ਗੁਰਪ੍ਰੀਤ ਸਿੰਘ
ਘਨੌਰ, 8 ਸਤੰਬਰ
ਕਿਸਾਨ-ਮਜ਼ਦੂਰ ਲੋਕ ਹਿੱਤ ਸੰਘਰਸ਼ ਕਮੇਟੀ ਦੀ ਮੀਟਿੰਗ ਇਸ ਦੇ ਆਗੂਆਂ ਬੇਅੰਤ ਸਿੰਘ ਝੁੰਗੀਆ, ਮੇਜਰ ਸਿੰਘ ਭੱਟਮਾਜਰਾ, ਗੁਰਚਰਨ ਸਿੰਘ ਕਪੂਰੀ ਤੇ ਵਰਿੰਦਰ ਸਿੰਘ ਰੁੜਕਾ ਦੀ ਸਾਂਝੀ ਅਗਵਾਈ ਵਿੱਚ ਹੋਈ। ਜਿਸ ਵਿੱਚ ਕਿਸਾਨੀ ਨੂੰ ਦਰਪੇਸ਼ ਮੁਸ਼ਕਿਲਾਂ ਵਿਚਾਰੀਆਂ ਗਈਆਂ ਤੇ ਸੰਘਰਸ਼ ਕਮੇਟੀ ਆਗੂਆਂ ਵੱਲੋਂ 15 ਸਤੰਬਰ ਤੋਂ ਪਟਿਆਲਾ ਵਿੱਚ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਏ ਜਾ ਰਹੇ ਮੋਰਚੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸੰਘਰਸ਼ ਕਮੇਟੀ ਆਗੂਆਂ ਨੇ ਆਖਿਆ ਕਿ ਕੋਵਿਡ-19 ਦੀ ਮਹਾਮਾਰੀ ਦੀ ਆੜ ਹੇਠ ਕੇਂਦਰ ਸਰਕਾਰ ਵੱਲੋਂ ਕਿਸਾਨ-ਮਜ਼ਦੂਰ ਵਿਰੋਧੀ ਬਿਜਲੀ ਬਿੱਲ-2020 ਤੇ ਆਰਡੀਨੈਂਸ ਜਾਰੀ ਕੀਤੇ ਗਏ ਹਨ। ਜਿਹੜੇ ਕਿ ਪੰਜਾਬ ਦੀ ਕਿਸਾਨੀ ਲਈ ਤਬਾਹਕੁਨ ਸਾਬਿਤ ਹੋਣਗੇ। ਇਨ੍ਹਾਂ ਆਰਡੀਨੈਂਸਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ 15 ਸਤੰਬਰ ਤੋਂ ਪਟਿਆਲਾ ਵਿੱਚ ਲਗਾਏ ਜਾ ਰਹੇ ਪੱਕੇ ਮੋਰਚੇ ਵਿੱਚ ਕਿਸਾਨ-ਮਜ਼ਦੂਰ ਹਿੱਤ ਸੰਘਰਸ਼ ਕਮੇਟੀ ਦੇ ਵੱਡੀ ਗਿਣਤੀ ਕਾਰਕੁਨ ਸ਼ਾਮਲ ਹੋਣਗੇ ਤਾਂ ਜੋ ਮੋਰਚੇ ਦੇ ਸੰਘਰਸ਼ ਨੂੰ ਹੋਰ ਮਜਬੂਤੀ ਨਾਲ ਲੜਿਆ ਜਾ ਸਕੇ। ਇਸ ਮੌਕੇ ਬੇਅੰਤ ਸਿੰਘ ਝੁੰਗੀਆ ਨੇ ਆਖਿਆ ਕਿ ਕਿਸਾਨ, ਮਜ਼ਦੂਰ ਹਿੱਤ ਸੰਘਰਸ਼ ਕਮੇਟੀ ਵੱਲੋਂ ਜਲਦੀ ਹੀ ਪਿੰਡ ਪੱਧਰ ’ਤੇ ਨੌਜਵਾਨ ਕਿਸਾਨ ਇਕਾਈਆਂ ਦਾ ਗਠਨ ਕੀਤਾ ਜਾਵੇਗਾ। ਜਿਸ ਦਾ 18 ਤੋਂ 40 ਸਾਲ ਉਮਰ ਤੱਕ ਦੇ ਕਿਸਾਨਾਂ ਨੂੰ ਮੈਂਬਰ ਤੇ ਅਹੁਦੇਦਾਰ ਬਣਾਇਆ ਜਾਵੇਗਾ।
ਇਸ ਮੌਕੇ ਝੁੰਗੀਆ ਨੇ ਐਲਾਨ ਕੀਤਾ ਕਿ ਕਿਸਾਨ, ਮਜ਼ਦੂਰ ਵਿਰੋਧੀ ਬਿੱਲਾਂ ਦੇ ਹੱਕ ’ਚ ਭੁਗਤਣ ਵਾਲੇ ਅਕਾਲੀ-ਭਾਜਪਾ ਗੱਠਜੋੜ ਦੇ ਆਗੂਆਂ ਦੇ ਘਰਾਂ ਦਾ ਸੰਘਰਸ਼ ਕਮੇਟੀ ਦੇ ਕਾਰਕੁਨਾਂ ਵੱਲੋਂ ਘਿਰਾਓ ਕੀਤਾ ਜਾਵੇਗਾ।