ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਮੰਗਿਆ

ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਮੰਗਿਆ

ਪਿੰਡ ਖੋਖਰ ਖੁਰਦ ਵਿੱਚ ਨੁਕਸਾਨੀ ਨਰਮੇ ਦੀ ਫ਼ਸਲ ਦਿਖਾਉਂਦੇ ਹੋਏ ਕਿਸਾਨ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ

ਮਾਨਸਾ, 1 ਅਗਸਤ 

ਜ਼ਿਲ੍ਹੇ ਵਿੱਚ 10 ਦਿਨ ਪਹਿਲਾਂ ਹੋਈ ਭਾਰੀ ਬਰਸਾਤ ਨਾਲ ਪਾਣੀ ਵਿੱਚ ਡੁੱਬਣ ਕਰਕੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋ ਗਈ, ਜਿਸ  ਵਿੱਚ ਝੋਨਾ, ਨਰਮਾ, ਸਬਜ਼ੀਆਂ ਅਤੇ ਹਰਾ-ਚਾਰਾ ਸ਼ਾਮਲ ਹਨ। ਇਕੱਲੇ ਖੋਖਰ ਖੁਰਦ ਪਿੰਡ ਵਿੱਚ  300 ਏਕੜ ਦੇ ਲਗਭਗ ਬਿਲਕੁਲ ਨਸ਼ਟ ਹੋ ਗਈ। 

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ  ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਅਜੇ ਤੱਕ ਕਿਸੇ ਵੀ ਕਿਸਾਨ ਦੇ  ਖੇਤ ਦਾ ਮੌਕਾ ਦੇਖ ਕੇ ਮੁਆਵਜ਼ੇ ਦੀ ਰਿਪੋਰਟ ਤਿਆਰ ਨਹੀਂ ਕੀਤੀ। ਉਨ੍ਹਾਂ ਖੁਦ ਆਪਣੀ ਟੀਮ ਦੇ ਨਾਲ ਖੋਖਰ ਖੁਰਦ ਦੇ ਕਿਸਾਨਾਂ ਦੇ ਖੇਤਾਂ ਦਾ ਮੌਕਾ ਦੇਖਿਆ, ਪਾਣੀ ਨਾਲ ਫ਼ਸਲਾਂ ਸੜ੍ਹ ਚੁੱਕੀਆਂ ਹਨ। ਕਿਸਾਨਾਂ ਨੇ ਦੱਸਿਅਾ ਕਿ ਖੇਤਾਂ ਵਿੱਚ ਅਜੇ ਵੀ ਪਾਣੀ ਖੜ੍ਹਾ ਹੈ, ਜਿਸ ਕਾਰਨ ਹੋਰ ਫ਼ਸਲਾਂ ਬੀਜਣ ਦੀ ਕੋਈ ਉਮੀਦ ਨਹੀਂ ਬਚੀ ਅਤੇ ਝੋਨੇ ਦੀ ਬਿਜਾਈ ਦਾ ਸਮਾਂ ਵੀ ਲੰਘ ਚੁੱਕਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੂਰੇ ਜ਼ਿਲ੍ਹੇ ਵਿੱਚ ਬਾਰਸ਼ਾਂ ਨਾਲ ਮਰੀਆਂ ਫ਼ਸਲਾਂ ਦੀ  ਗਿਰਦਾਵਰੀਆਂ ਕਰਵਾ ਕੇ ਪੀੜਤ ਕਿਸਾਨਾਂ ਨੂੰ 40 ਹਜ਼ਾਰ ਰੁਪਏ ਪ੍ਰਤੀ ਏਕਤਾ ਮੁਆਵਜ਼ਾ ਦਿੱਤਾ  ਜਾਵੇ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਖੜ੍ਹੇ ਪਾਣੀ ਨੂੰ ਧਰਤੀ ਹੇਠ ਸੁੱਟਣ ਲਈ ਕੇਪਟੀਆਂ  (ਬੋਰ) ਕਰਨ ਲਈ ਆਰਥਿਕ ਮਦਦ ਤੁਰੰਤ ਦਿੱਤੀ ਜਾਵੇ। 

ਵਿਧਾਇਕ ਵੱਲੋਂ ਖੇਤਾਂ ਦਾ ਦੌਰਾ 

ਬੋਹਾ (ਨਿਰੰਜਣ ਬੋਹਾ): ਆਮ ਆਦਮੀ ਪਾਰਟੀ ਨਾਲ ਸਬੰਧਤ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਬੋਹਾ ਇਲਾਕੇ ਦੇ ਪਿੰਡ ਦਲੇਲ ਵਾਲਾ, ਮਲਕੋ, ਆਲਮਪੁਰ ਮੰਦਰਾਂ, ਗਾਮੀਵਾਲਾ  ਰਿਉਂਦ ਕਲਾਂ, ਸੇਰਖਾਂ ਵਾਲਾ ਤੇ ਮੰਘਾਣੀਆ  ਦਾ ਦੌਰਾ ਕਰਕੇ ਮੀਂਹ ਕਾਰਲ ਨੁਕਸਾਨੀਆਂ ਫਸਲਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੀ ਨੀਵੇ ਧਰਾਤਲ ਦੀ ਹਜ਼ਾਰਾ ਏਕੜ ਜ਼ਮੀਨ ਪਾਣੀ ਦੀ ਮਾਰ ਹੇਠ ਆਉਣ ਕਾਰਨ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੀ  ਦਿੱਲੀ ਸਰਕਾਰ  ਦੀ ਤਰ੍ਹਾਂ ਬਰਬਾਦ ਹੋਈਆਂ  ਫਸਲਾਂ ਦੀ ਤਰੁੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਲਈ 20,000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਕਰੇ। ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਜ਼ਿਲ੍ਹਾ ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ( ਵਿਕਾਸ)  ਨੂੰ ਵੀ ਇਕ ਪੱਤਰ ਲਿਖ ਕੇ  ਪੰਚਾਇਤਾਂ ਨੂੰ ਕੈਪਟੀਆਂ ਲਾਉਣ ਦੇ ਅਧਿਕਾਰ ਦਿੱਤੇ ਜਾਣ ਦੀ ਮੰਗ ਵੀ  ਕੀਤੀ ਹੈ ਤਾਂ ਕਿ ਹਰ ਸਾਲ  ਹੁੰਦੇ ਫਸਲਾਂ  ਦੇ ਨੁਕਸਾਨ ਨੂੰ ਰੋਕਿਆ ਜਾ ਸਕੇ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All