ ਦੀ ਹੋ ਰਹੀ ਬੇਕਦਰੀ ਅਤੇ...

  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ
Advertisement

ਬੇਮੌਸਮੇ ਮੀਂਹ ਅਤੇ ਗੜੇਮਾਰੀ ਕਾਰਨ ਕਣਕ ਤੇ ਹੋਰ ਫਸਲਾਂ ਦੇ ਹੋਏ ਭਾਰੀ ਨੁਕਸਾਨ ਦੇ ਬਾਵਜੂਦ ਕਣਕ ਖਰੀਦ ਸ਼ੁਰੂ ਨਾ ਹੋਣ ਕਰਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਕਿਸਾਨ ਧਿਰਾਂ ਕਣਕ ਦੀ ਹੋ ਰਹੀ ਬੇਕਦਰੀ ਅਤੇ ਲੁੱਟ ਤੋਂ ਕਾਫ਼ੀ ਨਰਾਜ਼ ਹਨ। ਇਸ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਅਤੇ ਕਿਸਾਨ ਮਜ਼ਦੂਰ ਮੋਰਚੇ ਦੀਆਂ ਕਈ ਜਥੇਬੰਦੀਆਂ ਨੇ ਸਾਂਝੇ ਤੌਰ 'ਤੇ ਰੇਲ ਰੋਕੋ ਪ੍ਰੋਗਰਾਮ ਉਲੀਕਣ ਦਾ ਵੱਡਾ ਫੈਸਲਾ ਲਿਆ ਹੈ।

ਫੈਸਲੇ ਮੁਤਾਬਕ ਜੇਕਰ ਕਣਕ ਦੇ ਖਰੀਦ ਨਿਯਮਾਂ ਵਿੱਚ ਢਿੱਲ ਦੇ ਕੇ ਖਰੀਦ ਸ਼ੁਰੂ ਨਾ ਕੀਤੀ ਗਈ ਤਾਂ 17 ਅਪਰੈਲ ਨੂੰ 12 ਵਜੇ ਤੋਂ 3 ਵਜੇ ਤੱਕ ਪੂਰੇ ਪੰਜਾਬ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਆਜ਼ਾਦ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਵੀ ਇਸ ਫੈਸਲੇ ਦੀ ਹਮਾਇਤ ਕੀਤੀ ਹੈ।

Advertisement

ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਕਿਸਾਨ ਪਹਿਲਾਂ ਹੀ ਹੜ੍ਹਾਂ ਦੀ ਮਾਰ ਝੱਲ ਚੁੱਕੇ ਹਨ, ਪਰ ਸਰਕਾਰਾਂ ਨੇ ਉਸ ਸਮੇਂ ਵੀ ਕੋਈ ਠੋਸ ਮਦਦ ਕਰਨ ਦੀ ਬਜਾਏ ਸਿਰਫ਼ ਗੋਂਗਲੂਆਂ ਤੋਂ ਮਿੱਟੀ ਝਾੜੀ  ਹੈ। ਹੁਣ ਇੱਕ ਵਾਰ ਫਿਰ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਨਾਲ ਕਣਕ ਦੀ ਗੁਣਵੱਤਾ (ਕੁਆਲਿਟੀ) 'ਤੇ ਵੀ ਬੁਰਾ ਅਸਰ ਪਿਆ ਹੈ। ਕਿਸਾਨਾਂ ਅਨੁਸਾਰ ਇਸ ਸਥਿਤੀ ਦੇ ਬਾਵਜੂਦ ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਕਿਸਾਨਾਂ ਦੀ ਬਾਂਹ ਫੜਨ ਲਈ ਗੰਭੀਰ ਦਿਖਾਈ ਦੇ ਰਹੀ ਹੈ।

Advertisement

ਕਿਸਾਨ ਆਗੂਆਂ ਨੇ ਚਿੰਤਾ ਪ੍ਰਗਟਾਈ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਦੀ ਬੇਕਦਰੀ ਹੋ ਰਹੀ ਹੈ ਅਤੇ ਉਨ੍ਹਾਂ ਦੀ ਮਜ਼ਬੂਰੀ ਦਾ ਫਾਇਦਾ ਚੁੱਕ ਕੇ ਕਣਕ ਦੇ ਰੇਟਾਂ 'ਤੇ ਕੱਟ ਲਾਇਆ ਜਾ ਰਿਹਾ ਹੈ। ਰੇਲ ਰੋਕੋ ਪ੍ਰੋਗਰਾਮ ਵਿੱਚ ਸ਼ਾਮਲ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਣਕ ਖਰੀਦ ਨਿਯਮਾਂ ਵਿੱਚ ਢਿੱਲ ਦੇ ਕੇ ਤੁਰੰਤ ਖਰੀਦ ਸ਼ੁਰੂ ਨਾ ਕੀਤੀ ਗਈ, ਤਾਂ ਰੇਲ ਜਾਮ ਤੋਂ ਬਾਅਦ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਨੂੰ ਦੂਰ ਕਰਨ ਅਤੇ ਕਿਸਾਨਾਂ ਲਈ ਛਾਂ ਤੇ ਪਖਾਨਿਆਂ ਵਰਗੀਆਂ ਬੁਨਿਆਦੀ ਸਹੂਲਤਾਂ ਦੇ ਪ੍ਰਬੰਧ ਦੀ ਵੀ ਮੰਗ ਕੀਤੀ ਹੈ।

ਕਿਸਾਨ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਕਿਸਾਨ ਆਗੂਆਂ ਨੇ ਸਪਸ਼ਟ ਕੀਤਾ ਹੈ ਕਿ ਖ਼ਰਾਬ ਮੌਸਮ ਦੇ ਚੱਲਦਿਆਂ ਰੇਲਾਂ ਦਾ ਚੱਕਾ ਜਾਮ ਕਰਨਾ ਉਨ੍ਹਾਂ ਦੀ ਮਜ਼ਬੂਰੀ ਬਣ ਗਿਆ ਹੈ, ਕਿਉਂਕਿ ਉਹ ਆਪਣੀ ਖ਼ੂਨ-ਪਸੀਨੇ ਦੀ ਕਮਾਈ ਨੂੰ ਇਸ ਤਰ੍ਹਾਂ ਲੁੱਟਣ ਨਹੀਂ ਦੇ ਸਕਦੇ। ਉਨ੍ਹਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਕਿਸਾਨਾਂ ਦਾ ਸਬਰ ਨਾ ਪਰਖਣ ਅਤੇ ਨਿਯਮਾਂ ਵਿੱਚ ਢਿੱਲ ਦੇ ਕੇ ਬਿਨਾਂ ਕਿਸੇ ਦੇਰੀ ਦੇ ਪੂਰੇ ਰੇਟ 'ਤੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਉਣ। ਇਸ ਦੇ ਨਾਲ ਹੀ ਆਗੂਆਂ ਨੇ ਪੰਜਾਬ ਦੀਆਂ ਸਮੂਹ ਸੰਘਰਸ਼ੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਕਿਸਾਨੀ 'ਤੇ ਆਏ ਇਸ ਸੰਕਟ ਦੇ ਸਮੇਂ ਸਾਂਝੇ ਅਤੇ ਤਾਲਮੇਲ ਵਾਲੇ ਪ੍ਰੋਗਰਾਮ ਉਲੀਕੇ ਜਾਣ।

Advertisement
×