ਪੱਤਰ ਪ੍ਰੇਰਕ
ਸਮਾਣਾ, 21 ਮਈ
ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਹੋਣ ਦੇ ਨਾਲ ਹੀ ਅੱਜ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਪਿੰਡ ਕਾਹਨਗੜ੍ਹ ’ਚ ਚਰਨਜੀਤ ਸਿੰਘ ਦੇ ਖੇਤ ਵਿੱਚ ਪਹੁੰਚ ਕੇ ਟਰੈਕਟਰ ਚਲਾ ਕੇ ਖੁਦ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ। ਇਸ ਮੌਕੇ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ। ਇਸ ਮੌਕੇ ਖੇਤੀਬਾੜੀ ਅਫਸਰ ਕੁਲਦੀਪ ਇੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਕਿਸਾਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਪਿੰਡ ਕੁਲਾਰਾਂ ਵਿੱਚ ਸੁਬੇਗ ਸਿੰਘ ਨੇ ਸਾਢੇ ਚਾਰ ਏਕੜ, ਕਾਹਨਗੜ੍ਹ ਦੇ ਚਰਨਜੀਤ ਸਿੰਘ ਨੇ 4 ਏਕੜ, ਰਾਜਦੀਪ ਸਿੰਘ ਨੇ ਸਾਢੇ ਤਿੰਨ ਏਕੜ, ਕੁਲਦੀਪ ਸਿੰਘ ਡੇਢ ਏਕੜ, ਸਮਸ਼ੇਰ ਸਿੰਘ ਡੇਢ ਏਕੜ, ਸਤਵਿੰਦਰ ਸਿੰਘ ਦੋ ਏਕੜ, ਖੁਸ਼ਵਿੰਦਰ ਸਿੰਘ ਦੋ ਏਕੜ, ਜਸਵੰਤ ਸਿੰਘ ਅੱਠ ਏਕੜ, ਬਲਦੇਵ ਸਿੰਘ ਸੱਤ ਏਕੜ, ਮਨਿੰਦਰ ਸਿੰਘ ਛੇ ਏਕੜ ਤੇ ਹੋਰ ਕਈ ਪਿੰਡਾਂ ਵਿਚ ਵੀ ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਵੱਲੋਂ ਕੀਤੀ ਗਈ ਹੈ।
‘ਆਪ’ ਆਗੂ ਜੱਸੀ ਸੇਖੋਂ ਨੇ ਸਿੱਧੀ ਬਿਜਾਈ ਸ਼ੁਰੂ ਕਰਵਾਈ
ਧੂਰੀ (ਨਿੱਜੀ ਪੱਤਰ ਪ੍ਰੇਰਕ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕਾ ਧੂਰੀ ਦੇ ਪਿੰਡ ਦੌਲਤਪੁਰ ਵਿੱਚ ਅਗਾਂਹਵਧੂ ਕਿਸਾਨ ਗੁਰਤੇਜ ਸਿੰਘ ਮਾਨ ਨੇ ਆਪਣੀ 13 ਏਕੜ ਜ਼ਮੀਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ, ਇਸ ਮੌਕੇ ਸਿੱਧੀ ਬਿਜਾਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਵੀਰ ਸਿੰਘ ਜੱਸੀ ਸੇਖੋਂ ਨੇ ਖੁਦ ਟਰੈਕਟਰ ਚਲਾ ਕੇ ਸ਼ੁਰੂ ਕਰਵਾਈ। ਉਨ੍ਹਾਂ ਇਸ ਮੌਕੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਗੁਰਤੇਜ ਸਿੰਘ ਮਾਨ ਨੂੰ ਵੀ ਮੁਬਾਰਕਬਾਦ ਦਿੱਤੀ ਤੇ ਹੋਰ ਕਿਸਾਨਾਂ ਨੂੰ ਵੀ ਪ੍ਰੇਰਿਆ।